ਸੀਨੀਅਰ ਆਗੂਆਂ ਦੀ ਅਣਦੇਖੀ ਕਾਰਣ ਕਾਂਗਰਸ ਵਿਚ ਵਧਿਆ ਜਨਰੇਸ਼ਨ ਕਲੈਸ਼

03/13/2020 10:03:05 AM

ਜਲੰਧਰ (ਚੋਪੜਾ)- ਤੇਜ਼-ਤਰਾਰ ਅਤੇ ਨੌਜਵਾਨ ਆਗੂ ਜਿਓਤਿਰਦਿਤਿਆ ਸਿੰਧੀਆ ਦੀ ਬਗਾਵਤ ਨੇ ਇਕ-ਵਾਰ ਫਿਰ ਸਾਬਿਤ ਕਰ ਦਿੱਤਾ ਕਿ ਕਾਂਗਰਸ ਪਿਛਲੇ ਕੁਝ ਸਾਲਾਂ ਦੌਰਾਨ ਜਨਰੇਸ਼ਨ ਕਲੈਸ਼ ਨੂੰ ਰੋਕ ਨਹੀਂ ਸਕੀ। ਸੀਨੀਅਰ ਆਗੂਆਂ ਅਤੇ ਨੌਜਵਾਨ ਤੁਰਕਾਂ ਦਰਮਿਆਨ ਵਧਦੇ ਕਲੈਸ਼ ਨਾਲ ਪਾਰਟੀ ਨੂੰ ਇਸ ਵਾਰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਸਿੰਧੀਆ ਦੇ ਕਾਂਗਰਸ ਦੇ ਹੱਥ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦੇ ਉਪਰਲੇ ਅਹੁਦਿਆਂ ’ਤੇ ਬੈਠੇ ਸੀਨੀਅਰ ਆਗੂਆਂ ਅਤੇ ਨੌਜਵਾਨ ਤੁਰਕਾਂ ਦਰਮਿਆਨ ਖਿੱਚੋਤਾਣ ਨੂੰ ਇਕ ਵਾਰ ਫਿਰ ਸੁਰਖੀਆਂ ਵਿਚ ਲਿਆ ਦਿੱਤਾ ਹੈ। ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਜਦੋਂ ਰਾਹੁਲ ਗਾਂਧੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਵਲੋਂ ਪ੍ਰਚਾਰਿਤ ਟੀਮ ਵਿਚ ਸ਼ਾਮਲ ਨੌਜਵਾਨ ਤੁਰਕਾਂ ਵਲੋਂ ਉਨ੍ਹਾਂ ਨੂੰ ਅਲੱਗ-ਥਲੱਗ ਮਹਿਸੂਸ ਕਰਵਾਉਣ ਤੇ ਦਰਕਿਨਾਰ ਕਰਨ ਨੂੰ ਲੈ ਕੇ ਪਾਰਟੀ ਹਾਈਕਮਾਨ ਵਲੋਂ ਨਿਰਾਸ਼ਾ ਪ੍ਰਗਟ ਕੀਤੀ ਜਾ ਰਹੀ ਹੈ।ਕੋਈ ਸੁਣਵਾਈ ਨਾ ਹੋਣ ਕਾਰਣ ਸੀਨੀਅਰ ਲੀਡਰਸ਼ਿਪ ਖਿਲਾਫ ਵਿਰੋਧਤਾ ਦੀ ਅੱਗ ਪਿਛਲੇ ਲੰਬੇ ਸਮੇਂ ਤੋਂ ਭੜਕ ਰਹੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਹਾਈਕਮਾਂਡ ਨੇ ਇਸ ਵਿਰੋਧਤਾ ਨੂੰ ਹਲਕੇ ਵਿਚ ਲਿਆ, ਜਿਸ ਦਾ ਖਮਿਆਜ਼ਾ ਹੁਣ ਕਾਂਗਰਸ ਨੂੰ ਵੱਡੇ ਪੱਧਰ ’ਤੇ ਭੁਗਤਣਾ ਪੈ ਰਿਹਾ ਹੈ।

ਭਾਵੇਂ ਸਿੰਧੀਆ ਪਹਿਲੇ ਨੌਜਵਾਨ ਆਗੂ ਨਹੀਂ ਹਨ, ਜਿਨ੍ਹਾਂ ਨੇ ਪਾਰਟੀ ਨੂੰ ਛੱਡਿਆ ਹੋਵੇ, ਉਨ੍ਹਾਂ ਤੋਂ ਪਹਿਲਾਂ ਅਜੋਯ ਕੁਮਾਰ (ਝਾਰਖੰਡ ਕਾਂਗਰਸ ਮੁਖੀ), ਪ੍ਰਦਿਓਤ ਮਾਣਿਕਯ (ਤ੍ਰਿਪੁਰਾ ਕਾਂਗਰਸ ਮੁਖੀ) ਤੇ ਅਸ਼ੋਕ ਤੰਵਰ (ਹਰਿਆਣਾ ਕਾਂਗਰਸ ਮੁਖੀ) ਵਰਗੇ ਸੀਨੀਅਰ ਆਗੂ ਵੀ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਹਨ, ਜਿਨ੍ਹਾਂ ਨੂੰ ਰਾਹੁਲ ਗਾਂਧੀ ਆਪਣੇ ਪ੍ਰਧਾਨ ਹੋਣ ਦੌਰਾਨ ਕਾਫੀ ਪ੍ਰਚਾਰਿਤ ਕਰਦੇ ਸਨ। ਤ੍ਰਿਪੁਰਾ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਸਿੰਧੀਆ ਪਰਿਵਾਰ ਦੇ ਕਰੀਬੀ ਪ੍ਰਦਿਓਤ ਮਾਣਿਕਯ ਦੇਬ ਬਰਮਾ ਨੇ ਦਾਅਵਾ ਕੀਤਾ ਸੀ ਕਿ ਜਿਓਤਿਰਦਿਤਿਆ ਸਿੰਧਿਆ ਨੂੰ ਰਾਹੁਲ ਗਾਂਧੀ ਨਾਲ ਮਹੀਨਿਆਂ ਤੋਂ ਮਿਲਣ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਰਾਹੁਲ ’ਤੇ ਦੋਸ਼ ਲਾਇਆ ਕਿ ਜੇਕਰ ਉਹ ਸਾਨੂੰ ਨਹੀਂ ਸੁਣਨਾ ਚਾਹੁੰਦੇ ਸਨ ਤਾਂ ਸਾਨੂੰ ਪਾਰਟੀ ਵਿਚ ਕਿਉਂ ਲਿਆਂਦਾ। ਪ੍ਰਦਿਓਤ ਨੇ ਕਿਹਾ ਕਿ ਕਾਂਗਰਸ ਨੂੰ ਵੇਖ ਦੁੱਖ ਹੁੰਦਾ ਹੈ। ਅਸੀਂ ਸਾਰੇ ਸੋਚਦੇ ਹਾਂ ਕਿ ਅਗਲੇ ਇਕ ਦਹਾਕੇ ਤੱਕ ਪਾਰਟੀ ਆਪਣੇ ਸਾਰੇ ਨੌਜਵਾਨ ਆਗੂਆਂ ਨੂੰ ਗੁਆ ਲਵੇਗੀ। ਸਿੰਧੀਆ ਨੇ ਮੰਗਲਵਾਰ ਨੂੰ ਕਾਂਗਰਸ ਤੋਂ ਅਸਤੀਫਾ ਦੇ ਕੇ ਪਾਰਟੀ ਨੂੰ ਇਕ ਵੱਡਾ ਝਟਕਾ ਤਾਂ ਦਿੱਤਾ ਪਰ ਨਾਲ ਉਹ ਹੋਰ ਕਈ ਕਾਂਗਰਸੀ ਆਗੂਆਂ ਨੂੰ ਸੀਨੀਅਰ ਲੀਡਰਸ਼ਿਪ ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਪ੍ਰੇਰਿਤ ਕਰ ਗਏ।

ਹਰਿਆਣਾ ਕਾਂਗਰਸ ਦੇ ਆਗੂ ਅਤੇ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਟਵਿਟਰ ’ਤੇ ਲਿਖਿਆ ਕਿ ਸਿੰਧੀਆ ਪਾਰਟੀ ਵਿਚ ਇਕ ਕੇਂਦਰੀ ਥੰਮ੍ਹ ਸਨ। ਉਨ੍ਹਾਂ ਨੂੰ ਕਾਂਗਰਸ ਵਿਚ ਬਣੇ ਰਹਿਣ ਲਈ ਕਾਂਗਰਸ ਲੀਡਰਸ਼ਿਪ ਨੂੰ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਸੀ। ਉਨ੍ਹਾਂ ਵਰਗੇ ਕਾਂਗਰਸ ਵਿਚ ਕਈ ਸਮਰਪਿਤ ਆਗੂ ਹਨ, ਜੋ ਅੱਜ ਖੁਦ ਨੂੰ ਵੱਖ-ਵੱਖ ਮਹਿਸੂਸ ਕਰਦੇ ਹਨ। ਬਿਸ਼ਨੋਈ ਨੇ ਇਕ ਹੋਰ ਟਵੀਟ ਵਿਚ ਕਾਂਗਰਸ ਨੂੰ ਸੁਝਾਅ ਦਿੱਤਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਹੁਣ ਅਜਿਹੇ ਨੌਜਵਾਨ ਆਗੂਆਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਜਿਨ੍ਹਾਂ ਵਿਚ ਮਿਹਨਤ ਨਾਲ ਕੰਮ ਕਰਨ ਦੀ ਸਮਰਥਾ ਹੈ। ਅਜਿਹੇ ਹਾਲਾਤ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਪੰਜਾਬ ’ਚ ਬਣੇ ਹੋਏ ਹਨ। ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਜੋ ਮੁੱਖ ਮੰਤਰੀ ਬਣਦੇ ਹਨ ਜਾਂ ਸੱਤਾ ਵਿਚ ਹੁੰਦੇ ਹਨ ਉਹ ਹੋਰ ਸੀਨੀਅਰ ਆਗੂਆਂ ਦੇ ਬਾਰੇ ਨਹੀਂ ਸੋਚਦੇ। ਪਾਰਟੀ ਨੂੰ ਸੂਬੇ ਦੇ ਹਰੇਕ ਆਗੂ ਨੂੰ ਵਿਸ਼ਵਾਸ ਵਿਚ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਮੁੰਬਈ ਕਾਂਗਰਸ ਦੇ ਸਾਬਕਾ ਮੁਖੀ ਸੰਜੇ ਨਿਰੁਪਮ ਨੇ ਕਿਹਾ ਕਿ ਸਿੰਧੀਆ ਮੱਧ ਪ੍ਰਦੇਸ਼ ਵਿਚ ਸਰਕਾਰ ਜਾਂ ਪਾਰਟੀ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਨ੍ਹਾਂ ਦੀ ਲਗਾਤਾਰ ਹੋ ਰਹੀ ਅਣਦੇਖੀ ਨੂੰ ਲੈ ਕੇ ਉਨ੍ਹਾਂ ਹਾਈਕਮਾਨ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਸੀ।

ਪਾਰਟੀ ਹਾਈ ਕਮਾਨ ਨੂੰ ਆਪਣੀ ਭੂਮਿਕਾ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਮਾਮਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ ਪਰ ਇੰਝ ਲੱਗਦਾ ਹੈ ਕਿ ਜੋ ਲੋਕ ਉੱਚ ਅਹੁਦਿਆਂ ਅਤੇ ਸੱਤਾ ’ਤੇ ਕਾਬਜ਼ ਹਨ ਉਹ ਦੂਜਿਆਂ ਨੂੰ ਖਤਮ ਕਰਨਾ ਚਾਹੁੰਦੇ ਹਨ। ਰਾਜਸਥਾਨ ’ਚ ਕਾਂਗਰਸ ਵਿਚ ਅੰਦਰੂਨੀ ਕਲੇਸ਼ ਕਿਸੇ ਤੋਂ ਲੁਕਿਆ ਨਹੀਂ। 1018 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਸਿੰਧੀਆ ਦੇ ਕਾਂਗਰਸ ਨੂੰ ਛੱਡਣ ਮਗਰੋਂ ਹੁਣ ਅਜਿਹੀਆਂ ਅਫਵਾਹਾਂ ਜ਼ੋਰ ਫੜ ਰਹੀਆਂ ਹਨ ਕਿ ਕੁਝ ਹੋਰ ਨੌਜਵਾਨ ਤੁਰਕ ਪਾਰਟੀ ਛੱਡ ਸਕਦੇ ਹਨ। ਸਿੰਧੀਆ ਨੇ ਆਪਣੇ ਅਸਤੀਫੇ ਵਿਚ ਸੋਨੀਆ ਗਾਂਧੀ ਨੂੰ ਕਿਹਾ ਹੈ ਕਿ ਇਸ ਰਸਤੇ ’ਤੇ ਉਹ ਪਿਛਲੇ ਸਾਲ ਤੋਂ ਅੱਗੇ ਵਧ ਰਹੇ ਸਨ। ਇਸ ਤੋਂ ਸਪੱਸ਼ਟ ਕਿ ਖੁਦ ਦੇ ਖਿਲਾਫ ਮੁੱਖ ਮੰਤਰੀ ਕਮਲਨਾਥ ਅਤੇ ਦਿਗਵਿਜੇ ਦੇ ਨਾਲ ਹੱਥ ਮਿਲਾਉਣ ਵਿਚ ਉਹ ਅਸਹਿਜ ਮਹਿਸੂਸ ਕਰ ਰਹੇ ਸਨ। ਜੋ ਵੀ ਹੋਵੇ, ਸਿੰਧੀਆ ਐਪੀਸੋਡ ਨੇ ਸਾਫ ਕਰ ਦਿੱਤਾ ਕਿ ਨੌਜਵਾਨ ਤੁਰਕਾਂ ਨੂੰ ਨਜ਼ਰਅੰਦਾਜ਼ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਹੈ।

rajwinder kaur

This news is Content Editor rajwinder kaur