ਵਿਕਾਸ ਦੇ ਮਾਮਲੇ ''ਚ ''ਕਾਗਜ਼ੀ ਸ਼ੇਰ'' ਹਨ ਰਾਣਾ: ਕਟਾਰੀਆ

04/15/2018 3:57:42 PM

ਕਪੂਰਥਲਾ (ਜ. ਬ)— ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਸ਼ਹਿਰ 'ਚ ਵਧੇਰੇ ਸੜਕਾਂ, ਸਫਾਈ, ਸਟ੍ਰੀਟ ਲਾਈਟਾਂ, ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਬਹੁਤ ਹੀ ਘਟੀਆ ਹੋਣ, ਜ਼ਰੂਰਤ ਅਨੁਸਾਰ ਸਫਾਈ ਸੇਵਕਾਂ ਦੀ ਭਰਤੀ ਨਾ ਕਰਨ ਅਤੇ ਇਸ ਨਾਲ ਲੋਕਾਂ ਦੀਆਂ ਸਮੱਸਿਆਵਾਂ 'ਚ ਵਾਧਾ ਹੋਣ ਦਾ ਸਖਤ ਨੋਟਿਸ ਲੈਂਦੇ ਹੋਏ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਵਿਕਾਸ ਦੇ ਮਾਮਲੇ 'ਚ ਕਥਿਤ 'ਕਾਗਜ਼ੀ ਸ਼ੇਰ' ਕਰਾਰ ਦਿੱਤਾ ਹੈ। 


ਉਨ੍ਹਾਂ ਕਿਹਾ ਕਿ ਕਿਸੇ ਸਮੇਂ ਪੰਜਾਬ ਦਾ ਪੈਰਿਸ ਕਹੇ ਜਾਣ ਵਾਲੇ ਰਿਆਸਤੀ ਸ਼ਹਿਰ ਕਪੂਰਥਲਾ ਦੀ ਵਿਕਾਸ ਦੇ ਮਾਮਲੇ 'ਚ ਬਹੁਤ ਹੀ ਤਰਸਯੋਗ ਹਾਲਤ ਦੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਇਸ ਦੀ ਦੇਖ-ਰੇਖ ਅਤੇ ਸੰਭਾਲ ਦਾ ਪ੍ਰਬੰਧ 'ਬਰਬਾਦੀ ਦੇ ਪਰਵਾਨਿਅ' ਦੇ ਹੱਥ 'ਚ ਚਲਿਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੂੰ ਨਿੱਜੀ ਸੁਆਰਥਾਂ ਨੂੰ ਤੁਰੰਤ ਤਿਆਗ ਕੇ ਆਪਣਾ ਧਿਆਨ ਸ਼ਹਿਰ ਤੇ ਲੋਕ ਹਿੱਤ ਦੇ ਕੰਮਾਂ 'ਚ ਲਗਾਉਣਾ ਚਾਹੀਦਾ ਹੈ। ਪੀ. ਡਬਲਿਊ. ਡੀ. ਅਤੇ ਨਗਰ ਕੌਂਸਲ ਸੜਕਾਂ ਦੀ ਹਾਲਤ 'ਚ ਸੁਧਾਰ ਕਰਨ 'ਚ ਤਮਾਸ਼ਬੀਨ ਸਿੱਧ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਦੇ 10 ਸਾਲ ਦੇ ਸ਼ਾਸਨ 'ਚ ਰਾਣਾ ਵੱਲੋਂ ਇਹ ਕਹਿਣਾ ਹੈ ਕਿ ਪੰਜਾਬ 'ਚ ਕਾਂਗਰਸ ਦਾ ਸ਼ਾਸਨ ਨਾ ਹੋਣ ਕਰਕੇ ਮੈਂ ਸ਼ਹਿਰ ਦਾ ਵਿਕਾਸ ਕਰਵਾਉਣ 'ਚ ਅਸਮਰੱਥ ਹਾਂ ਅਤੇ ਹੁਣ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੋਣ ਦੇ ਬਾਅਦ ਵੀ ਸ਼ਹਿਰ 'ਚ ਸੜਕਾਂ, ਸਫਾਈ, ਸਟ੍ਰੀਟ ਲਾਈਟਾਂ, ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਘਟੀਆ ਵਿਵਸਥਾ ਦਾ ਜਾਰੀ ਰਹਿਣਾ ਲੋਕਾਂ ਦੇ ਦਿਲ-ਦਿਮਾਗ 'ਚ ਕਈ ਸੁਆਲਾਂ ਨੂੰ ਜਨਮ ਦੇ ਰਿਹਾ ਹੈ। 
ਕਟਾਰੀਆ ਨੇ ਚਿਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ, ਜ਼ਿਲਾ ਪ੍ਰਸ਼ਾਸਨ ਖਾਸਕਰ ਨਗਰ ਕੌਂਸਲ ਨੇ ਸ਼ਹਿਰ ਨੂੰ ਵਿਕਾਸ ਦੀ ਪਟੜੀ 'ਤੇ ਲਿਆਉਣ ਲਈ ਕੁਝ ਖਾਸ ਨਾ ਕੀਤਾ ਤਾਂ ਸ਼ਿਵ ਸੈਨਾ (ਬਾਲ ਠਾਕਰੇ) ਉਨ੍ਹਾਂ ਵਿਰੁੱਧ ਸੜਕਾਂ 'ਤੇ ਆਉਣ ਤੋਂ ਗੁਰੇਜ਼ ਨਹੀਂ ਕਰੇਗੀ। ਇਸ ਮੌਕੇ ਸ਼ਿਵ ਸੈਨਾ ਆਗੂ ਰਾਜੇਸ਼ ਕਨੌਜੀਆ (ਸ਼ੇਖੂਪੁਰ) ਵੀ ਹਾਜ਼ਰ ਸਨ।