ਕੋਹਾੜ ਵਰਗੇ ਸਮਾਜ ਸੁਧਾਰਕ ਸਿਆਸੀ ਆਗੂ ਦੀ ਸਮਾਜ ਨੂੰ ਹਮੇਸ਼ਾ ਲੋੜ: ਸਤਪਾਲ ਮੱਲ

02/14/2018 2:34:51 PM

ਕਰਤਾਰਪੁਰ (ਸਾਹਨੀ)— ਦੁਆਬੇ ਵਿਚ ਅਕਾਲੀ ਦਲ ਨੂੰ ਮਜ਼ਬੂਤੀ ਦੇਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਆਪਣੀ ਇਕ ਸਿਆਸੀ ਦਲ ਪਛਾਣ ਦੇ ਨਾਲ-ਨਾਲ ਸਮਾਜ ਸੁਧਾਰਕ, ਪਾਰਟੀ ਪੱਧਰ ਤੋਂ ਉਪਰ ਉੱਠ ਕੇ ਜ਼ਰੂਰਤਮੰਦਾਂ ਦੇ ਕੰਮ ਆਉਣ ਵਾਲੀ ਵੀ ਪਛਾਣ ਬਣਾਈ ਸੀ ਅਤੇ ਅਜਿਹੇ ਨਿਧੜਕ ਆਗੂ ਦੀ ਸਮਾਜ ਨੂੰ ਹਮੇਸ਼ਾ ਲੋੜ ਰਹੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੇਠ ਸੱਤਪਾਲ ਮੱਲ ਨੇ ਕਰਤਾਰਪੁਰ ਤੋਂ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਸ਼ਰਧਾਂਜਲੀ ਸਮਾਗਮ ਵਿਚ ਭਾਗ ਲੈਣ ਜਾਣ ਤੋਂ ਪਹਿਲਾਂ ਕਰਤਾਰਪੁਰ ਦਾਣਾ ਮੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਜਥੇਦਾਰ ਕੋਹਾੜ ਨੇ ਪਾਰਟੀ ਦੇ ਜ਼ਿਲਾ ਪ੍ਰਧਾਨ ਵਜੋਂ ਵੀ ਆਪਣੀ ਜ਼ਿੰਮੇਵਾਰੀ ਸੰਜੀਦਗੀ ਨਾਲ ਨਿਭਾਈ ਅਤੇ ਪਾਰਟੀ ਨੂੰ ਵਿਸ਼ੇਸ਼ਕਰ ਦਿਹਾਤੀ ਖੇਤਰ ਵਿਚ ਮਜ਼ਬੂਤੀ ਦਿੱਤੀ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਸ. ਅਜੀਤ ਸਿੰਘ ਕੋਹਾੜ ਦਾ ਕਰਤਾਰਪੁਰ ਦੀ ਧਰਤੀ ਨਾਲ ਬਹੁਤ ਮੋਹ ਸੀ, ਚਾਹੇ ਕਰਤਾਰਪੁਰ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਮੰਗ ਹੋਵੇ, ਪੁਲਸ ਥਾਣੇ ਦੀ ਪੱਕੀ ਬਿਲਡਿੰਗ, ਦਾਣਾ ਮੰਡੀ ਦੇ ਕਈ ਅਹਿਮ ਮਸਲਿਆਂ ਦੇ ਨਾਲ-ਨਾਲ ਜੰਗੇ ਆਜ਼ਾਦੀ ਯਾਦਗਾਰ ਨੂੰ ਕਰਤਾਰਪੁਰ ਵਿਚ ਬਣਾਉਣ ਦੀ ਮੰਗ ਨੂੰ ਪਾਰਟੀ ਹਾਈਕਮਾਨ ਤੱਕ ਪੂਰੇ ਜ਼ੋਰ ਨਾਲ ਪਹੁੰਚਾਉਣ ਲਈ ਹਮੇਸ਼ਾ ਹਲਕੇ ਦੇ ਆਗੂਆ ਦਾ ਸਾਥ ਦਿੱਤਾ। 
ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਜਿੰਦਰ ਸਿੰਘ ਭਤੀਜਾ ਨੇ ਕਿਹਾ ਕਿ ਜਥੇਦਾਰ ਕੋਹਾੜ ਦੁਆਬੇ ਦੇ ਸੀਨੀਅਰ ਆਗੂ ਹੋਣ ਦੇ ਨਾਲ-ਨਾਲ ਪਾਰਟੀ ਦੀ ਰੀੜ੍ਹ ਦੀ ਹੱਡੀ ਵੀ ਸਨ ਅਤੇ ਜ਼ਿਲਾ ਜਲੰਧਰ ਦਿਹਾਤੀ ਨੂੰ ਉਨ੍ਹਾਂ ਹਰ ਪੱਖੋਂ ਮਜ਼ਬੂਤੀ ਦਿੱਤੀ। ਇਸ ਮੌਕੇ ਹਾਜ਼ਰ ਪਾਰਟੀ ਆਗੂਆਂ ਵਿਚ ਅਜੀਤ ਸਿੰਘ ਸਰਾਏ, ਲਖਬੀਰ ਸਿੰਘ ਮਲੀਆਂ, ਗੁਰਦੀਪ ਸਿੰਘ ਕਾਲਾ ਬਾਹੀਆ, ਮਨਜੀਤ ਸਿੰਘ ਕੌਂਸਲਰ, ਕੁਲਵਿੰਦਰ ਸਿੰਘ ਲੱਡੀ ਸਾਬਕਾ ਕੌਂਸਲਰ, ਬਲਦੇਵ ਸਿੰਘ ਸ਼ਿਵਦਾਸਪੁਰ, ਸੁਖਦੇਵ ਸਿੰਘ ਬਾਹੀਆ, ਅਮਰਜੀਤ ਸਿੰਘ ਜੰਡੇ ਸਰਾਏ, ਕੇਵਲ ਸਿੰਘ, ਜੋਗਾ ਸਿੰਘ ਨੰਬਰਦਾਰ, ਗੁਰਮੇਜ ਸਿੰਘ, ਕੁਲਦੀਪ ਸਿੰਘ ਖੁਸਰੋਪੁਰ ਅਤੇ ਹੋਰ ਸ਼ਾਮਲ ਸਨ। ਬਾਅਦ ਵਿਚ ਅਕਾਲੀ ਆਗੂ ਦੇ ਵੱਡੇ ਜਥੇ ਨਾਲ ਸੇਠ ਸੱਤਪਾਲ ਮੱਲ ਸ਼ਾਹਕੋਟ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਏ।