ਦਰਿਆ 'ਚੋਂ ਮਿਲੀ ਜਸ਼ਨਬੀਰ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਿਤਾ, ਕਿਹਾ-ਨਹੀਂ ਕਰਾਂਗੇ ਸਸਕਾਰ, ਰੱਖੀ ਇਹ ਮੰਗ

09/04/2023 4:28:03 PM

ਸੁਲਤਾਨਪੁਰ ਲੋਧੀ (ਧੀਰ)- ਪੁਲਸ ਤਸ਼ੱਦਦ ਤੋਂ ਪ੍ਰੇਸ਼ਾਨ ਦਰਿਆ ਬਿਆਸ ’ਚ ਛਾਲ ਮਾਰਨ ਵਾਲੇ ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ’ਚੋਂ ਮੰਡ ਧੂੰਦਾ ’ਚ ਜਸ਼ਨਬੀਰ ਸਿੰਘ ਢਿੱਲੋਂ ਦੀ ਬੀਤੇ ਦਿਨੀਂ ਲਾਸ਼ ਬਰਾਮਦ ਹੋਈ ਸੀ। ਜਸ਼ਨਬੀਰ ਸਿੰਘ ਦੀ ਲਾਸ਼ ਨੂੰ ਜਦੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਲਿਆਂਦਾ ਗਿਆ ਤਾਂ ਮਿੱਟੀ ਨਾਲ ਲਿੱਬੜੀ ਹੋਈ ਆਪਣੇ ਜਵਾਨ ਪੁੱਤ ਦੀ ਲਾਸ਼ ਵੇਖ ਕੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ ਭੁੱਬਾਂ ਮਾਰ ਕੇ ਰੋ ਪਏ। ਉਨ੍ਹਾਂ ਕਿਹਾ ਕਿ ਮੈਂ ਹੁਣ ਕਿਸ ਦੇ ਸਹਾਰੇ ਜੀਵਾਂਗਾ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਦੀ ਮੌਤ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ ਕਿ ਜਲੰਧਰ ਪੁਲਸ ਨੇ ਉਨ੍ਹਾਂ ਨੂੰ ਪਿਛਲੇ 15 ਦਿਨਾਂ ਤੋਂ ਉਲਝਾਈ ਰੱਖਿਆ ਅਤੇ ਕੋਈ ਇਨਸਾਫ਼ ਨਹੀਂ ਦਿੱਤਾ। ਉਨ੍ਹਾਂ ਨੂੰ ਬਾਬੇ ਨਾਨਕ ਦੀ ਪਵਿੱਤਰ ਧਰਤੀ ਤੋਂ ਇਨਸਾਫ਼ ਮਿਲਿਆ ਹੈ। ਉਨ੍ਹਾਂ ਅਰਦਾਸ ਕੀਤੀ ਕਿ ਵਾਹਿਗੁਰੂ ਮੇਰੇ ਦੂਜੇ ਪੁੱਤਰ ਨੂੰ ਸਹੀ ਸਲਾਮਤ ਮਿਲਾਵੇ। ਮ੍ਰਿਤਕ ਜਸ਼ਨਬੀਰ ਸਿੰਘ ਢਿੱਲੋਂ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਦ ਤੱਕ ਪੁਲਸ ਇਸ ਕੇਸ ’ਚ ਧਾਰਾ 295 ਨਹੀਂ ਜੋੜਦੀ ਅਤੇ ਉਕਤ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਨਹੀਂ ਭੇਜਦੀ, ਉਦੋਂ ਤੱਕ ਜਸ਼ਨਬੀਰ ਸਿੰਘ ਢਿੱਲੋਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਜਲੰਧਰ 'ਚ 7 ਸਾਲਾ ਬੱਚੇ ਨੂੰ 100 ਮੀਟਰ ਤੱਕ ਘੜੀਸਦੀ ਲੈ ਗਈ 'ਥਾਰ', ਪਿਓ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਨਿਕਲੀ ਜਾਨ

ਐੱਸ. ਐੱਚ. ਓ. ਨੂੰ ਬਚਾਉਣ ’ਚ ਲੱਗੇ ਜਲੰਧਰ ਪੁਲਸ ਦੇ ਉੱਚ ਅਧਿਕਾਰੀਆਂ ਨੇ ਹੁਣ ਕੀਤਾ ਕਿਨਾਰਾ
ਢਿੱਲੋਂ ਭਰਾਵਾਂ ਵੱਲੋਂ ਦਰਿਆ ’ਚ ਛਾਲ ਮਾਰਨ ਦੇ ਮਾਮਲੇ ’ਚ ਪੁਲਸ ਮੁਲਾਜ਼ਮਾਂ ਦਾ ਨਾਂ ਆਉਣ ਕਰਕੇ ਜਲੰਧਰ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਕਾਰਵਾਈ ’ਚ ਕਾਫ਼ੀ ਢਿੱਲ ਵਰਤੀ ਜਾ ਰਹੀ ਸੀ। ਕਿਤੇ ਨਾ ਕਿਤੇ ਇਹ ਅਧਿਕਾਰੀ ਆਪਣੇ ਮੁਲਾਜ਼ਮਾਂ ਨੂੰ ਬਚਾਉਣ ’ਚ ਲੱਗੇ ਹੋਏ ਸਨ ਤਾਂ ਹੀ ਕਈ ਦਿਨ ਬੀਤਣ ’ਤੇ ਮਾਮਲੇ ’ਚ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਸ਼ਨੀਵਾਰ ਰਾਤ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਮਿਲਣ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਮੁਲਜ਼ਮ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ। ਇਸ ਕਾਰਵਾਈ ਤੋਂ ਬਾਅਦ ਹੁਣ ਜਲੰਧਰ ਪੁਲਸ ਦੇ ਉੱਚ ਅਧਿਕਾਰੀਆਂ ਨੇ ਵੀ ਕਿਨਾਰਾ ਕਰ ਲਿਆ ਹੈ, ਜੋ ਆਪਣੇ ਮੁਲਾਜ਼ਮਾਂ ਨੂੰ ਬਚਾਉਣ ’ਚ ਲੱਗੇ ਹੋਏ ਸਨ।

ਕਾਨੂੰਨ ਅੱਗੇ ਵੱਡੇ ਸਿਆਸੀ ਲੀਡਰ ਦੀ ਇਕ ਨਾ ਚੱਲੀ
ਸੂਤਰਾਂ ਅਨੁਸਾਰ ਜਲੰਧਰ ’ਚ ਮੌਜੂਦਾ ਸਰਕਾਰ ਦੇ ਇਕ ਵੱਡੇ ਸਿਆਸੀ ਲੀਡਰ ਵੱਲੋਂ ਐੱਸ. ਐੱਚ. ਓ. ਸਾਹਿਬ ਨੂੰ ਬਚਾਉਣ ਲਈ ਵੀ ਪੂਰਾ ਜ਼ੋਰ ਲਾਇਆ ਜਾ ਰਿਹਾ ਸੀ, ਜਿਸ ਦੇ ਕਹਿਣ ’ਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਮਾਮਲੇ ’ਚ ਕੋਈ ਦਿਲਚਸਪੀ ਨਹੀਂ ਵਿਖਾਈ ਜਾ ਰਹੀ ਸੀ। ਕਾਨੂੰਨ ਸਾਰਿਆਂ ਲਈ ਇਕ ਹੈ, ਜੋ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਮਾਮਲੇ ’ਚ ਸ਼ਾਮਲ ਮੁਲਜ਼ਮਾਂ ਪੰਜਾਬ ਪੁਲਸ ਦੇ ਐੱਸ. ਐੱਚ. ਓ. ਸਮੇਤ 3 ਖ਼ਿਲਾਫ਼ ਕੇਸ ਦਰਜ ਕਰਕੇ ਵਿਖਾਇਆ ਹੈ। ਉਕਤ ਸਿਆਸੀ ਲੀਡਰ ਦੀ ਕਾਨੂੰਨ ਅੱਗੇ ਕੋਈ ਵਾਹਪੇਸ਼ ਨਹੀਂ ਚੱਲੀ, ਆਖਿਰ ਮੁਲਜ਼ਮਾਂ ’ਤੇ ਕਾਨੂੰਨ ਮੁਤਾਬਕ ਬਣਦਾ ਕੇਸ ਦਰਜ ਹੋ ਹੀ ਗਿਆ।

ਇਹ ਵੀ ਪੜ੍ਹੋ- ਦੋ ਭਰਾਵਾਂ ਵੱਲੋਂ ਬਿਆਸ ਦਰਿਆ 'ਚ ਛਾਲ ਮਾਰਨ ਦੇ ਮਾਮਲੇ 'ਚ ਘਿਰੇ SHO ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ

ਨਸੀਹਤ : ਪੁਲਸ ‘ਦਬੰਗ’ ਸਟਾਈਲ ਛੱਡ ਕੇ ਈਮਾਨਦਾਰੀ ਨਾਲ ਨਿਭਾਏ ਆਪਣਾ ਫਰਜ਼
ਜੇਕਰ ਪੁਲਸ ਚਾਹੁੰਦੀ ਤਾਂ ਇੰਨੀ ਵੱਡੀ ਘਟਨਾ ਨਾ ਵਾਪਰਦੀ। ਪਤੀ-ਪਤਨੀ ਦੇ ਘਰੇਲੂ ਝਗੜੇ ਨੂੰ ਦੋਵਾਂ ਧਿਰਾਂ ਦੀ ਆਪਸੀ ਸਲਾਹ ਨਾਲ ਨਿਬੇੜਿਆ ਜਾ ਸਕਦਾ ਸੀ ਪਰ ਜਲੰਧਰ ਦੇ ਥਾਣਾ ਨੰ. 1 ਦੀ ਪੁਲਸ ਨੇ ਅਜਿਹਾ ਨਹੀਂ ਕੀਤਾ, ਸਗੋਂ ਲੜਕੀ ਧਿਰ ਵੱਲੋਂ ਆਏ ਇਕ ਲੜਕੇ ’ਤੇ ਹੀ 107/51 ਦਾ ਪਰਚਾ ਦਰਜ ਕਰ ਦਿੱਤਾ, ਜੋ ਪੁਲਸ ਦਾ ਗਲਤ ਰਵੱਈਆ ਸੀ। ਇਸ ਤੋਂ ਬਾਅਦ ਇਹ ਘਟਨਾ ਵਾਪਰ ਗਈ। ਪੁਲਸ ਪ੍ਰਸ਼ਾਸਨ ਜਲੰਧਰ ਦੀ ਉਕਤ ਘਟੀਆ ਕਾਰਗੁਜ਼ਾਰੀ ਦੀ ਜਲੰਧਰ ਸ਼ਹਿਰ ਦੇ ਹਰ ਵਰਗ ਦੇ ਲੋਕਾਂ ਵੱਲੋਂ ਨਿਖੇਧੀ ਕੀਤੀ ਗਈ। ਹਰ ਵਰਗ ਦੇ ਲੋਕਾਂ ਨੇ ਦੋਵਾਂ ਭਰਾਵਾਂ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਵੀ ਕੱਢੇ। ਹੁਣ ਇੱਥੇ ਪੁਲਸ ਨੂੰ ਵੀ ਇਹ ਨਸੀਹਤ ਮਿਲਦੀ ਹੈ ਕਿ ਉਹ ‘ਦਬੰਗ’ ਸਟਾਈਲ ਛੱਡ ਕੇ ਈਮਾਨਦਾਰੀ ਨਾਲ ਆਪਣਾ ਫਰਜ਼ ਨਿਭਾਏ। ਪਤੀ-ਪਤਨੀ ਦੇ ਆਪਸੀ ਝਗੜਿਆਂ ਨੂੰ ਦੋਵਾਂ ਧਿਰਾਂ ਦੀ ਰਜ਼ਾਮੰਦੀ ਨਾਲ ਹੱਲ ਕਰੇ।

ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ: ਡੀ. ਐੱਸ. ਪੀ. ਬਬਨਦੀਪ ਸਿੰਘ
ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਕਿਹਾ ਕਿ ਮਾਮਲੇ ’ਚ ਸ਼ਾਮਲ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ ਅਤੇ ਉਨ੍ਹਾਂ ਖਿਲਾਫ ਐੱਲ. ਓ. ਸੀ. ਜਾਰੀ ਕਰ ਦਿੱਤੀ ਜਾਵੇਗੀ। ਦੂਸਰੇ ਭਰਾ ਬਾਰੇ ਪੁੱਛਣ ’ਤੇ ਡੀ. ਐੱਸ. ਪੀ. ਨੇ ਕਿਹਾ ਕਿ ਅਸੀਂ ਆਸ ਰੱਖਦੇ ਹਾਂ ਕਿ ਦੂਸਰਾ ਭਰਾ ਮਾਨਵਜੀਤ ਸਿੰਘ ਸਹੀ ਸਲਾਮਤ ਮਿਲੇ, ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਜਸਪਾਲ ਸਿੰਘ, ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਲਖਵਿੰਦਰ ਸਿੰਘ ਟੁਰਨਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਦੀ ਵੱਡੀ ਕਾਰਵਾਈ, ਸੰਭਲਣ ਦਾ ਵੀ ਨਾ ਦਿੱਤਾ ਮੌਕਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri