ਗੈਂਗਵਾਰ ਦੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਪੀ. ਸੀ. ਆਰ. ਨੇ ਚਲਾਈ ਸਰਚ ਮੁਹਿੰਮ

09/07/2017 2:45:57 AM

ਕਪੂਰਥਲਾ, (ਭੂਸ਼ਣ)-  ਪੀ. ਸੀ. ਆਰ. ਟੀਮ ਕਪੂਰਥਲਾ ਨੇ ਸੂਬੇ ਵਿਚ ਗੈਂਗਸਟਰਾਂ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਬੁੱਧਵਾਰ ਨੂੰ ਕਿਊ. ਆਰ. ਟੀ. ਟੀਮ ਦੀ ਮਦਦ ਨਾਲ ਇਕ ਵਿਸ਼ੇਸ਼ ਸਰਚ ਮੁਹਿੰਮ ਚਲਾਈ, ਜਿਸ ਦੌਰਾਨ ਜਿਥੇ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਕਰੀਬ 100 ਵਾਹਨਾਂ ਦੀ ਚੈਕਿੰਗ ਕੀਤੀ ਗਈ, ਉਥੇ ਹੀ ਕਈ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਗਈ।  
ਜਾਣਕਾਰੀ ਅਨੁਸਾਰ ਸੂਬੇ ਵਿਚ ਗੈਂਗਵਾਰ ਦੀਆਂ ਲਗਾਤਾਰ ਵਧ ਰਹੀਆਂ ਵਾਰਦਾਤਾਂ ਅਤੇ ਅੰਮ੍ਰਿਤਸਰ ਜ਼ਿਲਾ ਰਈਆ ਵਿਚ ਕੁੱਝ ਗੈਂਗਸਟਰਾਂ ਵੱਲੋਂ ਪੁਲਸ ਹਿਰਾਸਤ 'ਚੋਂ ਇਕ ਕੈਦੀ ਨੂੰ ਛੁਡਵਾਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਸਾਰੇ ਜ਼ਿਲਿਆਂ ਦੀ ਪੁਲਸ ਨੂੰ ਵਿਸ਼ੇਸ਼ ਸਰਚ ਮੁਹਿੰਮ ਚਲਾਉਣ ਦੇ ਹੁਕਮ ਜਾਰੀ ਕੀਤੇ, ਜਿਸ ਦੇ ਤਹਿਤ ਪੀ. ਸੀ. ਆਰ. ਟੀਮ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਨੇ 30 ਦੇ ਕਰੀਬ ਪੁਲਸ ਅਤੇ ਕਿਊੂ. ਆਰ. ਟੀ. ਕਰਮਚਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਡੀ. ਸੀ. ਚੌਕ, ਜਲੰਧਰ ਮਾਰਗ, ਅੰਮ੍ਰਿਤਸਰ ਮਾਰਗ, ਕਰਤਾਰਪੁਰ ਮਾਰਗ ਤੇ ਕਾਂਜਲੀ ਮਾਰਗ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਂਦੇ ਹੋਏ ਵੱਡੀ ਗਿਣਤੀ ਵਿਚ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ, ਜਿਸ ਦੌਰਾਨ ਵਾਹਨ ਸਵਾਰਾਂ ਦੇ ਨਾਂ ਅਤੇ ਪਤੇ ਨੋਟ ਕੀਤੇ ਗਏ। ਉਥੇ ਹੀ ਦੂਜੇ ਪਾਸੇ ਪੀ. ਸੀ. ਆਰ. ਟੀਮ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ। ਪੀ. ਸੀ. ਆਰ. ਦੀ ਇਹ ਮੁਹਿੰਮ ਲਗਾਤਾਰ 3 ਘੰਟੇ ਤੱਕ ਚੱਲਦੀ ਰਹੀ।