ਕਾਂਗਰਸ ਦੇ ਦੋ ਘਾਗ ਸਿਆਸਤਦਾਨਾਂ ''ਚ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਸੰਭਾਲਣਗੇ ਪਾਰਟੀ ਦਾ ਗੜ੍ਹ

03/02/2023 5:36:17 PM

ਪਟਿਆਲਾ (ਰਾਜੇਸ਼ ਪੰਜੌਲਾ) : ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਕੈਪਟਨ ਪੀੜਤ ਦਿੱਗਜ ਕਾਂਗਰਸੀ ਆਗੂਆਂ ਨੇ ਜ਼ਿਲ੍ਹਾ ਪਟਿਆਲਾ ’ਚ ਨਵੇਂ ਰਾਜਨੀਤਕ ਸਮੀਕਰਨ ਬਣਾਉਣ ਲਈ ਕਮਰਕੱਸੇ ਕਸ ਲਏ ਹਨ। ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਭੀਸ਼ਮ-ਪਿਤਾਮਾ ਮੰਨੇ ਜਾਣ ਵਾਲੇ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਨੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਪਟਿਆਲਾ ਸਥਿਤ ਨਿਵਾਸ ਸਥਾਨ ‘ਸੇਵਾ ਸਦਨ’ ਵਿਖੇ ਪਹੁੰਚ ਕੇ ਗੁਪਤ ਮੀਟਿੰਗ ਕੀਤੀ। ਦੋਵੇਂ ਆਗੂ ਲਗਭਗ 3 ਘੰਟੇ ਇਕੱਠੇ ਰਹੇ ਅਤੇ ਨਵੇਂ ਰਾਜਨੀਤਕ ਸਮੀਕਰਨਾਂ ’ਤੇ ਚਰਚਾ ਕੀਤੀ। 

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਕੈ. ਅਮਰਿੰਦਰ ਸਿੰਘ ਦੇ ਭਾਜਪਾ ’ਚ ਜਾਣ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਟਿਆਲਾ ਦੀ ਐੱਮ ਪੀ. ਅਤੇ ਕੈ. ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਭਾਜਪਾ ’ਚ ਜਾ ਸਕਦੇ ਹਨ ਅਤੇ ਉਹ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਚੋਣ ਲੜ ਸਕਦੇ ਹਨ। ਅਜਿਹੇ ’ਚ ਪਟਿਆਲਾ ਦੇ ਕਾਂਗਰਸ ਦੇ ਗੜ੍ਹ ਨੂੰ ਬਚਾਉਣ ਲਈ ਲਾਲ ਸਿੰਘ ਨੇ ਕਮਾਂਡ ਸੰਭਾਲ ਲਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ

ਕੈਪਟਨ ਨੂੰ ਕਾਂਗਰਸ 'ਚ ਲਿਆਏ ਸਨ ਦੋਵੇਂ ਆਗੂ 

ਲਾਲ ਸਿੰਘ ਅਤੇ ਬੀਰ ਦਵਿੰਦਰ ਸਿੰਘ ਦੋਵੇਂ ਉਹ ਆਗੂ ਹਨ, ਜੋ 1998 ਵਿਚ ਕੈ. ਅਮਰਿੰਦਰ ਸਿੰਘ ਨੂੰ ਕਾਂਗਰਸ ’ਚ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਹੀ ਕੈਪਟਨ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ’ਚ ਅਹਿਮ ਰੋਲ ਅਦਾ ਕੀਤਾ ਸੀ। 2002 ਵਿਚ ਕੈ. ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ’ਚ ਵੀ ਇਨ੍ਹਾਂ ਦਾ ਅਹਿਮ ਯੋਗਦਾਨ ਸੀ। 2002 ਤੋਂ 2007 ਵਾਲੀ ਸਰਕਾਰ ’ਚ ਬੀਰ ਦਵਿੰਦਰ ਸਿੰਘ ਨੂੰ ਕੈਬਨਿਟ ਮੰਤਰੀ ਬਣਾਉਣ ਦੀ ਬਜਾਏ ਉਨ੍ਹਾਂ ਨੂੰ ਡਿਪਟੀ ਸਪੀਕਰ ਲਾ ਕੇ ਖੁੱਡੇ ਲਾਈਨ ਲਾਇਆ ਗਿਆ ਸੀ। ਉਸ ਸਮੇਂ ਹੀ ਕੈ. ਅਮਰਿੰਦਰ ਸਿੰਘ ਅਤੇ ਬੀਰ ਦਵਿੰਦਰ ਸਿੰਘ ’ਚ ਜੰਗ ਸ਼ੁਰੂ ਹੋ ਗਈ ਸੀ, ਜੋ ਕਿ ਅੱਜ ਤੱਕ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ

2017 ਦੀਆਂ ਵਿਧਾਨ ਸਭਾ ਚੋਣਾਂ

2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈ. ਅਮਰਿੰਦਰ ਸਿੰਘ ਨੇ ਲਾਲ ਸਿੰਘ ਦੀ ਟਿਕਟ ਕਟਵਾ ਕੇ ਉਨ੍ਹਾਂ ਨੂੰ ਵੀ ਵੱਡਾ ਰਾਜਨੀਤਕ ਨੁਕਸਾਨ ਪਹੁੰਚਾਇਆ ਸੀ ਕਿਉਂਕਿ ਜੇਕਰ 2017 ’ਚ ਲਾਲ ਸਿੰਘ ਵਿਧਾਨ ਸਭਾ ਚੋਣ ਲਡ਼ਦੇ ਤਾਂ ਕੈ. ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੀ ਕੁਰਸੀ ਨੂੰ ਖ਼ਤਰਾ ਪੈਦਾ ਹੋ ਸਕਦਾ ਸੀ। ਇਸ ਲਈ ਲਾਲ ਸਿੰਘ ਨੂੰ ਦੂਰ ਰੱਖਿਆ ਗਿਆ ਅਤੇ ਲਗਾਤਾਰ 5 ਸਾਲ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਵੀ ਲਾਲ ਸਿੰਘ ਦੀ ਪਟਿਆਲਾ ਜ਼ਿਲ੍ਹੇ ’ਚ ਬਿਲਕੁੱਲ ਨਹੀਂ ਚੱਲਣ ਦਿੱਤੀ।

ਇਹ ਵੀ ਪੜ੍ਹੋ : ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਇਹ ਦੇਸ਼ ਘੁੰਮਣ ਆਉਣ ਵਾਲਿਆਂ ਨੂੰ ਖ਼ਰਚੇ-ਪਾਣੀ ਵਜੋਂ ਦੇਵੇਗਾ 13 ਤੋਂ 54 ਹਜ਼ਾਰ ਰੁਪਏ

ਕੈਪਟਨ ਪਰਿਵਾਰ ਨੂੰ ਰੋਕਣ ਦੀ ਕੋਸ਼ਿਸ਼

ਕਾਂਗਰਸ ਦੇ ਇਨ੍ਹਾਂ ਦੋਵੇਂ ਦਿੱਗਜ ਆਗੂਆਂ ਨੂੰ ਕੈ. ਅਮਰਿੰਦਰ ਸਿੰਘ ਨੇ ਬਹੁਤ ਵੱਡਾ ਰਾਜਨੀਤਕ ਨੁਕਸਾਨ ਪਹੁੰਚਾਇਆ ਸੀ। ਹੁਣ ਨਵੇਂ ਰਾਜਨੀਤਕ ਸਮੀਕਰਨਾਂ ’ਚ ਦੋਵੇਂ ਆਗੂ ਸ਼ਾਇਦ ਇਕਜੁੱਟ ਹੋ ਗਏ ਹਨ। ਦੋਵਾਂ ਦਾ ਯਤਨ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਕੈ. ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਇਸ ਵਾਰ ਲੋਕ ਸਭਾ ’ਚ ਜਾਣ ਦਾ ਮੌਕਾ ਨਾ ਮਿਲੇ। 1998 ਤੋਂ 2022 ਤੱਕ ਕੈ. ਅਮਰਿੰਦਰ ਸਿੰਘ ਦਾ ਇਕ ਛਤਰ ਰਾਜ ਰਿਹਾ ਹੈ, ਜਿਸ ਕਰ ਕੇ ਪਟਿਆਲਾ ’ਚ ਕਾਂਗਰਸੀ ਲੀਡਰਸ਼ਿਪ ਕਮਜ਼ੋਰ ਹੋ ਗਈ ਸੀ। ਹੁਣ ਇਹ ਦਿੱਗਜ ਆਗੂ ਇਕਜੁਟ ਹੋ ਕੇ ਜ਼ਿਲ੍ਹੇ ’ਚ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਰਣਨੀਤੀ ’ਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ :  'ਸਕੂਲ ਆਫ ਐਮੀਨੈਂਸ' 'ਚ 9ਵੀਂ ਤੇ 11ਵੀਂ ਕਲਾਸ 'ਚ ਦਾਖ਼ਲੇ ਲਈ ਪੋਰਟਲ ਲਾਂਚ, ਇਸ ਦਿਨ ਹੋਵੇਗੀ ਪ੍ਰੀਖਿਆ

ਨਵਜੋਤ ਸਿੰਘ ਸਿੱਧੂ 'ਤੇ ਟੇਕ

ਲਾਲ ਸਿੰਘ ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਮੋਟ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਵਜੋਤ ਸਿੰਘ ਸਿੱਧੂ ਹੀ ਕਾਂਗਰਸ ਪਾਰਟੀ ਨੂੰ ਫਿਰ ਤੋਂ ਖੜ੍ਹਾ ਕਰ ਸਕਦੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਤਕਾਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਬੀਰ ਦਵਿੰਦਰ ਸਿੰਘ ਦੇ ਨਿਵਾਸ ਸਥਾਨ ’ਤੇ ਆਏ ਸਨ ਪਰ ਉਸ ਸਮੇਂ ਬੀਰ ਦਵਿੰਦਰ ਸਿੰਘ ਦੀ ਬਾਈਪਾਸ ਸਰਜਰੀ ਹੋਈ ਸੀ, ਜਿਸ ਕਰ ਕੇ ਇਕ ਸਾਲ ਤੱਕ ਉਨ੍ਹਾਂ ਨੂੰ ਬੈੱਡ ਰੈਸਟ ਕਰਨ ਲਈ ਕਿਹਾ ਗਿਆ ਸੀ। ਸ਼ਾਇਦ ਇਹੀ ਕਾਰਨ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਉਹ ਦੂਰ ਰਹੇ ਜਦੋਂ ਕਿ ਚਰਨਜੀਤ ਸਿੰਘ ਚੰਨੀ ਚਾਹੁੰਦੇ ਸਨ ਕਿ ਬੀਰ ਦਵਿੰਦਰ ਸਿੰਘ ਖਰੜ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ।

ਹੁਣ ਇਨ੍ਹਾਂ ਦੋਵੇਂ ਆਗੂਆਂ ਦੀ ਬੰਦ ਕਮਰਾ ਮੀਟਿੰਗ ਨੇ ਪਟਿਆਲਾ ਦੀ ਕਾਂਗਰਸੀ ਰਾਜਨੀਤੀ ’ਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਬੀਰ ਦਵਿੰਦਰ ਸਿੰਘ ਅਤੇ ਲਾਲ ਸਿੰਘ ਦੋਵੇਂ ਹੀ ਘਾਗ ਸਿਆਸਤਦਾਨ ਹਨ ਅਤੇ ਉਨ੍ਹਾਂ ਨੂੰ ਰਾਜਨੀਤੀ ਦਾ ਚਾਣਕਿਆ ਕਿਹਾ ਜਾਂਦਾ ਹੈ। ਦੋਵਾਂ ਦੀ ਇਹ ਮੀਟਿੰਗ ਪੰਜਾਬ ਕਾਂਗਰਸ ਅਤੇ ਆਉਣ ਵਾਲੀ 2024 ਦੀਆਂ ਲੋਕ ਸਭਾ ਚੋਣਾਂ ’ਚ ਕੀ ਰੰਗ ਦਿਖਾਏਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal