ਬਿਨਾਂ ਬਿੱਲ ਦੇ 12 ਪ੍ਰਕਾਰ ਦੀਆਂ ਦਵਾਈਆਂ ਸੀਲ

06/08/2018 3:27:33 AM

ਅੰਮ੍ਰਿਤਸਰ, (ਅਵਧੇਸ਼)- ਕਮਿਸ਼ਨਰ ਫੂਡ ਐਂਡ ਡਰੱਗ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਡਰੱਗ ਵਿਭਾਗ ਦੀ ਟੀਮ ਨੇ ਅਜਨਾਲਾ 'ਚ ਛਾਪੇਮਾਰੀ ਕਰ ਕੇ 12 ਪ੍ਰਕਾਰ ਦੀਆਂ ਦਵਾਈਆਂ ਨੂੰ ਸੀਲ ਕੀਤਾ। ਡਰੱਗ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲ ਰਹੀ ਸੀ ਕਿ ਨਿਊ ਮੱਲ੍ਹੀ ਮੈਡੀਕਲ ਹਾਲ ਵਿਚ ਬਿਨਾਂ ਬਿੱਲ ਦੇ ਨਸ਼ੇ ਵਾਲੀਆਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜਿਸ 'ਤੇ ਟੀਮ 'ਚ ਸ਼ਾਮਲ ਅਮਰਪਾਲ ਮੱਲ੍ਹੀ ਤੇ ਅਖਿਲੇਸ਼ ਸ਼ਰਮਾ ਦੀ ਅਗਵਾਈ ਵਿਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਦੁਕਾਨ 'ਤੇ ਫਾਰਮਾਸਿਸਟ ਮੌਜੂਦ ਨਹੀਂ ਸੀ ਤੇ ਨਾ ਹੀ ਦੁਕਾਨਦਾਰ ਸੇਲ-ਪ੍ਰਚੇਜ਼ ਰਿਕਾਰਡ ਦਿਖਾ ਸਕਿਆ, ਜਿਸ 'ਤੇ ਟੀਮ ਨੇ ਦੁਕਾਨ ਤੋਂ 12 ਪ੍ਰਕਾਰ ਦੀਆਂ ਦਵਾਈਆਂ ਨੂੰ ਸੀਲ ਕੀਤਾ, ਜਿਨ੍ਹਾਂ ਵਿਚ ਐਲਪ੍ਰਾਜੋਲਮ, ਲੋਰਾਜੀਪਾਮ, ਟਰੈਮਾਡੋਲ ਤੇ ਸਿਡੇਨਾਫਿਲ ਹਨ। ਡਰੱਗ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਸਾਰੀਆਂ ਦਵਾਈਆਂ ਨੂੰ ਸੀਲ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।