ਕਦੇ ਜਲੰਧਰੋਂ ਪਾਰ ਨਾ ਜਾਣ ਵਾਲੇ ਸਕੂਟਰ ਦਾ ਦਿੱਲੀ ''ਚ ਓਵਰ ਸਪੀਡ ਦਾ ਚਲਾਨ

01/20/2020 1:44:06 AM

ਲਾਂਬੜਾ, (ਵਰਿੰਦਰ)— ਲਾਂਬੜਾ ਪਿੰਡ ਦੇ ਇਕ ਵਸਨੀਕ ਨੂੰ ਦਿੱਲੀ ਟਰੈਫਿਕ ਪੁਲਸ ਵਲੋਂ ਉਸ ਦੇ ਸਕੂਟਰ ਦਾ ਦਿੱਲੀ 'ਚ ਓਵਰ ਸਪੀਡ ਦਾ ਚਲਾਨ ਕੱਟਣ ਦਾ ਨੋਟਿਸ ਪ੍ਰਾਪਤ ਹੋਇਆ ਹੈ। ਇਸ ਕਾਰਣ ਸਕੂਟਰ ਸਵਾਰ ਬੜਾ ਹੈਰਾਨ ਅਤੇ ਪ੍ਰੇਸ਼ਾਨ ਹੈ ਕਿ ਅੱਜ ਤੱਕ ਉਹ ਦਿੱਲੀ 'ਚ ਆਪਣੇ ਸਕੂਟਰ ਰਾਹੀਂ ਗਿਆ ਹੀ ਨਹੀਂ ਤਾਂ ਉਸ ਦੇ ਸਕੂਟਰ ਦਾ ਚਲਾਨ ਕਿਸ ਤਰ੍ਹਾਂ ਕੱਟ ਹੋ ਗਿਆ।
ਇਸ ਸਬੰਧੀ ਲਾਂਬੜਾ ਬਾਜ਼ਾਰ 'ਚ ਦੁਕਾਨ ਕਰਦੇ ਪੀੜਤ ਰਾਜੇਸ਼ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਪਿੰਡ ਲਾਂਬੜਾ ਨੇ ਦੱਸਿਆ ਕਿ ਉਸ ਦੇ ਨਾਂ 'ਤੇ ਇਕ ਪੁਰਾਣਾ ਸਕੂਟਰ ਹੈ, ਜਿਸ ਦਾ ਨੰਬਰ ਪੀ. ਬੀ. 08 ਬੀ. ਬੀ. 1211 ਹੈ। ਇਸ ਦੀ ਵਰਤੋਂ ਉਹ ਘਰ ਤੋਂ ਦੁਕਾਨ ਤੱਕ ਆਉਣ-ਜਾਣ ਲਈ ਹੀ ਕਰਦੇ ਹਨ। ਕਦੇ ਕੋਈ ਜ਼ਰੂਰੀ ਕੰਮ ਹੋਵੇ ਤਾਂ ਉਹ ਸਕੂਟਰ 'ਤੇ ਸਿਰਫ ਜਲੰਧਰ ਤੱਕ ਹੀ ਗਏ ਹਨ। ਅੱਜ ਤੱਕ ਉਹ ਇਸ ਸਕੂਟਰ ਰਾਹੀਂ ਜਲੰਧਰ ਤੋਂ ਅੱਗੇ ਕਦੇ ਵੀ ਨਹੀਂ ਗਏ।
ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਡਾਕ ਰਾਹੀਂ ਦਿੱਲੀ ਟਰੈਫਿਕ ਪੁਲਸ ਵਲੋਂ ਭੇਜਿਆ ਗਿਆ ਇਕ ਨੋਟਿਸ ਪ੍ਰਾਪਤ ਹੋਇਆ, ਜਿਸ ਨੇ ਉਨ੍ਹਾਂ ਨੂੰ ਘੁੰਮਣ ਘੇਰੀਆਂ 'ਚ ਪਾ ਦਿੱਤਾ ਹੈ। ਨੋਟਿਸ 'ਚ ਦਿੱਲੀ ਟਰੈਫਿਕ ਪੁਲਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਉਕਤ ਸਕੂਟਰ ਦਾ ਮਿਤੀ 9-7-2019 ਨੂੰ ਦਿੱਲੀ ਦੇ ਦੁਆਰਕਾ ਵਿਖੇ ਓਵਰ ਸਪੀਡ ਹੋਣ ਕਾਰਣ ਚਲਾਨ ਕੱਟਿਆ ਗਿਆ ਹੈ। ਚਲਾਨ ਦਾ ਜੁਰਮਾਨਾ ਭਰਨ ਲਈ ਦਿੱਲੀ ਟਰੈਫਿਕ ਪੁਲਸ ਦਫਤਰ ਵਿਖੇ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਰਜੇਸ਼ ਕੁਮਾਰ ਦਾ ਕਹਿਣਾ ਹੈ ਕਿ ਜਦ ਅੱਜ ਤੱਕ ਉਹ ਆਪਣੇ ਇਸ ਸਕੂਟਰ ਰਾਹੀਂ ਦਿੱਲੀ ਗਏ ਹੀ ਨਹੀਂ ਤਾਂ ਇਹ ਚਲਾਨ ਕਿਸ ਤਰ੍ਹਾਂ ਕੱਟਿਆ ਗਿਆ, ਜਾਂ ਤਾਂ ਇਹ ਦਿੱਲੀ ਟਰੈਫਿਕ ਪੁਲਸ ਦੀ ਗੰਭੀਰ ਗ਼ਲਤੀ ਹੈ ਜਾਂ ਫਿਰ ਉਸ ਦੇ ਸਕੂਟਰ ਦਾ ਕੋਈ ਹੋਰ ਜਾਅਲੀ ਨੰਬਰ ਲਾ ਕੇ ਦਿੱਲੀ ਵਿਖੇ ਘੁੰਮ ਰਿਹਾ ਹੈ, ਜੋ ਕਿ ਖਤਰਨਾਕ ਹੈ। ਰਾਜੇਸ਼ ਕੁਮਾਰ ਨੇ ਆਖਿਆ ਕਿ ਦਿੱਲੀ ਦੇ ਇੱਥੋਂ ਕਾਫ਼ੀ ਲੰਬੇ ਸਫਰ ਲਈ ਭਲਾ ਕੌਣ ਸਕੂਟਰ 'ਤੇ ਆਵਾਜਾਈ ਕਰੇਗਾ।
ਰਾਜੇਸ਼ ਕੁਮਾਰ ਨੇ ਆਖਿਆ ਕਿ ਜੇਕਰ ਦਿੱਲੀ ਟਰੈਫਿਕ ਪੁਲਸ ਵਲੋਂ ਉਨ੍ਹਾਂ ਦੇ ਹੀ ਸਕੂਟਰ ਦਾ ਚਲਾਨ ਕੱਟਿਆ ਗਿਆ ਹੈ ਤਾਂ ਫਿਰ ਸਾਡੇ ਕੋਲ ਆਪਣੇ ਸਕੂਟਰ ਦੀ ਆਰ. ਸੀ. ਇਸ ਸਮੇਂ ਵੀ ਮੌਜੂਦ ਕਿਸ ਤਰ੍ਹਾਂ ਹੈ। ਦਿੱਲੀ ਪੁਲਸ ਨੇ ਚਲਾਨ 'ਤੇ ਦਸਤਖਤ ਕਿਸ ਦੇ ਕਰਵਾਏ। ਉਨ੍ਹਾਂ ਨੂੰ ਚਲਾਨ ਦੀ ਕਾਪੀ ਵੀ ਨਹੀਂ ਭੇਜੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਈ-ਮੇਲ ਰਾਹੀਂ ਦਿੱਲੀ ਟਰੈਫਿਕ ਪੁਲਸ ਨੂੰ ਸ਼ਿਕਾਇਤ ਭੇਜ ਦਿੱਤੀ ਹੈ।

KamalJeet Singh

This news is Content Editor KamalJeet Singh