ਵਰਦੀ 'ਚ ਖਿੜ-ਖਿੜਾਉਂਦੇ ਸਕੂਲ ਗਏ, ਪਰਤੇ ਤਾਂ ਚਿਹਰਾ ਵੀ ਨਾ ਦੇਖ ਸਕੇ ਮਾਪੇ

02/16/2020 6:32:18 PM

ਲੌਂਗੋਵਾਲ : ਫੁੱਲ੍ਹਾਂ ਵਰਗੇ ਖਿੜੇ ਚਿਹਰੇ ਜਿਨ੍ਹਾਂ ਦੇ ਇਕ ਹਾਸੇ ਨਾਲ ਘਰ ਦਾ ਵਿਹੜਾ ਮਹਿਕ ਉੱਠਦਾ ਸੀ। ਮਾਤਾ-ਪਿਤਾ ਦੇ ਚਿਹਰਿਆਂ 'ਤੇ ਮੁਸਕਾਨ ਆ ਜਾਂਦੀ ਸੀ। ਜਿਨ੍ਹਾਂ ਦੀਆਂ ਸ਼ਰਾਰਤਾਂ ਵੇਖ ਕੇ ਹੀ ਮੰਨ ਖਿੜ ਉੱਠਦਾ ਸੀ। ਹੱਸਦੇ-ਹੱਸਦੇ ਵਰਦੀ ਪਹਿਨ ਕੇ ਸ਼ਨੀਵਾਰ ਨੂੰ ਸਕੂਲ ਲਈ ਤਾਂ ਨਿਕਲੇ ਪਰ ਜਦੋਂ ਪਰਤੇ ਤਾਂ ਚਿਹਰਾ ਵੀ ਦੇਖਣਾ ਨਸੀਬ ਨਾ ਹੋਇਆ।

ਖਸਤਾਹਾਲ ਸਕੂਲ ਵੈਨ ਵਿਚ ਰਾਖ ਹੋਏ ਬੱਚਿਆਂ ਦਾ ਚਿਹਰਾ ਅੰਤਿਮ ਵਾਰ ਦੇਖ ਸਕਣਾ ਤਾਂ ਕੀ ਇਨ੍ਹਾਂ ਦੀ ਪਛਾਣ ਤਕ ਕਰਨਾ ਮਾਤਾ-ਪਿਤਾ ਲਈ ਮੁਸ਼ਕਿਲ ਹੋ ਗਈ ਸੀ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਪਰਿਵਾਰ ਬਦਹਵਾਸ ਹਨ। 

ਮਾਸੂਮਾਂ ਦੀਆਂ ਚੀਕਾਂ ਤੋਂ ਬਾਅਦ ਪਿੰਡ ਵਿਚ ਸੰਨਾਟਾ ਹੈ। ਪੂਰੇ ਲੌਂਗੋਵਾਲ ਵਿਚ ਚੁੱਲ੍ਹਾ ਤਕ ਨਹੀਂ ਬਲਿਆ। ਬਾਜ਼ਾਰ ਬੰਦ ਰਹੇ। ਹਰ ਕੋਈ ਸਕੂਲ ਨੂੰ ਕੋਸਦਾ ਨਜ਼ਰ ਆਇਆ। ਲੋਕਾਂ ਨੇ ਇਸ ਨੂੰ ਲਾਪਰਵਾਹੀ ਨਹੀਂ ਸਗੋਂ ਕਤਲ ਦੱਸਿਆ। ਕਤਲ ਇਸ ਲਈ ਕਿਉਂਕਿ ਸਕੂਲ ਨੂੰ ਪਤਾ ਸੀ ਕਿ ਵੈਨ ਕੰਡਮ ਹੈ। ਇਸ ਦੇ ਬਾਵਜੂਦ ਇਸ ਨੂੰ ਹਾਇਰ ਹੀ ਨਹੀਂ ਕੀਤਾ ਗਿਆ ਸਗੋਂ ਬੱਚਿਆਂ ਨੂੰ ਛੱਡਣ ਲਈ ਵੀ ਵਰਤਿਆ ਗਿਆ, ਜਿਸ ਕਾਰਨ ਪਹਿਲੇ ਹੀ ਦਿਨ ਇਹ ਮੰਦਭਾਗਾ ਹਾਦਸਾ ਵਾਪਰ ਗਿਆ। 

9ਵੀਂ ਦੀ ਅਮਨਦੀਪ ਨੇ ਸ਼ੀਸ਼ਾ ਤੋੜ ਬਚਾਏ ਬੱਚੇ
9ਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਕਿਹਾ ਕਿ ਡਰਾਈਵਰ ਨੇ ਵੈਨ ਤਾਂ ਰੋਕੀ ਪਰ ਉਸ ਨੂੰ ਲੱਗਾ ਕਿ ਸ਼ਾਇਦ ਵੈਨ ਖਰਾਬ ਹੋ ਗਈ ਹੈ। ਇੰਨੇ 'ਚ ਹੀ ਵੈਨ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਉਸ ਨੇ ਸ਼ੀਸ਼ਾ ਤੋੜਿਆ ਅਤੇ ਜਲਦੀ ਨਾਲ ਬੱਚੇ ਬਾਹਰ ਕੱਢਣ ਲੱਗੇ। ਇਸ ਦੌਰਾਨ ਅੱਗ ਕਾਫੀ ਵੱਧ ਗਈ ਫਿਰ ਕਿਸੇ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। 

ਅੰਸ਼ਿਕਾ ਨੇ ਭੈਣ ਅਰਾਧਿਆ ਦਾ ਹੱਥ ਫੜਿਆ ਪਰ ਨਹੀਂ ਬਚਾ ਸਕੀ
ਸਤਪਾਲ ਦੀਆਂ ਦੋ ਧੀਆਂ ਅਰਾਧਿਆ ਅਤੇ ਅੰਸ਼ਿਕਾ ਦੋਵੇਂ ਹੀ ਸਿਮਰਨ ਪਬਲਿਕ ਸਕੂਲ ਵਿਚ ਪੜ੍ਹਦੀਆਂ ਸਨ। ਨੌਜਵਾਨਾਂ ਨੇ ਅੰਸ਼ਿਕਾ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਪਰ ਅਰਾਧਿਆ ਅੱਗ ਦੀਆਂ ਲਪਟਾਂ ਵਿਚ ਆ ਗਈ। ਅੰਸ਼ਿਕਾ ਨੇ ਅਰਾਧਿਆ ਦਾ ਹੱਥ ਫੜਿਆ ਸੀ। ਉਹ ਚੀਕਦੀ ਰਹੀ ਪਰ ਅਰਾਧਿਆ ਨੂੰ ਨਹੀਂ ਬਚਾਇਆ ਜਾ ਸਕਿਆ। ਸਤਪਾਲ ਨੇ ਕਿਹਾ ਕਿ ਦੋਵੇਂ ਧੀਆਂ ਉਸ ਦੇ ਘਰ ਦੀ ਲਸ਼ਮੀ ਸਨ।

ਉਸ ਨੇ ਖੁਦ ਅਰਾਧਿਆ ਤੇ ਅੰਸ਼ਿਕਾ ਨੂੰ ਸਵੇਰੇ ਤਿਆਰ ਕਰਕੇ ਸਕੂਲ ਭੇਜਿਆ ਸੀ ਪਰ ਪਤਾ ਨਹੀਂ ਸੀ ਕਿ ਘਰ ਇਕ ਹੀ ਵਾਪਸ ਪਰਤੇਗੀ। ਉਹ ਖੁਦ ਸ਼ੈਲਰ ਵਿਚ ਮਜ਼ਦੂਰੀ ਕਰਕੇ ਬੱਚੀਆਂ ਨੂੰ ਪੜ੍ਹਾ ਲਿਖਾ ਕੇ ਕਾਬਲ ਬਣਾਉਣਾ ਚਾਹੁੰਦਾ ਸੀ।

Gurminder Singh

This news is Content Editor Gurminder Singh