ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

04/24/2022 5:24:36 PM

ਲੁਧਿਆਣਾ (ਰਾਜ)- ਘਰੋਂ ਸਕੂਲ ਜਾਣ ਦਾ ਕਹਿ ਕੇ ਨਿਕਲੇ ਬੱਚੇ ਬੰਕ ਮਾਰ ਕੇ ਕੈਂਡ ਨਹਿਰ ’ਚ ਨਹਾਉਣ ਲਈ ਚਲੇ ਗਏ। ਜਿਥੇ ਬਾਕੀ ਦੋਸਤਾਂ ਦੇ ਮਨ੍ਹਾ ਕਰਨ ਦੇ ਬਾਵਜੂਦ 3 ਨੌਜਵਾਨ ਨਹਿਰ ਵਿਚ ਉਤਰ ਗਏ, ਜੋ ਡੁੱਬਣ ਲੱਗ ਗਏ। ਇਸ ਦੌਰਾਨ ਰਾਹਗੀਰਾਂ ਨੇ ਇਕ ਬੱਚੇ ਨੂੰ ਬਚਾਅ ਕੇ ਬਾਹਰ ਕੱਢ ਲਿਆ ਪਰ 2 ਬੱਚੇ ਪਾਣੀ ਦੇ ਵਹਾਅ ਵਿਚ ਰੁੜ੍ਹ ਗਏ। ਸੂਚਨਾ ਮਿਲਣ ’ਤੇ ਥਾਣਾ ਡੇਹਲੋਂ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਦੇਰ ਸ਼ਾਮ ਨੂੰ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ। 

ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵੱਡੀ ਸਾਜ਼ਿਸ਼ ਨਾਕਾਮ, ਬੁੜੈਲ ਜੇਲ੍ਹ ਕੋਲੋਂ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਬੈਗ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਬੱਚਿਆਂ ਦੀ ਪਛਾਣ ਗੁਰਮੀਤ ਨਗਰ ਦਾ ਵਿਜੇ (15) ਅਤੇ ਸੁਜੀਤ ਨਗਰ ਦਾ ਆਯੁਸ਼ (15) ਵਜੋਂ ਹੋਈ ਹੈ, ਜਦੋਂਕਿ ਬਚਾਇਆ ਨੌਜਵਾਨ ਭੁਪਿੰਦਰ ਸਿੰਘ ਹੈ। ਪੁਲਸ ਨੇ ਬੱਚਿਆਂ ਦੀਆਂ ਲਾਸ਼ਾਂ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ। ਥਾਣਾ ਡੇਹਲੋਂ ਦੇ ਮੁਖੀ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਵਿਜੇ, ਆਯੁਸ਼ ਅਤੇ ਭੁਪਿੰਦਰ ਇਕ ਹੀ ਸਕੂਲ ’ਚ 9ਵੀਂ ਕਲਾਸ ਦੇ ਵਿਦਿਆਰਥੀ ਸਨ। ਉਹ 6 ਦੋਸਤ ਇਕੱਠੇ ਹੀ ਸਕੂਲ ਜਾਂਦੇ ਹਨ। 

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ’ਚ ਛਾਪਾ ਮਾਰ ਪੁਲਸ ਨੇ ਵੱਡੀ ਮਾਤਰਾ ’ਚ ਬਰਾਮਦ ਕੀਤਾ ਚਿੱਟਾ (ਵੀਡੀਓ)

ਉਨ੍ਹਾਂ ਦੱਸਿਆ ਕਿ ਸ਼ਨੀਵਾਰ ਦੀ ਸਵੇਰ ਉਹ ਘਰੋਂ ਸਕੂਲ ਲਈ ਨਿਕਲੇ ਸਨ ਪਰ ਉਹ ਸਕੂਲ ਨਹੀਂ ਗਏ ਅਤੇ ਬੰਕ ਮਾਰ ਕੇ ਚਲੇ ਗਏ। ਇਸ ਦੌਰਾਨ ਉਨ੍ਹਾਂ ਨੇ ਕੈਂਡ ਨਹਿਰ ’ਚ ਜਾ ਕੇ ਨਹਾਉਣ ਦਾ ਪ੍ਰੋਗਰਾਮ ਬਣਾਇਆ ਅਤੇ ਸਾਰੇ ਕੈਂਡ ਨਹਿਰ ਫਲਾਹੀ ਸਾਹਿਬ ਗੁਰਦੁਆਰਾ ਪੁੱਜ ਗਏ। ਉਥੋਂ ਕੁਝ ਦੂਰ ਆਯੁਸ਼, ਵਿਜੇ ਅਤੇ ਭੁਪਿੰਦਰ ਨਹਿਰ ਵਿਚ ਨਹਾਉਣ ਲਈ ਜਾਣ ਲੱਗੇ ਪਰ ਬਾਕੀ ਦੋਸਤਾਂ ਨੇ ਉਨ੍ਹਾਂ ਨੂੰ ਰੋਕਿਆ ਸੀ, ਕਿਉਂਕਿ ਕਿਸੇ ਨੂੰ ਵੀਤੈਰਨਾ ਨਹੀਂ ਆਉਂਦਾ ਸੀ। ਉਨ੍ਹਾਂ ਨੇ ਦੋਸਤਾਂ ਦੀ ਨਹੀਂ ਸੁਣੀ ਅਤੇ ਤਿੰਨੋਂ ਨਹਿਰ ’ਚ ਨਹਾਉਣ ਲਈ ਉੱਤਰ ਗਏ।

ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਪਾਣੀ ਜ਼ਿਆਦਾ ਡੂੰਘਾ ਹੋਣ ਕਾਰਨ ਉਹ ਡੁੱਬਣ ਲੱਗ ਗਏ। ਬਾਕੀ ਬਾਹਰ ਖੜ੍ਹੇ ਦੋਸਤਾਂ ਨੂੰ ਕੁਝ ਨਹੀਂ ਸੁੱਝਿਆ। ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਆਸ-ਪਾਸ ਦੇ ਲੋਕ ਰੌਲੇ ਸੁਣ ਕੇ ਮੌਕੇ ’ਤੇ ਪੁੱਜ ਗਏ। ਇਕ ਵਿਅਕਤੀ ਨਹਿਰ ਵਿਚ ਕੁੱਦ ਗਿਆ ਅਤੇ ਭੁਪਿੰਦਰ ਨੂੰ ਬਾਹਰ ਕੱਢ ਲਿਆ ਪਰ ਇਸ ਦੌਰਾਨ ਆਯੁਸ਼ ਅਤੇ ਵਿਜੇ ਰੁੜ੍ਹ ਗਏ। ਸੂਚਨਾ ਤੋਂ ਬਾਅਦ ਪੁੱਜੀ ਪੁਲਸ ਗੋਤਾਖੋਰਾਂ ਦੀ ਮਦਦ ਨਾਲ ਪੂਰਾ ਦਿਨ ਬੱਚਿਆਂ ਨੂੰ ਲੱਭਦੀ ਰਹੀ। ਦੇਰ ਸ਼ਾਮ ਨੂੰ ਕੁਝ ਦੂਰ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਪੁਲਸ ਦਾ ਕਹਿਣਾ ਹੈ ਕਿ ਭੁਪਿੰਦਰ ਦੀ ਹਾਲਤ ਠੀਕ ਹੈ। ਇਸ ਮਾਮਲੇ ਵਿਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਪਾਕਿਸਤਾਨ ਦੇ ਪਿੰਡ ਮਿੱਠੀ ’ਚ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ

 

rajwinder kaur

This news is Content Editor rajwinder kaur