ਕੇਂਦਰ ਸਰਕਾਰ ਦੱਸੇ ਕਦੋਂ ਦੇਵੇਗੀ 1200 ਕਰੋੜ ਦੀ ਬਕਾਇਆ ਵਜ਼ੀਫ਼ਾ ਰਾਸ਼ੀ : ਸੇਖੜੀ

07/15/2018 6:49:57 AM

ਚੰਡੀਗੜ੍ਹ (ਭੁੱਲਰ) - ਪੰਜਾਬ ਦੇ ਅਨਏਡਿਡ ਕਾਲਜਾਂ ਦੀਆਂ 14 ਵੱਖ-ਵੱਖ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਇਕ ਮੀਟਿੰਗ ਦੌਰਾਨ ਕੇਂਦਰ ਸਰਕਾਰ ਵਲੋਂ ਜਾਰੀ ਸਰਕੂਲਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰ ਸਰਕਾਰ ਤੋਂ ਪੰਜਾਬ ਦੇ ਐੱਸ. ਸੀ. ਵਿਦਿਆਰਥੀਆਂ ਲਈ ਲਗਭਗ 1200 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਬਾਰੇ ਸਪੱਸ਼ਟੀਕਰਨ ਮੰਗਿਆ। ਕਮੇਟੀ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਕਿਹਾ ਕਿ ਪੋਸਟ ਮੈਟ੍ਰਿਕ ਵਜ਼ੀਫ਼ਾ ਫੰਡ ਪਿਛਲੇ 3 ਸਾਲਾਂ ਤੋਂ ਜਾਰੀ ਨਹੀਂ ਕੀਤੇ ਗਏ, ਜਿਸ ਕਰਕੇ ਕਾਲਜਾਂ ਦੀ ਵਿੱਤੀ ਹਾਲਤ ਖ਼ਰਾਬ ਹੋ ਚੁੱਕੀ ਹੈ। ਇਸ ਸਾਲ ਐੱਸ. ਸੀ. ਨੂੰ ਬਿਨਾਂ ਫੀਸ ਤੋਂ ਦਾਖਲਾ ਦੇਣ ਤੋਂ ਪਹਿਲਾਂ ਕੇਂਦਰ ਸਰਕਾਰ ਇਹ ਸਪੱਸ਼ਟ ਕਰੇ ਕਿ ਬਕਾਇਆ ਫੰਡ ਕਦੋਂ ਜਾਰੀ ਕਰੇਗੀ। ਇਸ ਮੁੱਦੇ 'ਤੇ ਵਿਚਾਰ ਕਰਨ ਲਈ ਹੋਈ ਮੀਟਿੰਗ ਵਿਚ ਸ਼ਾਮਲ ਪੰਜਾਬ ਦੇ ਵੱਖ-ਵੱਖ ਸੰਸਥਾਨਾਂ ਦੇ ਪ੍ਰਤੀਨਿਧੀਆਂ 'ਚ ਡਾ. ਜੇ. ਐੱਸ. ਧਾਲੀਵਾਲ, ਡਾ. ਅੰਸ਼ੂ ਕਟਾਰੀਆ, ਡਾ. ਮਨਜੀਤ ਸਿੰਘ, ਗੁਰਮੀਤ ਸਿੰਘ ਧਾਲੀਵਾਲ, ਅਨਿਲ ਚੋਪੜਾ, ਰਜਿੰਦਰ ਧਨੋਆ, ਨਿਰਮਲ ਸਿੰਘ, ਸ਼ਿਮਾਂਸ਼ੂ ਗੁਪਤਾ, ਸੁਖਮੰਦਰ ਸਿੰਘ ਚੱਠਾ, ਵਿਪਨ ਸ਼ਰਮਾ, ਜਗਜੀਤ ਸਿੰਘ, ਚਰਨਜੀਤ ਸਿੰਘ ਵਾਲੀਆ, ਜਸਨੀਕ ਸਿੰਘ, ਡਾ. ਸਤਵਿੰਦਰ ਸੰਧੂ ਆਦਿ ਦੇ ਨਾਂ ਜ਼ਿਕਰਯੋਗ ਹਨ। ਇਸ ਮੁੱਦੇ 'ਤੇ ਅਗਲੀ ਰਣਨੀਤੀ ਤੈਅ ਕਰਨ ਲਈ 16 ਜੁਲਾਈ ਨੂੰ ਮੁੜ ਬੈਠਕ ਸੱਦੀ ਗਈ ਹੈ।