ਸਰਪੰਚ ਸਤਨਾਮ ਸਿੰਘ ਕਤਲਕਾਂਡ ''ਚ ਹੈਰਾਨ ਕਰਦਾ ਖੁਲਾਸਾ, ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਨਾਂ ਆਇਆ ਸਾਹਮਣੇ

12/13/2017 10:11:25 AM

ਚੰਡੀਗੜ੍ਹ (ਬਰਜਿੰਦਰ) : ਸੈਕਟਰ-38 ਸਥਿਤ ਗੁਰਦੁਆਰਾ ਸੰਤਸਰ ਦੇ ਕੋਲ 9 ਅਪ੍ਰੈਲ, 2017 ਨੂੰ ਹੁਸ਼ਿਆਰਪੁਰ ਦੇ ਪਿੰਡ ਖੁਰਦਾ ਦੇ ਸਰਪੰਚ ਸਤਨਾਮ ਸਿੰਘ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਮ੍ਰਿਤਕ ਦੇ ਭਰਾ ਨੇ ਚੰਡੀਗੜ੍ਹ ਪੁਲਸ 'ਤੇ ਦੋਸ਼ੀਆਂ ਨਾਲ ਮਿਲੀ-ਭੁਗਤ ਦੇ ਦੋਸ਼ ਲਾਉਂਦਿਆਂ ਸੀ. ਬੀ. ਆਈ. ਜਾਂ ਐੱਨ. ਆਈ. ਏ. ਤੋਂ ਜਾਂਚ ਦੀ ਮੰਗ ਕੀਤੀ ਹੈ। ਉਥੇ ਹੀ ਹਾਈਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਉਹ ਕੇਸ ਦੀ ਮੋਨੀਟਰਿੰਗ ਕਰੇ। ਮ੍ਰਿਤਕ ਦੇ ਭਰਾ ਪਰਮਿੰਦਰ ਸਿੰਘ ਨੇ ਦੋਸ਼ਾਂ ਵਿਚ ਕਿਹਾ ਹੈ ਕਿ ਪੁਲਸ ਨਿਰਪੱਖ ਜਾਂਚ ਨਹੀਂ ਕਰ ਰਹੀ ਤੇ ਜਾਂਚ ਵਿਚ ਢਿੱਲ ਵਰਤ ਰਹੀ ਹੈ, ਜਿਸਦਾ ਲਾਭ ਮੁਲਜ਼ਮਾਂ ਨੂੰ ਮਿਲ ਰਿਹਾ ਹੈ। ਹਾਈਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਸਮੇਤ ਹੋਰ ਪ੍ਰਤੀਵਾਦੀਆਂ ਨੂੰ 19 ਦਸੰਬਰ ਲਈ ਨੋਟਿਸ ਜਾਰੀ ਕੀਤਾ ਹੈ। ਮਾਮਲੇ ਵਿਚ ਕੇਂਦਰ ਸਰਕਾਰ, ਸੀ. ਬੀ. ਆਈ. ਤੇ ਐੱਨ. ਆਈ. ਏ., ਹੋਮ ਸੈਕਟਰੀ, ਚੰਡੀਗੜ੍ਹ ਪ੍ਰਸ਼ਾਸਨ, ਡੀ. ਜੀ. ਪੀ. ਚੰਡੀਗੜ੍ਹ, ਐੱਸ. ਐੱਸ. ਪੀ. ਚੰਡੀਗੜ੍ਹ ਤੇ ਐੱਸ. ਐੱਚ. ਓ. ਮਲੋਆ ਰਾਮ ਰਤਨ ਨੂੰ ਪਾਰਟੀ ਬਣਾਇਆ ਗਿਆ ਹੈ।
ਪਟੀਸ਼ਨ ਵਿਚ ਕਿਹਾ ਗਿਆ ਕਿ 10 ਜੁਲਾਈ 2013 ਨੂੰ ਉਸ ਦੇ ਭਰਾ ਨਿਸ਼ਾਨ ਸਿੰਘ ਉਰਫ ਛੰਨਾ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸੇ ਕੇਸ ਵਿਚ ਸਤਨਾਮ ਸਿੰਘ ਚਸ਼ਮਦੀਦ ਸੀ ਤੇ ਉਸ ਦੀ ਗਵਾਹੀ ਦਰਜ ਹੋਣੀ ਸੀ। ਉਸ ਨੂੰ ਮੁੱਕਰਨ ਲਈ ਧਮਕੀਆਂ ਮਿਲ ਰਹੀਆਂ ਸਨ। ਪਟੀਸ਼ਨਰ ਨੇ ਸਤਨਾਮ ਮਰਡਰ ਕੇਸ ਵਿਚ ਪੁਲਸ ਵਲੋਂ ਬਣਾਏ ਗਏ ਸ਼ਿਕਾਇਤ ਕਰਤਾ ਨਿਰਮਲ ਸਿੰਘ ਬਾਰੇ ਕਿਹਾ ਹੈ ਕਿ ਉਸਨੇ ਸਤਨਾਮ ਸਿੰਘ ਨੂੰ ਵਾਰਦਾਤ ਵਾਲੇ ਦਿਨ ਗੁਰਦੁਆਰੇ ਕੋਲ ਬੁਲਾਇਆ ਸੀ। ਪਟੀਸ਼ਨਰ ਨੇ ਦਾਅਵਾ ਕੀਤਾ ਕਿ ਨਿਰਮਲ ਸਿੰਘ ਮੁਲਜ਼ਮਾਂ ਦੇ ਸੰਪਰਕ ਵਿਚ ਸੀ ਤੇ ਉਸ ਨੂੰ ਮੁਲਜ਼ਮ ਬਣਾਇਆ ਜਾਵੇ। ਦੋਸ਼ ਮੁਤਾਬਕ ਜਾਂਚ ਏਜੰਸੀ ਨੂੰ ਗੁੰਮਰਾਹ ਕਰਨ ਲਈ ਨਿਰਮਲ ਸਿੰਘ ਖੁਦ ਸ਼ਿਕਾਇਤਕਰਤਾ ਬਣ ਗਿਆ, ਤਾਂ ਕਿ ਹੱਤਿਆਕਾਂਡ ਨਾਲ ਜੁੜੇ ਮੁਲਜ਼ਮਾਂ ਨੂੰ ਲਾਭ ਮਿਲ ਸਕੇ।
ਵਿੱਕੀ ਗੌਂਡਰ ਗੈਂਗ ਤੋਂ ਕਰਵਾਈ ਹੱਤਿਆ : ਪਟੀਸ਼ਨਰ
ਪਟੀਸ਼ਨਰ ਨੇ ਆਪਣੇ ਭਰਾ ਦੀ ਹੱਤਿਆ ਪਿੱਛੇ ਕਾਰਨ ਦੱਸਦਿਆਂ ਕਿਹਾ ਕਿ ਸਤਨਾਮ ਸਿੰਘ ਨਿਸ਼ਾਨ ਸਿੰਘ ਹੱਤਿਆਕਾਂਡ ਵਿਚ ਚਸ਼ਮਦੀਦ ਗਵਾਹ ਸੀ, ਜਿਸ ਵਿਚ ਪ੍ਰਦੀਪ ਸਿੰਘ ਤੇ ਉਸ ਦੇ ਪਿਤਾ ਕੁਲਦੀਪ ਸਿੰਘ, ਮਾਂ ਗੁਰਬਖਸ਼ ਕੌਰ, ਚੰਨਪ੍ਰੀਤ ਸਿੰਘ ਉਰਫ ਚੰਨਾ, ਰਾਜਵਿੰਦਰ ਸਿੰਘ ਉਰਫ ਰਾਜਾ, ਅਮਰੀਕ ਸਿੰਘ, ਉਸ ਦਾ ਬੇਟਾ ਅਰਸ਼ਦੀਪ ਸਿੰਘ ਤੇ ਕਾਕਾ ਸ਼ਾਮਲ ਸਨ। 11 ਅਪ੍ਰੈਲ ਲਈ ਉਹ ਕੇਸ ਸਤਨਾਮ ਸਿੰਘ ਦੀ ਗਵਾਹੀ ਲਈ ਤੈਅ ਹੋਇਆ ਸੀ। ਇਸ ਵਿਚ ਸਤਨਾਮ ਸਿੰਘ ਤੇ ਨਿਸ਼ਾਨ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਮਾਮਲੇ ਵਿਚ ਚਸ਼ਮਦੀਦ ਸਨ, ਜਿਨ੍ਹਾਂ ਨੂੰ ਮੁਲਜ਼ਮ ਧਿਰ ਦੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਰਾਹੀਂ ਮੁੱਕਰਨ ਲਈ ਧਮਕੀਆਂ ਮਿਲ ਰਹੀਆਂ ਸਨ। ਸਤਨਾਮ ਸਿੰਘ ਨੇ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। 2 ਫਰਵਰੀ, 2015 ਨੂੰ ਹਾਈ ਕੋਰਟ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਤੇ ਸਬੰਧਤ ਐੱਸ. ਐੱਚ. ਓ. ਨੂੰ ਸਤਨਾਮ ਸਿੰਘ ਤੇ ਹਰਪ੍ਰੀਤ ਕੌਰ ਨੂੰ ਗਵਾਹੀ ਲਈ ਜ਼ਰੂਰੀ ਸੁਰੱਖਿਆ ਮੁਹੱਈਆ ਕਰਨ ਦੇ ਹੁਕਮ ਦਿੱਤੇ ਸਨ। 10 ਫਰਵਰੀ ਨੂੰ ਸਤਨਾਮ ਸਿੰਘ ਦੇ ਮੁੱਖ ਬਿਆਨ ਦਰਜ ਹੋ ਗਏ ਸਨ ਤੇ 11 ਫਰਵਰੀ ਸਤਨਾਮ ਸਿੰਘ ਦੇ ਆਉਣ ਵਾਲੇ ਬਿਆਨਾਂ ਦੀ ਸੁਣਵਾਈ ਲਈ ਤੈਅ ਹੋਈ ਸੀ। ਸਤਨਾਮ ਸਿੰਘ 'ਤੇ ਮੁੱਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਧਮਕੀਆਂ ਮਿਲ ਰਹੀਆਂ ਸਨ ਪਰ ਉਸਨੇ ਮੁੱਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ 'ਤੇ ਮੁਲਜ਼ਮ ਧਿਰ ਨੇ ਸਤਨਾਮ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਰਚੀ। ਉਨ੍ਹਾਂ ਕਾਂਟ੍ਰੈਕਟ ਕਿੱਲਰ/ਗੈਂਗਸਟਰ ਵਿੱਕੀ ਗੌਂਡਰ ਗੈਂਗ ਤੋਂ ਇਹ ਕੰਮ ਕਰਵਾਇਆ।
ਪੁਲਸ ਜਾਂਚ 'ਤੇ ਇਹ ਦੋਸ਼ 
ਪੁਲਸ ਅਜੇ ਤਕ ਮਾਮਲੇ ਵਿਚ ਸਿਰਫ 3 ਲੋਕਾਂ ਨੂੰ ਗ੍ਰਿਫਤਾਰ ਕਰ ਸਕੀ ਹੈ, ਜਿਨ੍ਹਾਂ ਵਿਚ ਤੀਰਥ, ਅਰਸ਼ਦੀਪ ਤੇ ਚੰਨਪ੍ਰੀਤ ਸ਼ਾਮਲ ਹਨ ਤੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਬਾਵਜੂਦ ਬਾਕੀ ਮੁਲਜ਼ਮਾਂ ਨੂੰ ਦਬੋਚਣ ਤੇ ਮਾਮਲੇ ਵਿਚ ਜਿਨ੍ਹਾਂ ਲੋਕਾਂ 'ਤੇ ਸ਼ਿਕਾਇਤਕਰਤਾ ਨੇ ਦੋਸ਼ ਲਾਏ ਹਨ, ਨੂੰ ਮੁਲਜ਼ਮ ਦੇ ਰੂਪ ਵਿਚ ਸ਼ਾਮਲ ਕਰਨ ਵਿਚ ਪੁਲਸ ਨਾਕਾਮ ਰਹੀ ਹੈ। ਪਟੀਸ਼ਨਰ ਨੇ ਕਿਹਾ ਕਿ ਕੁਝ ਮੁਲਜ਼ਮ ਆਜ਼ਾਦ ਘੁੰਮ ਰਹੇ ਹਨ, ਜਿਨ੍ਹਾਂ ਵਿਚੋਂ ਕੁਝ ਵਿੱਕੀ ਗੌਂਡਰ ਗੈਂਗ ਦੇ ਹਨ, ਜੋ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਮਹਾਰਾਸ਼ਟਰ ਵਿਚ ਹੱਤਿਆਵਾਂ, ਲੁੱਟ ਤੇ ਵਸੂਲੀ ਵਰਗੇ ਕੇਸਾਂ ਵਿਚ ਲੋੜੀਂਦੇ ਹਨ। ਪਟੀਸ਼ਨ ਵਿਚ ਸਤਨਾਮ ਸਿੰਘ ਮਰਡਰ ਕੇਸ ਤੋਂ ਬਾਅਦ ਵਿੱਕੀ ਗੌਂਡਰ ਗੈਂਗ ਵਲੋਂ ਕਥਿਤ ਰੂਪ ਨਾਲ ਅੰਜਾਮ ਦਿੱਤੀ ਗਈ ਵਾਰਦਾਤ ਦੀ ਜਾਣਕਾਰੀ ਦਿੱਤੀ ਗਈ ਹੈ। ਪਟੀਸ਼ਨਰ ਨੇ ਮਾਮਲੇ ਵਿਚ ਐੱਸ. ਆਈ. ਟੀ. ਦੀ ਮੰਗ ਕਰਦਿਆਂ ਜੂਨ ਵਿਚ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ 27 ਸਤੰਬਰ ਲਈ ਯੂ. ਟੀ. ਨੂੰ ਨੋਟਿਸ ਹੋਇਆ ਸੀ, ਜਿਸ ਵਿਚ ਅਜੇ ਤਕ ਜਵਾਬ ਦਾਇਰ ਨਹੀਂ ਹੋਇਆ ਤੇ ਕੇਸ 9 ਮਾਰਚ, 2018 ਲਈ ਤੈਅ ਹੈ।