ਸਤਲੁਜ ਦਰਿਆ ''ਚ ਛੱਡੇ ਪਾਣੀ ਕਾਰਨ ਹਜ਼ਾਰਾਂ ਏਕੜ ਫਸਲ ਤਬਾਹ (ਤਸਵੀਰਾਂ)

08/18/2019 7:03:01 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਮੌਸਮ ਵਿਭਾਗ ਵੱਲੋਂ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਭਾਖੜਾ ਡੈਮ ਪ੍ਰਬੰਧਕਾਂ ਵੱਲੋਂ ਸਤਲੁਜ ਦਰਿਆ 'ਚ ਛੱਡੇ ਪਾਣੀ ਕਾਰਨ ਸ੍ਰੀ ਕੀਰਤਪੁਰ ਸਾਹਿਬ ਅਤੇ ਇਸ ਦੇ ਨਾਲ ਲੱਗਦੇ ਸਤਲੁਜ ਦਰਿਆ ਕੰਢੇ ਵਸਦੇ ਪਿੰਡਾਂ ਚੰਦਪੁਰ ਬੇਲਾ, ਗੱਜਪੁਰ ਬੇਲਾ, ਹਰੀਵਾਲ, ਮਹਿੰਦਲੀ ਕਲਾਂ, ਸ਼ਾਹਪੁਰ ਬੇਲਾ, ਨੌਂ ਲੱਖਾ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਅਤੇ ਮੱਕੀ ਦੀ ਫਸਲ ਪਾਣੀ 'ਚ ਡੁੱਬ ਚੁੱਕੀ ਹੈ। ਜਿਸ ਸਬੰਧੀ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀਆਂ ਮੋਟਰਾਂ ਅਤੇ ਟਿਊਬਵੈੱਲ ਪਾਣੀ 'ਚ ਡੁੱਬ ਚੁੱਕੇ ਹਨ, ਉਸ ਤੋਂ ਇਲਾਵਾ ਉਨ੍ਹਾਂ ਦੀ ਫਸਲ ਵੀ ਪਾਣੀ ਦੀ ਭੇਟ ਚੜ੍ਹ ਚੁੱਕੀ ਹੈ। ਪਸ਼ੂਆਂ ਦੇ ਖਾਣ ਲਈ ਚਾਰਾ ਵੀ ਨਹੀਂ ਹੈ ਉਹ ਵੀ ਪਾਣੀ ਦੀ ਭੇਟ ਚੜ੍ਹ ਚੁੱਕਿਆ ਹੈ, ਉਨ੍ਹਾਂ ਦੀਆਂ ਲਿੰਕ ਸੜਕਾਂ 'ਤੇ 2-2 ਫੁੱਟ ਪਾਣੀ ਘੁੰਮ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਬੱਚੇ ਸਕੂਲ ਵੀ ਨਹੀਂ ਜਾ ਸਕੇ। ਉਨ੍ਹਾਂ ਪ੍ਰਸ਼ਾਸਨ ਅਤੇ ਸੂਬਾ ਸਰਕਾਰ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਸਮੇਂ-ਸਮੇਂ 'ਤੇ ਪ੍ਰਬੰਧਾਂ ਦੇ ਦਾਅਵੇ ਤਾਂ ਜ਼ਰੂਰ ਕਰਦੇ ਹਨ ਪਰ ਜੇ ਗਰਾਊਂਡ ਲੇਵਲ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਕੁਝ ਹੋਰ ਹੀ ਹਨ।


ਪਿੰਡਾਂ ਦੇ ਲੋਕਾਂ 'ਚ ਸਹਿਮ
ਸਤਲੁਜ ਦਰਿਆ ਦੇ ਕੰਢੇ ਵਸਦੇ ਪਿੰਡਾਂ ਦੇ ਵਸਨੀਕਾਂ 'ਚ ਸਤਲੁਜ ਦਰਿਆ ਵਿਚ ਲਗਾਤਾਰ ਪਾਣੀ ਵਧਣ ਕਾਰਨ ਡਰ ਦਾ ਮਾਹੌਲ ਵੱਧਦਾ ਜਾ ਰਿਹਾ ਹੈ। ਬੇਸ਼ਕ ਪਾਣੀ ਆਬਾਦੀ ਤੱਕ ਨਹੀਂ ਪੁੱਜਾ, ਜੇਕਰ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਦਰਿਆ ਵਿਚ ਆਉਂਦੇ ਪਾਣੀ ਦਾ ਪੱਧਰ ਵੱਧ ਸਕਦਾ ਹੈ ਅਤੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਹੋ ਸਕਦਾ ਹੈ।
ਸਤਲੁਜ ਦਰਿਆ ਕੰਢੇ ਵੱਸਦੇ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ
ਹਿਮਾਚਲ ਪ੍ਰਦੇਸ਼ 'ਚ ਪੈ ਰਹੇ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਕੰਢੇ ਵਸਦੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ ਜੇਕਰ ਸਤਲੁਜ ਦਰਿਆ 'ਚ ਸਵਾਂ ਨਦੀ ਦਾ ਪਾਣੀ ਪੈ ਜਾਂਦਾ ਹੈ ਤਾਂ ਪਾਣੀ ਦਾ ਲੈਵਲ ਹੋਰ ਵੱਧ ਜਾਵੇਗਾ, ਜਿਸ ਨਾਲ ਸਤਲੁਜ ਦਰਿਆ ਕੰਢੇ ਵੱਸਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਕੀ ਕਹਿਣੈ ਐੱਸ. ਡੀ. ਐੱਮ. ਸ੍ਰੀ ਅਨੰਦਪੁਰ ਸਾਹਿਬ ਦਾ 
ਇਸ ਸਬੰਧੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਐੱਸ. ਡੀ. ਐੱਮ. ਕਨੂੰ ਗਰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਭਾਖੜਾ ਡੈਮ ਤੋਂ ਸਤਲੁਜ ਦਰਿਆ 'ਚ ਪਾਣੀ ਛੱਡਣਾ ਪਿਆ ਹੈ, ਜਿਸ ਕਰਕੇ ਉਨ੍ਹਾਂ ਵੱਲੋਂ ਇਲਾਕੇ ਦੇ ਪਿੰਡਾਂ 'ਚ 2 ਵਾਰ ਬਕਾਇਦਾ ਅਨਾਊਂਸਮੈਂਟ ਕਰਵਾ ਦਿੱਤੀ ਗਈ ਹੈ। ਜੇਕਰ ਕਿਸੇ ਦੇ ਘਰਾਂ ਦੇ ਆਲੇ-ਦੁਆਲੇ ਪਾਣੀ ਆਇਆ ਹੈ ਤਾਂ ਉਹ ਸ਼ਿਫਟ ਹੋ ਸਕਦੇ ਹਨ ਉਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਸਕੂਲਾਂ, ਕਾਲਜਾਂ ਆਦਿ ਵਿਚ ਕੀਤਾ ਗਿਆ ਹੈ ਇਸ ਤੋਂ ਇਲਾਵਾ ਉਨ੍ਹਾਂ ਦੇ ਖਾਣ-ਪੀਣ ਅਤੇ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

shivani attri

This news is Content Editor shivani attri