ਸਤਲੁਜ ’ਚ ਪਾਣੀ ਵਧਣ ਨਾਲ ਸਰਹੱਦੀ ਪਿੰਡਾਂ ਦੀ 200 ਏਕਡ਼ ਫਸਲ ਡੁੱਬੀ

08/21/2018 12:52:33 AM

ਫਿਰੋਜ਼ਪੁਰ, (ਕੁਮਾਰ, ਮਨਦੀਪ, ਮਲਹੋਤਰਾ)–ਹਿਮਾਚਲ ਤੇ ਪੰਜਾਬ ’ਚ ਹੋਈ ਬਾਰਿਸ਼  ਕਾਰਨ ਪਿੱਛੇ ਤੋਂ ਸਤਲੁਜ ਦਰਿਆ ’ਚ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਫਿਰੋਜ਼ਪੁਰ ’ਚ ਸਤਲੁਜ ਦਰਿਆ  ਦੇ ਪਾਣੀ ਦਾ ਪੱਧਰ ਵਧ ਰਿਹਾ ਹੈ, ਜਿਸ ਕਾਰਨ ਉਕਤ ਦਰਿਆ ਦੇ ਨਾਲ ਲੱਗਦੇ ਪਿੰਡ ਖੁੰਦਰ ਗੱਟੀ ਤੇ ਕਾਮਲ ਵਾਲਾ ਦੀਆਂ ਫਸਲਾਂ ਡੁੱਬ ਗਈਆਂ ਹਨ। ਪੀਡ਼ਤ ਕਿਸਾਨ ਅਮਰੀਕ ਸਿੰਘ  ਤੇ  ਹੋਰਨਾਂ ਨੇ ਦੱਸਿਆ ਕਿ ਸਤਲੁਜ ਦਰਿਆ  ਦੇ ਉਪਰ ਬਣੇ ਗੇਟ, ਜੋ ਪਾਣੀ ਦਾ ਦਬਾਅ ਘੱਟ ਕਰਦੇ ਤੇ ਵਧਾਉਂਦੇ ਹਨ, ਉਹ ਬੰਦ ਹਨ, ਜਿਸ ਕਾਰਨ ਦਰਿਆ ਦਾ ਪਾਣੀ ਬੈਕ ਮਾਰ ਰਿਹਾ ਹੈ ਤੇ ਕਿਸਾਨਾਂ ਦੇ ਖੇਤਾਂ ’ਚ ਪਾਣੀ ਦਾਖਲ ਹੋ ਗਿਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਪਾਣੀ ਅੱਗੇ ਕੱਢਿਆ ਜਾਵੇ, ਨਹੀਂ ਤਾਂ ਪਿੱਛੋਂ ਹੋਰ ਪਾਣੀ ਛੱਡੇ ਜਾਣ ਨਾਲ ਆਸ-ਪਾਸ ਦੇ ਪਿੰਡਾਂ ਵਿਚ ਵੀ ਸੈਂਕਡ਼ੇ ਏਕਡ਼ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ ਤੇ  ਪਾਣੀ  ’ਚ ਡੁੱਬਣ ਕਾਰਨ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਇਸ ਨੁਕਸਾਨ  ਲਈ ਨਹਿਰੀ ਵਿਭਾਗ ਫਿਰੋਜ਼ਪੁਰ ਦੇ ਅਹੁਦੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਜੇਕਰ ਇਸ ਵਿਭਾਗ ਨੇ ਸਤਲੁਜ ਦਰਿਆ  ਦੇ ਉਪਰ ਬਣੇ ਫਲੱਡ ਗੇਟਾਂ ਨੂੰ ਸਮੇਂ ’ਤੇ ਖੋਲ੍ਹ ਦਿੱਤਾ ਹੁੰਦਾ ਤਾਂ ਉਨ੍ਹਾਂ ਦੀ ਫਸਲ ਨਹੀਂ ਡੁੱਬਣੀ ਸੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਹਡ਼੍ਹੀ ਦੇ ਸੀਜ਼ਨ ’ਚ ਨਹੀਂ, ਬਲਕਿ ਵਿਭਾਗ ਦੇ ਅਧਿਕਾਰੀਆਂ ਨੂੰ ਇਥੇ 24 ਘੰਟੇ ਲਗਾਤਾਰ ਹਾਜ਼ਰ ਰਹਿਣਾ ਚਾਹੀਦਾ ਹੈ। 
ਫਿਰੋਜ਼ਪੁਰ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ : ਡੀ. ਸੀ. 
ਸੰਪਰਕ ਕਰਨ ’ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਫਿਰੋਜ਼ਪੁਰ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਅਸੀਂ ਸਭ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ।  ਖਰਾਬ ਹੋਈ ਫਸਲ ਦਾ ਜਾਇਜ਼ਾ ਲਿਆ ਜਾਵੇਗਾ।  ਸਿੰਚਾਈ ਦੇ ਅਧਿਕਾਰੀਆਂ ਨੂੰ 24 ਘੰਟੇ ਸਟਾਫ ਹਾਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਫਲੱਡ ਦੇ ਪ੍ਰਬੰਧਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਹਾਲੇ ਤੱਕ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ।