ਗੁਰੂ ਕਾਲ ਤੋਂ ਵਰਤਮਾਨ ਤੱਕ ਨਿਰੰਤਰ ਬਦਲਦਾ ਰਿਹਾ ਸਰਸਾ ਨਦੀ ਦਾ ਸਰੂਪ

12/16/2018 1:26:12 PM

ਸਰਸਾ ਨੰਗਲ/ਸ੍ਰੀ ਅਨੰਦਪੁਰ ਸਾਹਿਬ/ ਘਨੌਲੀ (ਸ਼ਮਸ਼ੇਰ, ਸ਼ਰਮਾ)— ਸਿੱਖ ਇਤਿਹਾਸ ਦੇ ਲਹੂ ਨਾਲ ਲੱਥਪਥ ਪੰਨਿਆਂ ਨੂੰ ਫਰੋਲੀਏ ਤਾਂ ਗੁਰੂ ਜੀ ਦੇ ਜੀਵਨ ਦੀਆਂ ਅਹਿਮ ਘਟਨਾਵਾਂ ਦਾ ਸਰਸਾ ਨਦੀ ਦੇ ਕਿਨਾਰੇ 'ਤੇ ਪਿਆ ਪਰਿਵਾਰ ਵਿਛੋੜਾ ਅਤੇ ਦੁਸ਼ਮਣ ਦਲਾਂ ਵੱਲੋਂ ਕੀਤਾ ਕਪਟ ਭਰਪੂਰ ਹਮਲਾ ਮੁੱਖ ਸਥਾਨ ਰੱਖਦੇ ਹਨ। 6 ਅਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਕਿਲਾ ਅਨੰਦਗੜ੍ਹ (ਸ੍ਰੀ ਅਨੰਦਪੁਰ ਸਾਹਿਬ) ਨੂੰ ਛੱਡ ਕੇ ਗੁਰੂ ਜੀ ਜਦੋਂ ਸਰਸਾ ਕਿਨਾਰੇ ਪਹੁੰਚੇ ਤਾਂ ਮੁਗਲ ਹਕੂਮਤ ਤੇ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਤਮਾਮ ਵਾਅਦੇ ਤੇ ਕਸਮਾਂ ਭੁੱਲ ਕੇ ਗੁਰੂ ਜੀ ਦੇ ਕਾਫਲੇ 'ਤੇ ਹਮਲਾ ਕਰ ਦਿੱਤਾ। ਕੁਦਰਤ ਦਾ ਅਨੋਖਾ ਚਮਤਕਾਰ ਇਹ ਵਰਤਿਆ ਕਿ ਪੋਹ ਦੀ ਠੰਡੀ ਜ਼ਖ ਇਸ ਰਾਤ 'ਚ ਭਾਰੀ ਬਰਸਾਤ ਪੈ ਰਹੀ ਸੀ ਅਤੇ ਸਰਸਾ 'ਚ ਕਹਿਰਾਂ ਦਾ ਹੜ੍ਹ ਆਇਆ ਹੋਇਆ ਸੀ। ਇਤਿਹਾਸਕਾਰ ਦੱਸਦੇ ਹਨ ਕਿ ਅਜਿਹਾ ਹੜ੍ਹ ਨਾ ਉਸ ਰਾਤ ਤੋਂ ਪਹਿਲਾਂ ਕਦੇ ਸਰਸਾ 'ਚ ਆਇਆ ਸੀ ਤੇ ਨਾ ਹੀ ਇਸ ਤੋਂ ਬਾਅਦ ਕਦੇ ਮੁੜ ਆਇਆ। ਇਸੇ ਦੌਰਾਨ ਗੁਰੂ ਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ 'ਚ ਤਕਸੀਮ ਹੋਣਾ ਅਨੇਕਾਂ ਸਿੰਘਾਂ ਦੀ ਸ਼ਹੀਦੀ ਤੇ ਸਰਸਾ ਦੇ ਵਹਿਣ 'ਚ ਜਿਊਂਦੇ ਜੀਅ ਰੁੜ੍ਹ ਜਾਣਾ ਜਿੱਥੇ ਇਤਿਹਾਸ ਦਾ ਦਿਲਕੰਬਾਊ ਘਟਨਾਕ੍ਰਮ ਹੋ ਨਿੱਬੜਿਆ, ਉਥੇ ਗੁਰੂ ਜੀ ਦੀਆਂ ਰਚਿਤ ਬਹੁ-ਕੀਮਤੀ ਰਚਨਾਵਾਂ ਤੇ ਪੁਰਾਤਨ ਗ੍ਰੰਥਾਂ ਦਾ ਸਰਮਾਇਆ ਵੀ ਸਰਸਾ ਦੀ ਭੇਟ ਹੋ ਗਿਆ। ਇਸ ਦੇ ਬਾਵਜੂਦ ਅਤਿ ਦਰਜੇ ਦੇ ਸੰਗੀਨ ਹਾਲਾਤ 'ਚ ਗੁਰੂ ਜੀ ਨੇ ਸਰਸਾ ਦੇ ਕਿਨਾਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਦੀਵਾਨ ਸਜਾਇਆ ਤੇ ਫਿਰ ਸਰਸਾ ਨੂੰ ਪਾਰ ਕੀਤਾ। ਉਹ ਸਰਸਾ ਨਦੀ ਅੱਜ ਇਤਿਹਾਸ ਦਾ ਅਤੁੱਟ ਅੰਗ ਬਣੀ ਹੋਈ ਹੈ। ਇਸ ਤੋਂ ਇਲਾਵਾ ਕਈ ਹੋਰ ਪਹਿਲੂ ਇਸ ਨਾਲ ਜੁੜੇ ਹੋਏ ਹਨ, ਜਿਨ੍ਹਾਂ ਪ੍ਰਤੀ ਇਸ ਕਾਲਮ 'ਚ ਚਰਚਾ ਕੀਤੀ ਜਾ ਰਹੀ ਹੈ।

ਸਰਸਾ ਨਦੀ 'ਤੇ ਮਾਈਨਿੰਗ ਮਾਫੀਏ ਦਾ ਕਹਿਰ
ਜਿਸ ਸਰਸਾ ਨਦੀ ਨੂੰ ਇਤਿਹਾਸਕਾਰਾਂ, ਰਾਗੀਆਂ ਜਾਂ ਢਾਡੀਆਂ ਨੇ ਆਪੋ-ਆਪਣੇ ਵਿਸ਼ਿਆਂ ਰਾਹੀਂ ਸੰਗਤਾਂ ਦੇ ਰੂ-ਬਰੂ ਕੀਤਾ ਹੈ, ਉਹ ਸਰਸਾ ਅੱਜ ਆਪਣੇ ਹਾਲ 'ਤੇ ਖੁਦ ਹੰਝੂ ਕੇਰਨ ਲਈ ਮਜਬੂਰ ਹੈ। ਅੱਜ ਮਾਈਨਿੰਗ ਮਾਫੀਏ ਨੇ ਇਸ ਨਦੀ 'ਚ ਪੋਕਲੇਨਾਂ ਅਤੇ ਜੇ. ਸੀ. ਬੀ. ਮਸ਼ੀਨਾਂ ਬੀੜ ਕੇ ਉਸ ਦਾ ਸੀਨਾ ਥਾਂ-ਥਾਂ ਤੋਂ ਛਲਣੀ ਕਰ ਦਿੱਤਾ ਹੈ। ਪਿੰਡ ਸਰਸਾ ਨੰਗਲ, ਮੰਗੂਵਾਲ ਦਿਵਾੜੀ ਅਤੇ ਮਾਜਰੀ ਆਦਿ ਦੀਆਂ ਇਸ ਨਦੀ ਦੇ ਘੇਰੇ 'ਚ ਆਉਂਦੀਆਂ ਜ਼ਮੀਨਾਂ ਬੁਰੀ ਤਰ੍ਹਾਂ ਮਾਈਨਿੰਗ ਮਾਫੀਆ ਦਾ ਸ਼ਿਕਾਰ ਹਨ। ਥਾਂ-ਥਾਂ 'ਤੇ ਲੱਗੇ ਕਰੈਸ਼ਰਾਂ ਨੇ ਇਸ ਦੇ ਆਸ-ਪਾਸ ਦਾ ਵਾਤਾਵਰਣ ਪੂਰੀ ਤਰ੍ਹਾਂ ਦੂਸ਼ਿਤ ਕਰ ਦਿੱਤਾ ਹੈ। ਦਰਜਨਾਂ ਕਰੈਸ਼ਰ ਸਿਆਸੀ ਭਾਈਵਾਲੀ ਨਾਲ ਕੁਦਰਤੀ ਵਿਰਾਸਤ 'ਤੇ ਡਾਕਾ ਮਾਰ ਰਹੇ ਹਨ। ਉਹ ਸਰਸਾ ਨਦੀ ਜਿਸ ਨੇ ਕਦੇ ਗੁਰੂ ਜੀ ਦੇ ਜਾਨੋਂ ਪਿਆਰੇ ਸਿੰਘਾਂ ਅਤੇ ਵੱਡਮੁੱਲੇ ਸਰਮਾਏ ਨੂੰ ਡੈਣ ਬਣ ਕੇ ਹੜੱਪ ਲਿਆ ਸੀ। ਅੱਜ ਮਾਫੀਏ ਦੇ ਪੰਜਿਆਂ 'ਚ ਘਿਰੀ ਪਲ-ਪਲ ਜ਼ਿਬਾਹ ਹੋ ਰਹੀ ਹੈ।

ਸਰਸਾ ਨਦੀ ਬਨਾਮ ਸਰਸਾ ਨੰਗਲ
ਸਰਸਾ ਨਦੀ ਕਾਲਕਾ, ਬੱਦੀ ਤੇ ਨਾਲਾਗੜ੍ਹ ਦੇ ਵੱਖ ਵੱਖ ਪਰਬਤਾਂ 'ਚੋਂ ਝਰਨਿਆ ਅਤੇ ਨਾਲਿਆਂ ਦੇ ਰੂਪ 'ਚ ਨਿਕਲਦੀ ਹੈ ਅਤੇ ਦੂਨ ਖੇਤਰ 'ਚ ਸਥਿਤ ਪਿੰਡਾਂ 'ਚ ਨਦੀ ਦਾ ਰੂਪ ਧਾਰਨ ਕਰਦੀ ਹੈ। 50 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਇਹ ਪਿੰਡ ਚੱਕ ਢੇਰਾਂ ਦੀ ਹੱਦ 'ਚ ਸਤਲੁਜ ਦਰਿਆ ਨਾਲ ਜਾ ਮਿਲਦੀ ਹੈ। ਕਰੀਬ 80 ਘਰਾਂ ਦਾ ਪਿੰਡ ਸਰਸਾ ਨੰਗਲ ਪਹਿਲਾਂ ਨੰਗਲ ਗੋਲੂ ਸਿੰਘ ਕਰਕੇ ਜਾਣਿਆ ਜਾਂਦਾ ਸੀ ਜੋ ਕਿ ਇਹ ਇਤਿਹਾਸਕ ਸਾਕਾ ਵਾਪਰਨ ਪਿੱਛੋਂ ਸਰਸਾ ਨੰਗਲ ਦੇ ਨਾਂ ਨਾਲ ਮਸ਼ਹੂਰ ਹੋਇਆ।

ਅਸਥਾਨ ਪਰਿਵਾਰ ਵਿਛੋੜਾ ਸਾਹਿਬ ਦੀ ਕਿਵੇਂ ਹੋਈ ਸਥਾਪਨਾ ਬਾਬਾ ਅਵਤਾਰ ਸਿੰਘ ਦੀ ਜ਼ੁਬਾਨੀ
ਸਰਸਾ ਨਦੀ ਦੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੀ ਸਥਾਪਨਾ ਦੌਰਾਨ ਜੋ ਰੌਚਿਕ ਅਤੇ ਸਨਸਨੀਖੇਜ਼ ਤੱਤ ਸਾਹਮਣੇ ਆਏ ਹਨ, ਉਹ ਹਰ ਵਿਅਕਤੀ ਨੂੰ ਹੈਰਾਨ ਕਰ ਦੇਣ ਵਾਲੇ ਹਨ। ਇਸ ਅਸਥਾਨ ਦੀ ਸੇਵਾ ਸੰਤ ਅਜੀਤ ਸਿੰਘ ਜੀ ਪਰਿਵਾਰ ਵਿਛੋੜਾ ਸਾਹਿਬ ਵਾਲਿਆਂ ਵੱਲੋਂ ਕਰਵਾਈ ਗਈ ਹੈ ਪਰ ਬਾਬਾ ਅਵਤਾਰ  ਸਿੰਘ ਟਿੱਬੀ ਸਾਹਿਬ ਵਾਲੇ ਉਸ ਵੇਲੇ ਇਸ ਕਾਰਜ 'ਚ ਮੁੱਖ ਸੇਵਾਦਾਰ ਸਨ। ਬਾਬਾ ਅਵਤਾਰ ਸਿੰਘ ਅਨੁਸਾਰ ਉਸ ਵੇਲੇ ਸਰਸਾ ਨਦੀ ਗੁਰਦੁਆਰਾ ਪਰਿਵਾਰ ਵਿਛੋੜਾ ਨਾਲ ਐਨ ਖਹਿ ਕੇ ਲੰਘਦੀ ਸੀ। ਇਸ ਦਾ ਪਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਥਰਮਲ ਪਲਾਂਟ ਘਨੌਲੀ ਤੱਕ ਸੀ। ਸੰਨ 1949 'ਚ ਜਦੋਂ ਭਾਖੜਾ ਨਹਿਰ ਦਾ ਸਰਵੇ ਹੋਇਆ ਤਾਂ ਗੁਰਦੁਆਰਾ ਸਾਹਿਬ ਵਾਲਾ ਉੱਚਾ ਅਸਥਾਨ ਜਿੱਥੇ ਕਿ ਗੁਰੂ ਜੀ ਨੇ ਸਰਸਾ ਪਾਰ ਕਰਨ ਤੋਂ ਪਹਿਲਾਂ ਆਸਾ ਦੀ ਵਾਰ ਦਾ ਦੀਵਾਨ ਲਗਾਇਆ ਸੀ, ਭਾਖੜਾ ਨਹਿਰ ਦੇ ਸਰਵੇ 'ਚ ਆਉਂਦਾ ਸੀ ਪਰ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਰਵੇ ਸਿਰੇ ਨਾ ਲੱਗ ਸਕਿਆ। ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਇਸ ਦਾ ਕਾਰਨ ਲੱਭਿਆ ਤਾਂ ਕਿਸੇ ਨੇ ਦੱਸਿਆ ਕਿ ਇਹ ਅਸਥਾਨ ਦੀ ਸਿਖਰਲੀ ਚੋਟੀ 'ਤੇ ਇਕ ਮੁਸਲਮਾਨ ਪਠਾਣ ਦੀ ਕਬਰ ਸਥਿਤ ਹੈ, ਜਿੱਥੇ ਕਿ ਹਰ ਵਰ੍ਹੇ ਮੁਸਲਮਾਨ ਆਉਂਦੇ ਸਨ ਅਤੇ ਕੱਵਾਲੀਆਂ ਆਦਿ ਗਾ ਕੇ ਮੁਜਰਾ ਕਰਦੇ  ਸਨ। ਇਸ ਬਾਰੇ ਉਕਤ ਮੁਸਲਮਾਨਾਂ ਦਾ ਦਾਅਵਾ ਸੀ ਕਿ ਉਨ੍ਹਾਂ ਦਾ ਮੁਰਸ਼ਦ ਸਰਸਾ ਕਿਨਾਰੇ ਹੋਈ ਜੰਗ 'ਚ ਸ਼ਹੀਦ ਹੋਇਆ ਸੀ ਇਹ ਅਸਥਾਨ ਉਸ ਦਾ ਹੈ। ਅਸਲ 'ਚ ਮੁਗਲ ਸ਼ਾਸਨ ਦਾ ਲਾਭ ਉਠਾ ਕੇ ਮੁਸਲਮਾਨਾਂ ਨੇ ਇਸ ਇਤਿਹਾਸਕ ਚੋਟੀ 'ਤੇ ਕਬਜ਼ਾ ਕੀਤਾ ਸੀ ਤੇ ਉਹ ਸਰਸਾ ਲਾਗੇ ਜੰਗ 'ਚ  ਮਰੇ ਮੁਗਲ ਸੈਨਕਾਂ ਨੂੰ ਵੀ ਇਸ ਯਾਦਗਾਰ ਨਾਲ ਜੋੜਦੇ ਸਨ। ਆਖਿਰ ਨਹਿਰੀ ਵਿਭਾਗ ਦਾ ਸਰਵੇ ਜਦੋਂ ਇਸ ਪਹਾੜੀ ਨੂੰ ਚੀਰ ਕੇ ਸਿੱਧੀ ਨਹਿਰ ਕੱਢਣ ਦੇ ਸਿਰੇ ਨਾ ਚੜ੍ਹਿਆ ਤਾਂ ਉਨ੍ਹਾਂ ਪਹਾੜੀ ਨੂੰ ਬਚਾ ਕੇ ਤੇ ਨਹਿਰ ਨੂੰ ਕੱਟ ਦੇ ਕੇ ਸਰਵੇ ਮੁਕੰਮਲ ਕਰ ਲਿਆ। ਪਹਾੜੀ ਦੇ ਬਚਾਅ ਨੂੰ ਲੈ ਕੇ ਨਹਿਰ ਨੂੰ ਮਾਰਿਆ ਕੱਟ ਅੱਜ ਵੀ ਪਿੰਡ ਆਲੋਵਾਲ ਕੋਲ ਖੜ੍ਹ ਕੇ ਸਪੱਸ਼ਟ ਦੇਖਿਆ ਜਾ ਸਕਦਾ ਹੈ ਫਿਰ ਜਿੱਥੋਂ ਨਹਿਰ ਕੱਢਣ ਦੀ ਪ੍ਰਪੋਜ਼ਲ ਸੀ ਉਹ ਥਾਂ ਕਾਫੀ ਡੂੰਘੀ ਸੀ। ਵਿਭਾਗ ਦੇ ਅਧਿਕਾਰੀਆਂ  ਨੇ ਇਸ ਦੀ ਭਰਪਾਈ ਕਰਨ ਲਈ ਮੁੜ ਉਸ ਇਤਿਹਾਸਕ ਪਹਾੜੀ ਨੂੰ ਖੋਦਣ ਦਾ ਨਿਸ਼ਾਨਾ ਬਣਾਇਆ ਪਰ ਹਰ ਗੇੜੇ ਉਸ ਦੀ ਮਸ਼ੀਨਰੀ ਨਕਾਰਾ ਹੁੰਦੀ ਰਹੀ ਤੇ ਜਦੋਂ ਇਹ ਕਾਰਜ ਵੀ ਨੇਪਰੇ ਨਾ ਚੜ੍ਹ ਸਕਿਆ ਤਾਂ ਇਕ ਮੁਸਲਮ ਖਾਨ ਨੇ ਹੀ ਆਪਣੀਆਂ ਖੱਚਰਾਂ ਰਾਹੀ ਇਸ ਪਹਾੜੀ ਤੋਂ  ਮਿੱਟੀ ਚੁੱਕਣ ਦਾ ਜਬਰੀ ਕੰਮ ਲੈ ਲਿਆ ਪਰ ਉਹ ਵੀ ਸਫਲ ਨਾ ਹੋ ਸਕਿਆ। ਫਿਰ ਕਿਸੇ ਨੇ ਨਹਿਰੀ ਕੰਪਨੀ ਨੂੰ ਨਸੀਅਤ ਦਿੱਤੀ ਕਿ ਇਹ ਪਹਾੜੀ ਸ਼ਹੀਦ ਸਿੰਘਾਂ ਦੀ ਯਾਦ ਦਾ ਸਰਮਾਇਆ ਹੈ, ਜਿਸ ਕਾਰਨ ਇਸ ਨੂੰ ਢਾਹੁਣਾ ਤੁਹਾਡੇ ਵੱਸ 'ਚ ਨਹੀਂ। ਇਸ ਦੌਰਾਨ ਕਿਸੇ ਨੇ ਕਿਹਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਏਨੇ ਹੀ ਪ੍ਰਤੱਖ ਹਨ ਤਾਂ ਉਹ ਆਪਣੇ ਸ਼ਹੀਦਾਂ ਦੀ ਯਾਦਗਾਰ ਇਸ ਥਾਂ 'ਤੇ ਕਿਉਂ ਨਹੀਂ ਬਣਵਾ ਲੈਂਦੇ?
ਕਿਹਾ ਜਾਂਦਾ ਹੈ ਕਿ ਉਸ ਰਾਤ ਹੀ ਗੁਰੂ ਜੀ ਨੇ ਇਲਾਹੀ  ਕੌਤਕ ਵਰਤਾਉਂਦਿਆਂ ਇਸ ਅਸਥਾਨ ਦੀ ਉਸਾਰੀ ਕਰਨ ਦੀ ਡਿਊਟੀ ਸੰਤ ਕਰਤਾਰ ਸਿੰਘ ਭੈਰੋਮਾਜਰਾ ਵਾਲਿਆਂ ਦੀ ਲਗਾਈ ਜਿਨ੍ਹਾਂ  ਨੇ ਇਸ ਅਸਥਾਨ ਨੂੰ ਆਬਾਦ ਕਰਨ ਮੌਕੇ ਮੁਸਲਮਾਨਾਂ ਦੀ ਬਣਾਈ ਯਾਦਗਾਰ ਨੂੰ ਢਾਹ ਦਿੱਤਾ ਤੇ ਸਿਖਰਲੀ ਚੋਟੀ ਤੋਂ ਅਸਥਾਨ ਦੀ ਸੇਵਾ ਆਰੰਭ ਕਰਵਾ ਦਿੱਤੀ। ਤਿੰਨ ਸਾਲਾਂ ਤੋਂ ਬਾਅਦ ਇਹ ਸੇਵਾ ਸੰਤ ਅਜੀਤ ਸਿੰਘ ਜੀ ਪਰਿਵਾਰ ਵਿਛੋੜਾ ਸਾਹਿਬ ਵਾਲਿਆਂ ਕੋਲ ਆ ਗਈ ਜਿਨ੍ਹਾਂ ਨੇ ਲੰਮਾ ਅਰਸਾ ਇਹ ਸੇਵਾ ਨਿਭਾ ਕੇ 1998 'ਚ ਇਹ ਅਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ। ਕਾਰ ਸੇਵਾ ਦੌਰਾਨ ਸੰਤ ਅਜੀਤ ਸਿੰਘ ਨੇ ਆਪਣੇ ਜੱਦੀ ਪਿੰਡ ਨਹੋਲਕਾ (ਕੁਰਾਲੀ) ਅਤੇ ਘੜੂੰਆਂ (ਮੋਹਾਲੀ) ਵਿਚ ਸਥਿਤ 8 ਏਕੜ ਵਿਰਾਸਤੀ ਜ਼ਮੀਨ ਵੇਚ ਕੇ ਜਿੱਥੇ ਇਸ ਅਸਥਾਨ ਦੀ ਸੇਵਾ ਕਰਵਾਈ ਉਥੇ ਪਿੰਡ ਸਰਸਾ ਨੰਗਲ ਦੇ ਵਸਨੀਕ ਸ. ਬਚਿੰਤ ਸਿੰਘ ਪਟਵਾਰੀ ਨੇ ਵੀ ਆਪਣੀ ਅੱਠ ਏਕੜ ਤੋਂ ਜ਼ਿਆਦਾ ਜ਼ਮੀਨ ਇਸ ਅਸਥਾਨ ਨੂੰ ਭੇਟ ਕੀਤੀ।

ਗੁ. ਪਰਿਵਾਰ ਵਿਛੋੜਾ ਸਾਹਿਬ ਵਿਖੇ ਜੋੜ ਮੇਲ ਦੇ  ਦੂਜੇ ਦਿਨ ਹਜ਼ਾਰਾਂ ਸ਼ਰਧਾਲੂ ਹੋਏ ਨਤਮਸਤਕ
ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੇ ਵਿਛੋੜੇ ਦੀਆਂ ਯਾਦਾਂ ਨੂੰ ਸਮਰਪਿਤ ਅਤੇ  ਉਸ ਸਮੇਂ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ 'ਚ ਹਜ਼ਾਰਾਂ ਸੰਗਤਾਂ ਨੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਸਰੋਵਰ  ਵਿਚ ਇਸ਼ਨਾਨ ਕੀਤਾ।
ਇਹ ਜਾਣਕਾਰੀ ਦਿੰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਅਤੇ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ। ਇਸ ਸਮਾਗਮ ਨੂੰ ਮੁੱਖ ਰੱਖਦਿਆਂ 16 ਦਸੰਬਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਉਪਰੰਤ ਗੁਰਬਾਣੀ, ਕੀਰਤਨ,  ਗੁਰਇਤਿਹਾਸ ਰਾਹੀਂ ਵੱਖ-ਵੱਖ ਜਥੇ ਅਤੇ ਪ੍ਰਚਾਰਕ ਸੰਗਤਾਂ ਨੂੰ ਨਿਹਾਲ ਕਰਨਗੇ। ਇਸ  ਸ਼ਹੀਦੀ ਸਮਾਗਮ 'ਚ ਗਿਆਨੀ ਰਘੁਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਕਮੇਟੀ ਦੇ ਮੈਂਬਰ ਸਾਹਿਬਾਨ  ਸੰਗਤਾਂ  ਨਾਲ ਵਿਚਾਰ ਸਾਂਝੇ ਕਰਨਗੇ। ਇਸ ਸਮੇਂ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਅਤੇ ਨੇੜਲੇ ਪਿੰਡਾਂ ਦੀਆਂ ਸੰਗਤ ਾਂ ਵਲੋਂ ਲਾਏ ਗਏ ਅਤੁੱਟ ਲੰਗਰ ਵਰਤਾਏ ਜਾ ਰਹੇ ਹਨ।

''ਮੈਂ ਦਸਮ ਪਾਤਸ਼ਾਹ ਦਾ ਇਸ ਗੱਲ ਤੋਂ ਲੱਖ-ਲੱਖ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਮੇਰੇ ਸਿਰ 'ਤੇ ਹੱਥ ਧਰ ਕੇ ਮੇਰੇ ਤੋਂ ਇਸ ਅਸਥਾਨ ਦੀ ਸੇਵਾ ਲਈ। ਜਦੋਂ ਇਹ ਵਡਮੁੱਲਾ ਕਾਰਜ ਆਰੰਭਿਆ ਸੀ ਤਾਂ ਅਨੇਕਾਂ ਸਮੱਸਿਆਵਾਂ ਮੂੰਹ ਅੱਡੀ ਸਾਹਮਣੇ ਖਲੋਤੀਆਂ ਸਨ, ਜਦੋਂ ਗੁਰੂ ਦੀਆਂ ਬਖਸ਼ਿਸ਼ਾਂ ਦੀ ਰਹਿਮਤ ਹੋਈ ਤਾਂ ਇਹ ਕਾਰਜ ਨੇਪਰੇ ਚੜ੍ਹ ਗਿਆ।- ਸੰਤ ਅਜੀਤ ਸਿੰਘ ਪਰਿਵਾਰ ਵਿਛੋੜਾ ਸਾਹਿਬ ਵਾਲੇ।

ਇਸਲਾਮਪ੍ਰਸਤ ਸ਼ਾਇਰ ਹਕੀਮ ਜੋਗੀ ਅੱਲਾ ਯਾਰ ਖਾਂ ਨੇ ''ਸ਼ਹੀਦਾਨਿ ਵਫਾ'' ਅਤੇ ''ਗੰਜਿ ਸ਼ਹੀਦਾਂ'' ਰਾਹੀ ਵੱਡੇ ਤੇ ਛੋਟੇ ਸਾਹਿਬਜਾਂਦਿਆਂ ਦੀ ਸਦਾਬਹਾਰ ਰਚਨਾ ਰਾਹੀਂ ਸ਼ਾਇਰੀ ਦੇ ਮਾਧਿਆਮ ਰਾਹੀਂ ਲਹੂ ਭਿੱਜੇ ਇਤਿਹਾਸ ਨੂੰ ਕਵਿਤਾ ਦੇ ਰੂਪ 'ਚ ਕਲਮਬੱਧ ਕੀਤਾ। ਇਹ ਸ਼ਾਇਰ ਆਪਣੀਆਂ ਕਵਿਤਾਵਾਂ ਦੀ ਰਚਨਾ ਕਰਨ ਮੌਕੇ ਪੂਰੇ ਤਿੰਨ ਮਹੀਨੇ ਸਰਸਾ ਨਦੀਸ ਦੇ ਕਿਨਾਰੇ ਬੈਠਾ ਰਿਹਾ ਤੇ ਇਸ ਦੀਆਂ ਲਹਿਰਾਂ ਤੇ ਵੇਗ ਨੂੰ ਕਲਪਨਾ ਰਾਹੀਂ ਚਿੱਤਰ  ਕੇ ਇਤਿਹਾਸ ਨੂੰ ਕਲਮਬੱਧ ਕਰਦਾ ਰਿਹਾ। 
-ਜੋਗੀ ਅੱਲਾ ਯਾਰ ਖਾਂ 

ਗੁ. ਪਰਿਵਾਰ ਵਿਛੋੜਾ ਸਾਹਿਬ ਵਾਲੇ ਅਸਥਾਨ 'ਤੇ ਉਚੀ ਪਹਾੜੀ ਤੇ ਹੇਠ ਮੌਜੂਦ ਪੁਰਾਤਨ ਕਬਰ ਨੂੰ ਲੋਕ ਪੀਰ ਕਤਾਰ ਦੇ ਨਾਂ ਨਾਲ ਪੁਕਾਰਿਆ ਕਰਦੇ ਸਨ। 1950 'ਚ ਜਦੋਂ ਭਾਖੜਾ ਨਹਿਰ ਦੀ ਖੋਦਾਈ ਦਾ ਪ੍ਰੋਜੈਕਟ ਆਰੰਭ ਹੋਇਆ ਤਾਂ ਨਹਿਰ 'ਚੋਂ ਵੱਡੀ ਗਿਣਤੀ 'ਚ ਹੱਡੀਆਂ ਤੇ ਪਿੰਜਰ ਬਰਾਮਦ ਹੋਏ, ਜਿਸ ਤੋਂ ਇਸ ਥਾਂ 'ਤੇ ਜੰਗ ਹੋਣ ਦੀ ਪੁਸ਼ਟੀ ਕੀਤੀ ਗਈ। ਗੁ. ਪਰਿਵਾਰ ਵਿਛੋੜਾ ਸਾਹਿਬ ਤੇ ਸਰਸਾ ਨੰਗਲ ਦੇ ਐੱਨ ਵਿਚਕਾਰ ਮੁਸਲਮਾਨਾਂ ਦਾ ਛੋਟਾ ਜਿਹਾ ਪਿੰਡ ਟੱਪਰੀਆਂ ਮੁਸਲਮਾਨਾਂ ਵਸਦਾ ਸੀ ਜੋ ਕਿ 1947 'ਚ ਦੇਸ਼ ਦੀ ਵੰਡ ਮੌਕੇ ਮੁਸਲਮਾਨਾਂ ਵੱਲੋਂ ਪਾਕਿਸਤਾਨ ਚਲੇ ਜਾਣ ਤੋਂ ਬਾਅਦ ਵੀਰਾਨ ਹੋ ਗਿਆ। ਉਸ ਪਿੰਡ ਦੀ ਥਾਂ ਅੱਜ ਵੀ ਬੇ-ਚਰਾਂਦ ਰੂਪ 'ਚ ਪਈ ਹੈ।-ਪ੍ਰੋ. ਮਿੰਦਰ ਬਾਗੀ ਨਾਮਵਰ ਕਵੀ

shivani attri

This news is Content Editor shivani attri