ਜੰਡਿਆਲੀ ਦੇ ਕਾਂਗਰਸੀ ਆਗੂ ਉਦੇਰਾਜ ਗਿੱਲ ਦਾ ਵੱਡਾ ਐਲਾਨ

12/15/2018 1:13:12 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ 'ਚ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਸਿਆਸੀ ਪਾਰਟੀਆਂ ਦੇ ਆਗੂ ਸਰਪੰਚ ਦਾ ਅਹੁਦਾ ਲੈਣ ਲਈ ਆਪਣੇ ਪਿੰਡ ਦੇ ਵੋਟਰਾਂ ਨੂੰ ਵਿਕਾਸ ਤੇ ਹੋਰ ਲੁਭਾਵੇਂ ਵਾਅਦੇ ਕਰਨ ਤੋਂ ਇਲਾਵਾ ਆਪਣੀ ਜੇਬ 'ਚੋਂ ਵੀ ਲੱਖਾਂ ਰੁਪਏ ਦੇਣ ਦਾ ਐਲਾਨ ਕਰ ਰਹੇ ਹਨ। ਇਸ ਤਰ੍ਹਾਂ ਦਾ ਹੀ ਐਲਾਨ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ਵਿਖੇ ਵੀ ਵੇਖਣ ਨੂੰ ਮਿਲਿਆ, ਜਿੱਥੇ ਸਾਬਕਾ ਵਿਧਾਇਕ ਧੰਨਰਾਜ ਸਿੰਘ ਗਿੱਲ ਦੇ ਸਪੁੱਤਰ ਉਦੇਰਾਜ ਸਿੰਘ ਗਿੱਲ ਨੇ ਪਿੰਡ ਦੀ ਭਰਵੀਂ ਮੀਟਿੰਗ 'ਚ ਐਲਾਨ ਕੀਤਾ ਕਿ ਉਨ੍ਹਾਂ ਨੂੰ ਸਰਬ ਸੰਮਤੀ ਨਾਲ ਸਰਪੰਚ ਬਣਾ ਦੇਣ ਤਾਂ ਉਹ ਪਿੰਡ ਵਿਚ ਗੰਦੇ ਪਾਣੀ ਦੀ ਸਮੱਸਿਆ ਲਈ ਸੀਵਰੇਜ਼ ਪ੍ਰੋਜੈਕਟ ਲਈ 20 ਲੱਖ ਰੁਪਏ ਆਪਣੀ ਜੇਬ 'ਚੋਂ ਖਰਚਣਗੇ ਅਤੇ ਪਿੰਡ ਦੇ ਵਿਕਾਸ ਲਈ ਕਾਂਗਰਸ ਸਰਕਾਰ ਤੋਂ ਵੱਧ ਤੋਂ ਵੱਧ ਗ੍ਰਾਂਟਾ ਲਿਆਉਣਗੇ। ਇਸ ਮੌਕੇ ਸਰਪੰਚੀ ਉਮੀਦਵਾਰ ਦੇ ਦਾਅਵੇਦਾਰ ਉਦੇਰਾਜ ਸਿੰਘ ਗਿੱਲ ਦੇ ਭਤੀਜੇ ਜਿਲ੍ਹਾ ਪ੍ਰੀਸ਼ਦ ਮੈਂਬਰ ਰਮਨੀਤ ਸਿੰਘ ਗਿੱਲ ਨੇ ਪਿੰਡ ਦੀ ਭਰਵੀਂ ਮੀਟਿੰਗ 'ਚ ਐਲਾਨ ਕੀਤਾ ਕਿ ਪਾਰਟੀ ਪੱਧਰ ਤੋਂ ਉਪਰ ਉਠ ਕੇ ਪਿੰਡ ਵਾਸੀ ਉਸਦੇ ਚਾਚੇ ਨੂੰ ਸਰਬ ਸੰਮਤੀ ਨਾਲ ਸਰਪੰਚ ਬਣਾਉਣ ਅਤੇ ਉਹ ਵੀ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਜੰਡਿਆਲੀ ਪਿੰਡ ਨੂੰ ਵਿਕਾਸ ਪੱਖੋਂ ਨਮੂਨੇ ਦਾ ਪਿੰਡ ਬਣਾਉਣਗੇ।
ਮੀਟਿੰਗ ਉਪਰੰਤ ਜੰਡਿਆਲੀ ਪਿੰਡ ਦੇ ਲੋਕਾਂ ਨੇ ਉਦੇਰਾਜ ਸਿੰਘ ਗਿੱਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਰਬ ਸੰਮਤੀ ਨਾਲ ਉਨ੍ਹਾਂ ਨੂੰ ਪਿੰਡ ਦਾ ਸਰਪੰਚ ਚੁਣਨਗੇ। ਮੀਟਿੰਗ 'ਚ ਐਡਵੋਕੇਟ ਹਰਬਾਗ ਸਿੰਘ ਗਿੱਲ, ਡਾ. ਹਰਬਾਗ ਸਿੰਘ ਹਰਾ, ਰਣਜੋਧ ਸਿੰਘ ਗਿੱਲ ਪ੍ਰਧਾਨ ਜੱਟ ਮਹਾ ਸਭਾ, ਜਸਪਾਲ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਬਿੱਕਰ ਸਿੰਘ, ਜਗਨ ਸਿੰਘ, ਕੀਮਤੀ ਲਾਲ, ਜਤਿੰਦਰ ਸਿੰਘ ਗਿੱਲ, ੲਰੀਇੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ। 

ਅਕਾਲੀ ਆਗੂ ਧਰਮਜੀਤ ਗਿੱਲ ਨੇ ਵੀ ਉਦੇਰਾਜ ਗਿੱਲ ਨੂੰ ਦਿੱਤਾ ਸਮਰਥਨ 
ਪਿੰਡ ਦੇ ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਧਰਮਜੀਤ ਸਿੰਘ ਗਿੱਲ ਜਿਨ੍ਹਾਂ ਦੀ ਇਲਾਕੇ ਵਿਚ ਕਾਫ਼ੀ ਪਕੜ ਹੈ ਉਸਨੇ ਵੀ ਪਿੰਡ ਦੇ ਭਲੇ ਲਈ ਕਾਂਗਰਸੀ ਆਗੂ ਉਦੇਰਾਜ ਗਿੱਲ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਉਹ ਪਾਰਟੀ ਪੱਧਰ ਤੋਂ ਉਪਰ ਉਠ ਕੇ ਇਸ ਗੱਲ 'ਤੇ ਸਹਿਮਤ ਹਨ ਕਿ ਉਦੇਰਾਜ ਗਿੱਲ ਨੂੰ ਸਰਬ ਸੰਮਤੀ ਨਾਲ ਸਰਪੰਚ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਜੰਡਿਆਲੀ 'ਚ ਗੰਦੇ ਪਾਣੀ ਦੀ ਨਿਕਾਸੀ ਵਾਲੀ ਵੱਡੀ ਸਮੱਸਿਆ ਹੈ ਅਤੇ ਉਦੇਰਾਜ ਗਿੱਲ ਨੇ 20 ਲੱਖ ਰੁਪਏ ਆਪਣੇ ਜੇਬ 'ਚੋਂ ਜੋ ਪਿੰਡ ਦੇ ਸੀਵਰੇਜ਼ ਪ੍ਰੋਜੈਕਟ ਲਈ ਦੇਣ ਦਾ ਸਵਾਗਤ ਕਰਦੇ ਹਨ ਅਤੇ ਪਿੰਡ ਦੇ ਵਿਕਾਸ ਲਈ ਉਹ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਉਦੇਰਾਜ ਗਿੱਲ ਨੂੰ ਸਰਬ ਸੰਮਤੀ ਨਾਲ ਸਰਪੰਚ ਬਣਾਉਣ।

Babita

This news is Content Editor Babita