ਸਰਪੰਚ ''ਤੇ ਲੱਗਾ ਮਾਲਕੀ ਵਾਲੀ ਜਗ੍ਹਾ ''ਤੇ ਸੜਕ ਬਣਾਉਣ ਦਾ ਦੋਸ਼

09/23/2017 1:13:05 AM

ਮੰਡੀ ਘੁਬਾਇਆ(ਕੁਲਵੰਤ)—ਪਿੰਡ ਚੱਕ ਸੁਖੇਰਾ (ਸਿੱਧੂ ਵਾਲਾ) ਦੇ ਵਸਨੀਕ ਰਾਜ ਸਿੰਘ ਵੱਲੋਂ ਉਨ੍ਹਾਂ ਦੀ ਮਾਲਕੀ ਜ਼ਮੀਨ 'ਚ ਜ਼ਬਰੀ ਸੜਕ ਬਨਾਉਣ ਦਾ ਪਿੰਡ ਦੇ ਸਰਪੰਚ 'ਤੇ ਦੋਸ਼ ਲਾਇਆ ਹੈ। ਪ੍ਰੈੱਸ ਨੋਟ ਦਿੰਦੇ ਹੋਏ ਪਿੰਡ ਚੱਕ ਸੁਖੇਰਾ (ਸਿੱਧੂ ਵਾਲਾ) ਦੇ ਵਸਨੀਕ ਰਾਜ ਸਿੰਘ ਪੁੱਤਰ ਪੂਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਪਿੰਡ ਚੱਕ ਸੁਖੇਰਾ 'ਚ ਪੈਂਦੀ ਹੈ ਤੇ ਉਨ੍ਹਾਂ ਦੀ ਮਾਲਕੀ ਜ਼ਮੀਨ ਜੋ ਕਿ 4 ਕਿੱਲੇ 9 ਮਰਲੇ ਬਣਦੀ ਹੈ, 'ਚੋਂ ਆਰਜੀ ਰਸਤਾ ਪਿੰਡ ਚੱਕ ਸੁਖੇਰਾ ਤੋਂ ਚੱਕ ਪਿੰਡ ਤੋਤਿਆ ਵਾਲਾ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਮਾਲਕੀ ਜ਼ਮੀਨ ਦੀ ਹਲਕਾ ਪਟਵਾਰੀ ਤੋਂ ਨਿਸ਼ਾਨਦੇਹੀ ਕਰਵਾਈ ਹੈ, ਜਿਸ ਦੇ ਨਾਲ 3 ਤੇ 4 ਕਰਮਾ ਸੜਕ ਅੱਗੇ ਚਲੀ ਗਈ ਅਤੇ ਅਸੀਂ ਆਪਣੀ ਜ਼ਮੀਨ ਦੇ ਨਾਲ-ਨਾਲ ਛਾਪੇ ਲਗਾ ਦਿੱਤੇ ਸਨ ਪਰ ਪਿੰਡ ਦੇ ਸਰਪੰਚ ਨੇ ਜ਼ਬਰੀ ਸੜਕ ਨੂੰ ਉਥੇ ਹੀ ਬਣਾਉਣ ਲਈ ਲੱਗੇ ਛਾਪੇ ਪੁੱਟ ਕੇ ਦੂਰ ਸੁੱਟ ਦਿੱਤੇ ਹਨ। ਇਸ ਜ਼ਮੀਨ ਦਾ ਅਦਾਲਤ ਤੋਂ ਸਟੇਅ ਵੀ ਲਿਆਂਦਾ ਹੋਇਆ ਹੈ, ਜਿਸ ਤਹਿਤ ਉਨ੍ਹਾਂ ਦੀ ਜ਼ਮੀਨ ਪੂਰੀ ਹੈ ਤੇ ਉਸ 'ਚੋਂ ਕੋਈ ਸੜਕ ਨਹੀਂ ਨਿਕਲਦੀ ਅਤੇ ਨਾਲ ਦੇ ਖੇਤਾ 'ਚ ਨਿਕਲਦੀ ਹੈ ਪਰ ਸਰਪੰਚ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿ ਇਸ ਜਗ੍ਹਾ 'ਤੇ ਹੀ ਸੜਕ ਬਣਾਵੇਗਾ ਅਤੇ ਵਾਰ-ਵਾਰ ਸਰਪੰਚ ਉਨ੍ਹਾਂ ਨੂੰ ਤੰਗ ਕਰ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਤੇ ਸਰਪੰਚ 'ਤੇ ਕਾਰਵਾਈ ਕੀਤੀ ਜਾਵੇ। ਜਦ ਪੱਤਰਕਾਰਾਂ ਨੇ ਇਸ ਸਬੰਧੀ ਪਿੰਡ ਦੇ ਸਰਪੰਚ ਖੈਰਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੜਕ ਉਥੋਂ ਹੀ ਲੰਘਦੀ ਹੈ ਕਿÀੁਂਕਿ ਰਾਜ ਸਿੰਘ ਦੀ ਆਪਣੀ ਜ਼ਮੀਨ ਪਹਿਲਾਂ ਹੀ ਪੂਰੀ ਹੈ ਤੇ ਉਹ ਜਾਣਬੁਝ ਕੇ ਸੜਕ ਅੱਗੇ ਧੱਕਣੀ ਚਾਹੁੰਦਾ ਹੈ।