''ਸਰਬੱਤ ਦਾ ਭਲਾ ਐਕਸਪ੍ਰੈੱਸ'' ਚੱਲਣ ਨਾਲ ਇਲਾਕਾ ਵਾਸੀਆਂ ਨੂੰ ਮਿਲੀ ਵੱਡੀ ਸਹੂਲਤ

10/07/2019 4:38:43 PM

ਲੋਹੀਆਂ ਖਾਸ (ਮਨਜੀਤ) : ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਕਰੀਬ 7 ਦਹਾਕਿਆਂ ਤੋਂ ਵੱਧ ਸਮੇਂ ਤੋਂ ਲੋਹੀਆਂ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਲੋਹੀਆਂ ਤੋਂ ਰਾਜਧਾਨੀ ਦਿੱਲੀ ਲਈ ਰੇਲ ਗੱਡੀ ਚਲਾਈ ਜਾਵੇ। ਲੋਕਾਂ ਦੀ ਮੰਗ ਸੀ ਕਿ ਲੋਹੀਆਂ ਇਲਾਕੇ ਦੇ 100 ਦੇ ਕਰੀਬ ਛੋਟੇ-ਵੱਡੇ ਪਿੰਡਾਂ ਦੇ ਲੋਕਾਂ ਨੂੰ ਦਿੱਲੀ ਜਾਣ ਲਈ ਜਲੰਧਰ ਜਾਂ ਲੁਧਿਆਣੇ ਤੋਂ ਰੇਲ ਗੱਡੀ ਫੜਨੀ ਪੈਂਦੀ ਸੀ, ਜਿਸ ਲਈ ਘਰੋਂ ਹਨ੍ਹੇਰੇ-ਸਵੇਰੇ ਤੁਰਨਾ ਪੈਂਦਾ ਸੀ। ਜੇਕਰ ਕਿਤੇ ਦਿੱਲੀ ਜਾਣ ਦੀ ਗੱਲ ਹੁੰਦੀ ਜਾਂ ਕਿਸੇ ਦੀ ਅਕਲ ਜਾਂ ਤਜਰਬੇ ਦੀ ਵੀ ਕੋਈ ਤੁਲਨਾ ਕਰਨੀ ਹੋਣੀ ਤਾਂ ਆਮ ਹੀ ਕਿਹਾ ਜਾਂਦਾ ਸੀ ਕਿ ਬਹਿਜਾ ਭਾਈ ਤੇਰੇ ਲਈ ਅਜੇ ਦਿੱਲੀ ਅਜੇ ਦੂਰ ਏ...। ਸਮੇਂ-ਸਮੇਂ 'ਤੇ ਸਥਾਨਕ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਰੇਲਵੇ ਵਿਭਾਗ ਦੇ ਉੱਚ ਅਫ਼ਸਰਾਂ, ਮੰਤਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ। ਜਦੋਂ ਤੋਂ ਭਾਜਪਾ ਦੀ ਕੇਂਦਰ 'ਚ ਸਰਕਾਰ ਬਣੀ ਤਾਂ ਸਥਾਨਕ ਭਾਜਪਾਈ ਲੀਡਰਾਂ ਅਤੇ ਸਪੋਟਰਾਂ ਵਲੋਂ ਲੋਹੀਆਂ ਤੋਂ ਦਿੱਲੀ ਨੂੰ ਰੇਲ ਗੱਡੀ ਚਲਾਉਣ ਲਈ ਹਰ ਢੁੱਕਵੇਂ ਸਮੇਂ 'ਤੇ ਰੇਲ ਅਧਿਕਾਰੀਆਂ ਨੂੰ ਯਾਦ ਪੱਤਰ ਦਿੰਦੇ ਹੋਏ ਰੇਲ ਗੱਡੀ ਨੂੰ ਚਲਾਉਣ ਦੀ ਅਪੀਲ ਕੀਤੀ ਜਾਂਦੀ ਰਹੀ।

ਇਸ ਮੰਗ ਨੂੰ ਬੂਰ ਉਦੋਂ ਪਿਆ ਜਦੋਂ ਪਿਛਲੇ ਮਹੀਨੇ ਰੇਲਵੇ ਵਿਭਾਗ ਵਲੋਂ ਜਾਰੀ ਕੀਤੀ ਗਈ ਸੂਚਨਾ ਤੋਂ ਜਾਣਕਾਰੀ ਮਿਲੀ ਕਿ ਚਾਰ ਅਕਤੂਬਰ ਤੋਂ ਲੋਹੀਆਂ ਤੋਂ ਦਿੱਲੀ ਲਈ ਰੇਲ ਗੱਡੀ ਚਲਾਈ ਜਾਵੇਗੀ। ਉਦੋਂ ਸ਼ਹਿਰ ਵਾਸੀਆਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਰੇਲਵੇ ਵਿਭਾਗ ਵਲੋਂ ਲੋਹੀਆਂ ਤੋਂ ਦਿੱਲੀ ਲਈ ਰੇਲ ਗੱਡੀ ਚਾਲੂ ਕਰ ਦਿੱਤੀ ਗਈ, ਜਿਸ 'ਤੇ ਲੋਕਾਂ ਦਾ ਕਹਿਣਾ ਸੀ ਕਿ ਹੁਣ ਲੋਹੀਆਂ ਵਾਲਿਆਂ ਲਈ ਦਿੱਲੀ ਦੂਰ ਨਹੀਂ...।

ਹਫਤੇ 'ਚ ਪੰਜ ਦਿਨ ਚੱਲੇਗੀ ਰੇਲ ਗੱਡੀ
ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਬੱਤ ਦਾ ਭਲਾ ਐਕਸਪ੍ਰੈੱਸ ਗੱਡੀ ਹਫਤੇ ਦੇ ਪੰਜ ਦਿਨ ਐਤਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਚੱਲੇਗੀ, ਜਦਕਿ ਦੋ ਦਿਨ ਸੋਮਵਾਰ ਤੇ ਸ਼ਨੀਵਾਰ ਨੂੰ ਮੋਗੇ ਲਈ ਚੱਲੇਗੀ।

Anuradha

This news is Content Editor Anuradha