2017 ਦੀਆਂ ਵਿਧਾਨ ਸਭਾ ਚੋਣਾਂ ''ਚ ਕੀਤੇ ਵਾਅਦੇ ਬਣ ਰਹੇ ਸੰਤੋਖ ਚੌਧਰੀ ਦੇ ਗਲੇ ਦੀ ਹੱਡੀ

05/02/2019 11:56:55 AM

ਜਲੰਧਰ (ਚੋਪੜਾ)— ਦੇਸ਼ 'ਚ ਭਾਵੇਂ ਲੋਕ ਸਭਾ ਚੋਣਾਂ ਦਾ ਜੋਸ਼ ਸਿਖਰਾਂ 'ਤੇ ਹੈ ਪਰ ਪੰਜਾਬ 'ਚ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਚੋਣ ਐਲਾਨ ਪੱਤਰ 'ਚ ਕੀਤੇ ਵਾਅਦੇ ਹੁਣ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ। ਇਸੇ ਕ੍ਰਮ 'ਚ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸੰਸਦ ਮੈਂਬਰ ਚੌਧਰੀ ਦੀਆਂ ਮੁਸ਼ਕਲਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ ਜਦੋਂ ਉਨ੍ਹਾਂ ਦੀਆਂ ਪਬਲਿਕ ਮੀਟਿੰਗਾਂ ਦੌਰਾਨ ਨੌਜਵਾਨਾਂ ਅਤੇ ਔਰਤਾਂ ਉਨ੍ਹਾਂ ਕੋਲੋਂ ਕੈਪਟਨ ਅਮਰਿੰਦਰ ਸਰਕਾਰ ਦੇ ਘਰ-ਘਰ ਨੌਕਰੀ ਦੇਣ ਦੇ ਵਾਅਦੇ, ਗੁਟਕਾ ਸਾਹਿਬ ਹੱਥ 'ਚ ਫੜ ਕੇ 4 ਹਫਤਿਆਂ 'ਚ ਨਸ਼ਿਆਂ ਨੂੰ ਖਤਮ ਕਰਨ ਦੀ ਸਹੁੰ, ਨੌਕਰੀ ਨਾ ਮਿਲਣ 'ਤੇ ਹਰ ਮਹੀਨੇ 2500 ਰੁਪਏ ਬੇਰੋਜ਼ਗਾਰੀ ਭੱਤਾ ਦੇਣ ਤੇ ਬਜ਼ੁਰਗਾਂ, ਦਿਵਿਆਗਾਂ ਅਤੇ ਵਿਧਵਾਵਾਂ ਨੂੰ 2500 ਰੁਪਏ ਪੈਨਸ਼ਨ ਦੇਣ ਸਮੇਤ ਹੋਰ ਵਾਅਦਿਆਂ ਦੇ ਪੂਰਾ ਨਾ ਹੋਣ ਨੂੰ ਲੈ ਕੇ ਸਵਾਲ ਪੁੱਛਦੇ ਹਨ। ਲੋਕ ਕਹਿੰਦੇ ਹਨ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਜੁਮਲਿਆਂ ਦੀ ਬਾਅਦ 'ਚ ਗੱਲ ਕਰਾਂਗੇ ਪਰ ਸੂਬੇ ਦੀ ਕਾਂਗਰਸ ਸਰਕਾਰ ਨੇ ਆਪਣੇ ਕਰੀਬ ਢਾਈ ਸਾਲਾਂ ਦੇ ਕਾਰਜਕਾਲ 'ਚ ਜਨਤਾ ਨਾਲ ਕੀਤੇ ਕਿੰਨੇ ਵਾਅਦੇ ਨਿਭਾਏ, ਇਸ ਬਾਰੇ ਦੱਸੋ ਕਿ ਉਹ ਵਾਅਦੇ ਕਦੋਂ ਤੱਕ ਪੂਰੇ ਹੋਣਗੇ। 

ਇਸੇ ਕੜੀ 'ਚ ਬੀਤੇ ਕਲ ਸੈਂਟਰਲ ਵਿਧਾਨ ਸਭਾ ਹਲਕਾ ਅਧੀਨ ਆਉਂਦੇ ਢਿੱਲਵਾਂ 'ਚ ਹੋਈ ਬੈਠਕ ਉਪਰੰਤ ਜਦੋਂ ਨੌਜਵਾਨਾਂ ਅਤੇ ਔਰਤਾਂ ਨੇ ਸੰਤੋਖ ਚੌਧਰੀ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਕਿ ਉਨ੍ਹਾਂ ਨੂੰ ਨੌਕਰੀਆਂ ਕਦੋਂ ਮਿਲਣਗੀਆਂ, ਪੰਜਾਬ 'ਚ ਨਸ਼ਾ ਕਦੋਂ ਖਤਮ ਹੋਵੇਗਾ, ਅਜਿਹੇ ਸਵਾਲਾਂ ਦੀ ਵਰਖਾ ਨਾਲ ਚੌਧਰੀ ਕੋਲ ਮੌਕੇ ਤੋਂ ਖਿਸਕਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਅਤੇ ਉਹ ਨਸ਼ਾ ਖਤਮ ਹੋ ਗਿਆ, ਨਸ਼ਾ ਖਤਮ ਹੋ ਚੁੱਕਾ ਹੈ ਦਾ ਜਵਾਬ ਦਿੰਦੇ ਹੋਏ ਮੌਕੇ ਤੋਂ ਖਿਸਕ ਗਏ। ਉਨ੍ਹਾਂ ਦੇ ਪਿੱਛੇ ਹੀ ਹਲਕਾ ਕੌਂਸਲਰ ਤੇ ਮੇਅਰ ਨੇ ਵੀ ਉਥੋਂ ਨਿਕਲਣ 'ਚ ਹੀ ਆਪਣੀ ਭਲਾਈ ਸਮਝੀ ਪਰ ਵਿਧਾਇਕ ਰਾਜਿੰਦਰ ਬੇਰੀ ਨੇ ਰੁਕਦੇ ਹੋਏ ਨੌਜਵਾਨਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਅਸਫਲ ਸਾਬਤ ਹੋਏ, ਜਿਸ 'ਤੇ ਵਿਧਾਇਕ ਬੇਰੀ ਨੇ ਵੀ ਉਥੋਂ ਨਿਕਲਣਾ ਹੀ ਬਿਹਤਰ ਸਮਝਿਆ। ਇਸ ਦੌਰਾਨ ਮੌਕੇ 'ਤੇ ਲਿਆ ਗਿਆ ਕਲਿਪ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ, ਜਿਸ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਦੀ ਖਾਸੀ ਕਿਰਕਿਰੀ ਹੋਈ ਪਰ ਜੋ ਵੀ ਹੋਵੇ ਬਠਿੰਡਾ, ਫਰੀਦਕੋਟ, ਖਡੂਰ ਸਾਹਿਬ 'ਚ ਕਾਂਗਰਸੀ ਉਮੀਦਵਾਰਾਂ ਤੋਂ ਬਾਅਦ ਹੁਣ ਜਿਸ ਤਰ੍ਹਾਂ ਜਲੰਧਰ 'ਚ ਵੀ ਸੰਤੋਖ ਚੌਧਰੀ ਦੀ ਯੁਵਾ ਵਰਗ ਨੇ ਆਪਣੇ ਹੱਕਾਂ ਨੂੰ ਲੈ ਕੇ ਘੇਰਾਬੰਦੀ ਕੀਤੀ ਹੈ, ਇਸ ਤੋਂ ਅਜਿਹਾ ਲਗਦਾ ਹੈ ਕਿ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਦੇ ਬਚੇ ਆਖਰੀ 17-18 ਦਿਨ ਬੇਹੱਦ ਮੁਸ਼ਕਲਾਂ ਨਾਲ ਭਰੇ ਸਾਬਤ ਹੋ ਸਕਦੇ ਹਨ।

ਢਿੱਲਵਾਂ 'ਚ ਨੌਜਵਾਨਾਂ ਨੇ ਸੰਸਦ ਚੌਧਰੀ ਕੋਲੋਂ ਪੁੱਛਿਆ ਕਿ ਪੰਜਾਬ 'ਚ 800 ਸਰਕਾਰੀ ਸਕਲੂ ਬੰਦ ਕੀਤੇ ਜਾ ਚੁੱਕੇ ਹਨ ਤੇ 1250 ਸਕੂਲਾਂ ਦੀਆਂ ਲਿਸਟਾਂ ਤਿਆਰ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਬੰਦ ਕੀਤਾ ਜਾ ਸਕਦਾ ਹੈ, ਜਦਕਿ ਪੰਜਾਬ 'ਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਲਗਾਤਾਰ ਵਧੀ ਹੈ। ਨੌਜਵਾਨਾਂ ਨੇ ਕਿਹਾ ਕਿ ਨਸ਼ਾ ਪਹਿਲਾਂ ਦੀ ਤਰ੍ਹਾਂ ਧੜੱਲੇ ਨਾਲ ਵਿਕ ਰਿਹਾ ਹੈ, ਜਨਤਾ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਕਿਉਂ ਨਹੀਂ ਹੋ ਸਕੇ ਪਰ ਕਾਂਗਰਸੀ ਨੇਤਾਵਾਂ ਕੋਲ ਲੋਕਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ।

shivani attri

This news is Content Editor shivani attri