ਸੰਤ ਢੱਡਰੀਆਂ ਵਾਲੇ ਦੇ ਮਾਮਲੇ ''ਚ ਹਾਈ ਕੋਰਟ ਵਲੋਂ ਪਟੀਸ਼ਨ ਦਾ ਨਿਪਟਾਰਾ

04/21/2018 7:13:07 AM

ਚੰਡੀਗੜ੍ਹ  (ਬਿਊਰੋ) - ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ 'ਤੇ 17 ਮਈ 2016 ਨੂੰ ਲੁਧਿਆਣਾ ਵਿਖੇ ਹੋਏ ਹਮਲੇ ਦੌਰਾਨ ਭੁਪਿੰਦਰ ਸਿੰਘ ਦੀ ਮੌਤ ਦੇ ਮਾਮਲੇ 'ਚ ਜਾਂਚ ਦਾ ਸਾਹਮਣਾ ਕਰ ਰਹੇ ਦਮਦਮੀ ਟਕਸਾਲ ਨਾਲ ਸਬੰਧਤ ਮੇਹਰ ਸਿੰਘ ਤੇ ਹੋਰਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੱਲ ਰਹੀ ਪਟੀਸ਼ਨ ਸਬੰਧੀ ਉਸ ਵੇਲੇ ਰਾਹਤ ਮਿਲੀ ਹੈ, ਜਦੋਂ ਹਾਈ ਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਬੀਤੇ ਦਿਨੀਂ ਸੁਣਵਾਈ ਦੌਰਾਨ ਇਹ ਨਿਰਦੇਸ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਧੀਰ ਮਿੱਤਲ ਨੇ ਜਾਰੀ ਕੀਤੇ। ਜ਼ਿਕਰਯੋਗ ਹੈ ਕਿ ਟ੍ਰਾਇਲ ਕੋਰਟ ਵਿਚ ਪੇਸ਼ ਹੋਣ ਕਾਰਨ ਇਨ੍ਹਾਂ ਨੂੰ ਰੈਗੂਲਰ ਜ਼ਮਾਨਤ ਪਹਿਲਾਂ ਹੀ ਮਿਲੀ ਚੁੱਕੀ ਹੈ। ਦਮਦਮੀ ਟਕਸਾਲ ਦੇ ਬੁਲਾਰੇ ਨੇ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਤਸੱਲੀ ਪ੍ਰਗਟ ਕਰਦਿਆਂ ਨਿਆਂ ਵਿਵਸਥਾ 'ਤੇ ਭਰੋਸਾ ਪ੍ਰਗਟਾਇਆ ਹੈ।
ਜ਼ਿਕਰਯੋਗ ਹੈ ਕਿ ਮਾਮਲੇ ਮੁਤਾਬਕ ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਵਲੋਂ ਮੇਹਰ ਸਿੰਘ ਤੇ ਹਰਭਜਨ ਸਿੰਘ ਤੋਂ ਇਲਾਵਾ ਬਾਬਾ ਹਰਨਾਮ ਸਿੰਘ ਧੁੰਮਾ ਸਮੇਤ ਹੋਰਨਾਂ ਨੂੰ ਇਸ ਮਾਮਲੇ ਵਿਚ ਮੁਲਜ਼ਮਾਂ ਵਜੋਂ ਸ਼ਾਮਲ ਕਰਨ ਲਈ ਲੁਧਿਆਣਾ ਅਦਾਲਤ ਵਿਚ ਅਰਜ਼ੀ ਦਾਖਲ ਕੀਤੀ ਗਈ ਸੀ। ਇਸ ਤੋਂ ਬਾਅਦ ਮੇਹਰ ਸਿੰਘ ਤੇ ਹਰਭਜਨ ਸਿੰਘ ਨੇ ਅਰਜ਼ੀਆਂ ਦਾਇਰ ਕਰ ਕੇ ਗੈਰ- ਜ਼ਮਾਨਤੀ ਵਾਰੰਟਾਂ 'ਤੇ ਅਗਾਊਂ ਜ਼ਮਾਨਤਾਂ ਦੀ ਮੰਗ ਕੀਤੀ ਸੀ। ਉਨ੍ਹਾਂ ਦੇ ਵਕੀਲ ਨੇ ਪੈਰਵੀ ਕੀਤੀ ਸੀ ਕਿ ਉਨ੍ਹਾਂ ਦਾ ਇਸ ਹਮਲੇ ਤੇ ਕਤਲ ਵਿਚ ਕੋਈ ਹੱਥ ਨਹੀਂ ਹੈ ਤੇ ਹੇਠਲੀ ਅਦਾਲਤ ਵਿਚ ਗਵਾਹਾਂ ਦੇ ਬਿਆਨ ਵਾਰਦਾਤ ਤੋਂ ਕਾਫੀ ਦੇਰ ਬਾਅਦ ਦਰਜ ਕਰਵਾਏ ਗਏ, ਜਿਨ੍ਹਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਤੇ ਉਂਝ ਵੀ ਮਾਮਲੇ ਵਿਚ ਚਲਾਨ ਪੇਸ਼ ਹੋ ਚੁੱਕਾ ਹੈ। ਹਾਈ ਕੋਰਟ ਨੇ ਦੋਵਾਂ ਦੀਆਂ ਦਲੀਲਾਂ ਮਨਜ਼ੂਰ ਕਰਦਿਆਂ ਅਗਾਊਂ ਜ਼ਮਾਨਤਾਂ ਦੇ ਦਿੱਤੀਆਂ ਸਨ ਤੇ ਹੁਣ ਬੀਤੇ ਦਿਨ ਹਾਈ ਕੋਰਟ ਨੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ।