ਤਨਵੀ ਸੁਸਾਈਡ ਮਾਮਲਾ : ਮੈਥ ਟੀਚਰ ਨੇ ਆਪਣੀ ਸਫਾਈ 'ਚ ਦਿੱਤਾ ਇਹ ਬਿਆਨ

02/07/2019 6:26:39 PM

ਜਲੰਧਰ : ਇੱਥੋਂ ਦੇ ਕਾਜ਼ੀ ਮੰਡੀ ਤੋਂ ਸਿਟੀ ਕਪੂਰ ਕਾਲੋਨੀ ਦੇ ਰਹਿਣ ਵਾਲੇ 53 ਸਾਲ ਦੇ ਪ੍ਰਾਪਰਟੀ ਡੀਲਰ ਰਾਜੇਸ਼ ਮਹਿਤਾ ਦੀ 16 ਸਾਲਾ ਬੇਟੀ ਤਨਵੀ ਮਹਿਤਾ ਨੇ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸ ਕੋਲੋਂ ਤਿੰਨ ਪੇਜ਼ ਦਾ ਸੁਸਾਈਡ ਨੋਟ ਵੀ ਮਿਲਿਆ ਸੀ, ਜਿਸ 'ਚ ਉਸ ਨੇ ਦੋਸ਼ ਲਗਾਇਆ ਕਿ ਉਹ ਕੇ. ਐੱਮ. ਵੀ. ਸੰਸਕ੍ਰਿਤੀ ਸਕੂਲ ਦੇ ਮੈਥ ਅਧਿਆਪਕ ਨਰੇਸ਼ ਕਪੂਰ ਤੋਂ ਤੰਗ ਆ ਕੇ ਜਾਨ ਦੇ ਰਹੀ ਹੈ। ਪੁਲਸ ਨੇ ਰੈਨਕ ਬਾਜ਼ਾਰ ਰਹਿਣ ਵਾਲੇ 32 ਸਾਲ ਦੇ ਅਧਿਆਪਕ ਨਰੇਸ਼ ਕਪੂਰ ਨੂੰ ਗ੍ਰਿਫਤਾਰ ਕਰ ਲਿਆ ਹੈ। 

ਤਨਵੀ ਨੂੰ ਕਦੇ ਤੰਗ ਨਹੀਂ ਕੀਤਾ : ਨਰੇਸ਼ ਕਪੂਰ
ਗ੍ਰਿਫਤਾਰ ਕੀਤੇ ਨਰੇਸ਼ ਕਪੂਰ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਹ ਪਿਛਲੇ 6 ਸਾਲ ਤੋਂ ਸਕੂਲ 'ਚ ਮੈਥ ਦਾ ਅਧਿਆਪਕ ਹੈ। ਪੁਲਸ ਪੁੱਛਗਿੱਛ 'ਚ ਨਰੇਸ਼ ਕਪੂਰ ਨੇ ਦਾਅਵਾ ਕੀਤਾ ਹੈ ਕਿ  ਤਨਵੀ ਮੈਥ 'ਚ ਬੇਹੱਦ ਕਮਜ਼ੋਰ ਸੀ। ਉਸ ਨੇ ਕਦੇ ਵੀ ਤਨਵੀ ਨੂੰ ਤੰਗ ਨਹੀਂ ਕੀਤਾ ਸਗੋਂ ਤਨਵੀ ਦਾ ਮੈਥ ਠੀਕ ਕਰਨ ਲਈ ਕੋਸ਼ਿਸ਼ ਕਰਦਾ ਰਹਿੰਦਾ ਸੀ। ਪ੍ਰੀਖਿਆ 'ਚ ਇਕ ਵਾਰ 80 'ਚੋਂ 3 ਤਾਂ ਇਕ ਵਾਰ 8 ਅੰਕ ਆਏ ਸਨ। ਨਰੇਸ਼ ਨੇ ਕਿਹਾ ਕਿ ਉਹ ਹਰ ਇਕ ਵਿਦਿਆਰਥੀ ਨੂੰ ਇਕ ਹੀ ਨਜ਼ਰ ਨਾਲ ਦੇਖਦਾ ਹੈ। ਉਸ ਨੇ ਕਦੇ ਉਸ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਦਕਿ ਤਨਵੀ ਦੇ ਮਾਂ-ਬਾਪ ਦਾ ਕਹਿਣਾ ਹੈ ਕਿ ਤਨਵੀ ਪੜ੍ਹਨ 'ਚ ਬਹੁਤ ਹੁਸ਼ਿਆਰ ਸੀ। ਇਸ ਦੌਰਾਨ ਡੀ. ਐੱਸ. ਪੀ. ਦਲਬੀਰ ਸਿੰਘ ਬੁੱਟਰ ਅਤੇ ਐੱਸ. ਐੱਚ. ਓ. ਜੀਵਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਮੈਥ ਅਧਿਆਪਕ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਰੱਖਿਆ ਹੋਇਆ ਹੈ। ਕੱਲ ਉਸ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। 

Anuradha

This news is Content Editor Anuradha