ਸੰਜੇ ਸਿੰਘ ਨੇ ਮੋਦੀ ਸਰਕਾਰ ਨੂੰ ਦੱਸਿਆ ਜਾਨਵਰਾਂ ਤੋਂ ਬਦਤਰ, ਕਾਂਗਰਸ-ਅਕਾਲੀ ਦਲ ’ਤੇ ਵੀ ਕੀਤਾ ਵੱਡਾ ਹਮਲਾ

09/17/2021 6:07:18 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਮਜੀਠੀਆ ਮਾਣਹਾਨੀ ਮਾਮਲੇ ਵਿਚ ਪੇਸ਼ੀ ’ਤੇ ਆਏ ‘ਆਪ’ ਆਗੂ ਸੰਜੇ ਸਿੰਘ ਨੇ ਕਿਹਾ ਹੈ ਕਿ ਉਹ ਸੱਚ ਦੀ ਲੜਾਈ ਲੜ ਰਹੇ ਹਨ ਅਤੇ ਇਸ ਜੰਗ ਵਿਚ ਉਹ ਜਿੱਤ ਕੇ ਰਹਿਣਗੇ। ਬੀਤੇ ਦਿਨੀਂ ਉਨ੍ਹਾਂ ਖ਼ਿਲਾਫ਼ ਅਦਾਲਤ ਵੱਲੋਂ ਵਾਰੰਟ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਲਈ ਅਤੇ ਹੁਣ ਉਨ੍ਹਾਂ ਨੂੰ ਕੇਸ ਲਈ ਲੁਧਿਆਣਾ ਆਉਣਾ ਪੈ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੇ ਸਿੰਘ ਨੇ ਜਿੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ, ਉਥੇ ਹੀ ਦੂਜੇ ਪਾਸੇ ਕਾਂਗਰਸ ਅਤੇ ਅਕਾਲੀ ਦਲ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਮੋਦੀ ਦੀ ਭਾਜਪਾ ਸਰਕਾਰ ਨੂੰ ਜਾਨਵਰਾਂ ਦੀ ਸਰਕਾਰ ਦੱਸਿਆ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਇਕ ਵਰ੍ਹਾ ਪੂਰਾ ਹੋਣ ’ਤੇ ਬੋਲੇ ਕੈਪਟਨ, ਕਿਹਾ ਪੂਰੇ ਦੇਸ਼ ਲਈ ਘਾਤਕ ਇਹ ਕਾਨੂੰਨ

ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਅਕਾਲੀ ਦਲ ਖੇਤੀ ਕਾਨੂੰਨਾਂ ਦੇ ਵਿਰੁੱਧ ਕਾਲਾ ਦਿਵਸ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਡਰਾਮੇਬਾਜ਼ੀ ਹੈ ਕਿਉਂਕਿ ਜਦੋਂ ਇਹ ਕਾਨੂੰਨ ਪਾਸ ਹੋ ਰਹੇ ਸਨ ਤਾਂ ਅਕਾਲੀ ਦਲ ਇਸ ਵਿਚ ਹਿੱਸੇਦਾਰ ਸੀ, ਭਾਜਪਾ ਦੇ ਨਾਲ ਉਨ੍ਹਾਂ ਦੀ ਭਾਈਵਾਲ ਸੀ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਇਸ ’ਤੇ ਹਸਤਾਖਰ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਹੁਣ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਰਚ ਰਹੀਆਂ ਹਨ। ਸੰਜੇ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਜਾਨਵਰਾਂ ਤੋਂ ਵੀ ਬਦਤਰ ਹੈ ਕਿਉਂਕਿ ਜਾਨਵਰ ਨੂੰ ਕੋਈ ਖਾਣਾ ਖਿਲਾਉਂਦਾ ਹੈ ਤਾਂ ਉਸ ਦਾ ਵਫ਼ਾਦਾਰ ਹੋ ਜਾਂਦੇ ਹਨ ਪਰ ਮੋਦੀ ਸਰਕਾਰ ਅੰਨ ਦੇਣ ਵਾਲਿਆਂ ਦੀ ਹੀ ਵਫ਼ਾਦਾਰ ਨਹੀਂ। ਉੱਧਰ ਜਦੋਂ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਇਸ ਦਾ ਫ਼ੈਸਲਾ ਪਾਰਟੀ ਨੇ ਹੀ ਕਰਨਾ ਹੈ। ਮੌਕੇ ਜਦੋਂ ਉਨ੍ਹਾਂ ਤੋਂ ਭਗਵੰਤ ਮਾਨ ਦੇ ਮੁੱਦੇ ’ਤੇ ਪੁੱਛਿਆ ਤਾਂ ਉਨ੍ਹਾਂ ਕੁੱਝ ਵੀ ਬੋਲਣ ਦੀ ਬਜਾਏ ਚੁੱਪ ਵੱਟੀ ਰੱਖੀ।

ਇਹ ਵੀ ਪੜ੍ਹੋ : ਮੁਕਤਸਰ ਦੇ ਪਿੰਡ ਡੋਡਾਵਾਲੀ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਘਟਨਾ, ਸੀ. ਸੀ. ਟੀ. ਵੀ. ਦੇਖ ਉੱਡੇ ਹੋਸ਼

Gurminder Singh

This news is Content Editor Gurminder Singh