ਸੰਜਮ ਗੁਪਤਾ ਦਾ ਮਾਮਲਾ : ਆਤਮਹੱਤਿਆ ਨਹੀਂ, ਕੀਤੀ ਗਈ ਹੈ ਹੱਤਿਆ

03/06/2018 7:38:44 AM

ਫਗਵਾੜਾ, (ਜਲੋਟਾ, ਰੁਪਿੰਦਰ ਕੌਰ)— ਫਗਵਾੜਾ ਦੇ ਬਾਬਾ ਗਧੀਆ ਇਲਾਕੇ ਵਿਚ ਰਹਿੰਦੇ ਸੈਨੇਟਰੀ ਦੁਕਾਨ ਦੇ ਮਾਲਕ ਪਿੰਕੀ ਗੁਪਤਾ ਦੇ ਪੁੱਤਰ ਮ੍ਰਿਤਕ ਸੰਜਮ ਗੁਪਤਾ ਜਿਸ ਦੀ ਬੀਤੇ ਦਿਨੀਂ ਸ਼ੱਕੀ ਹਾਲਾਤ ਵਿਚ ਅੱਧ ਸੜੀ ਹਾਲਤ ਵਿਚ ਲਾਸ਼ ਕਰਨਾਲ ਪੁਲਸ ਨੂੰ ਬਲੜੀ ਬਾਈਪਾਸ 'ਤੇ ਮਾਯੂਰ ਢਾਬੇ ਦੇ ਨੇੜਿਓਂ ਮਿਲੀ ਸੀ। ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਕਰਨਾਲ ਪੁਲਸ ਨੇ ਆਨ ਰਿਕਾਰਡ ਉਕਤ ਮਾਮਲੇ ਨੂੰ ਹੱਤਿਆ ਕਰਾਰ ਦਿੰਦੇ ਹੋਏ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਸ ਇਸ ਮਾਮਲੇ ਨੂੰ ਅਜੀਬੋ ਗਰੀਬ ਤਰਕ ਦੇ ਕੇ ਇਸਨੂੰ ਆਤਮਹੱਤਿਆ ਦਾ ਮਾਮਲਾ ਕਰਾਰ ਦੇ ਰਹੀ ਸੀ ਪਰ ਜਿਸ ਤਰਜ 'ਤੇ ਉਕਤ ਲਾਸ਼ ਪੁਲਸ ਨੂੰ ਮਿਲੀ, ਜਿਸ ਸਬੰਧੀ ਘਟਨਾ ਸਥਾਨ 'ਤੇ ਸਾਰੇ ਸਬੂਤ ਪਾਏ ਗਏ, ਉਸਨੂੰ ਦੇਖ ਕੇ ਉਕਤ ਮਾਮਲਾ ਪੁਖਤਾ ਤੌਰ 'ਤੇ ਹੱਤਿਆਕਾਂਡ ਪ੍ਰਤੀਕ ਹੋ ਰਿਹਾ ਸੀ। ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਕਰਨਾਲ ਪੁਲਸ ਨੇ ਅਹਿਮ ਖੁਲਾਸੇ ਕਰਦੇ ਹੋਏ ਕਿਹਾ ਕਿ ਹੱਤਿਆ ਦਾ ਸ਼ਿਕਾਰ ਬਣੇ ਸੰਜਮ ਗੁਪਤਾ ਦੀ ਲਾਸ਼ ਨੂੰ ਪੋਸਟਮਾਰਟਮ ਕਰਨ ਦੇ ਬਾਅਦ ਲਾਸ਼ ਨੂੰ  ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ। ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਉਕਤ ਹੱਤਿਆਕਾਂਡ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੁਲਸ ਨੇ ਖੁਲਾਸਾ ਕੀਤਾ ਹੈ ਕਿ ਹੱਤਿਆ ਦਾ ਸ਼ਿਕਾਰ ਬਣੇ ਸੰਜਮ ਗੁਪਤਾ ਦੇ ਸਰੀਰ 'ਤੇ ਕੁੱਟਮਾਰ ਦੇ ਨਿਸ਼ਾਨ ਨਹੀਂ ਪਾਏ ਗਏ ਹਨ ਪਰ ਉਸਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। 
ਉਥੇ ਹੀ ਦੂਸਰੇ ਪਾਸੇ ਉਕਤ ਹੱਤਿਆਕਾਂਡ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨਾਲ ਮਿਲ ਕੇ ਉਨ੍ਹਾਂ ਨੂੰ ਸਾਰੀ ਹਕੀਕਤ ਤੋਂ ਜਾਣੂ ਕਰਵਾਇਆ ਗਿਆ ਹੈ। ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਹੱਤਿਆਕਾਂਡ ਸਬੰਧੀ ਪੁਲਸ ਥਾਣਾ ਸਿਟੀ ਦੇ ਐੱਸ. ਐੱਚ. ਓ. ਭਰਤ ਮਸੀਹ ਲੱਧੜ ਨੂੰ  ਡੂੰਘਾਈ ਨਾਲ ਜਾਂਚ ਕਰਕੇ ਬਣਦੀ ਪੁਲਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੋ ਸ਼ਿਕਾਇਤ ਹੱਤਿਆ ਦਾ ਸ਼ਿਕਾਰ ਬਣੇ ਸੰਜਮ ਗੁਪਤਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਥਾਣਾ ਸਿਟੀ ਨੂੰ ਦਿੱਤੀ। ਪੁਲਸ ਉਸਦੇ ਆਧਾਰ 'ਤੇ ਕਾਰਵਾਈ ਕਰ ਰਹੀ ਹੈ। ਇਸੇ ਦੌਰਾਨ ਫਗਵਾੜਾ ਦੇ ਉਕਤ ਬਹੁ-ਚਰਚਿਤ ਹੱਤਿਆਕਾਂਡ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜਿਵੇਂ ਫੇਸਬੁੱਕ, ਵ੍ਹਟਸਅਪ, ਯੂ-ਟਿਊਬ ਅਤੇ ਟਵਿੱਟਰ 'ਤੇ ਹੱਤਿਆ ਦਾ ਸ਼ਿਕਾਰ ਬਣੇ ਸੰਜਮ ਗੁਪਤਾ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਹੇ ਉਸਦੇ ਨਜ਼ਦੀਕੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਵੱਡਾ ਕੰਪੇਨ ਸ਼ੁਰੂ ਕਰ ਦਿੱਤਾ ਹੈ। ਇਸ ਵਿਚ ਇਕ ਹੋਰ ਜਿਥੇ ਸੰਜਮ ਗੁਪਤਾ ਹੱਤਿਆਕਾਂਡ ਨੂੰ ਲੈ ਕੇ ਜਿਥੇ ਇਸਨੂੰ ਕੋਈ ਆਨਰ ਕਾਲਿੰਗ ਕਰਾਰ ਦੇ ਰਿਹਾ ਹੈ ਤਾਂ ਕਈ ਅਹਿਮ ਪ੍ਰਕਾਰ ਦੇ ਖੁਲਾਸੇ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਸ ਸਾਰੇ ਮਾਮਲੇ ਵਿਚ ਹੁਣ ਤਕ ਰਹੀ ਪੁਲਸ ਦੀ ਕਾਰਜਸ਼ੈਲੀ ਅਤੇ ਭੂਮਿਕਾ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੰਜਮ ਗੁਪਤਾ ਦੇ ਪਰਿਵਾਰਕ ਮੈਂਬਰਾਂ ਨੇ ਸੋਸ਼ਲ ਮੀਡੀਆ ਰਾਹੀਂ ਦੇਸ਼ ਵਾਸੀਆਂ ਤੋਂ ਅਪੀਲ ਕੀਤੀ ਹੈ ਕਿ ਮੰਗਲਵਾਰ ਨੂੰ 9.30 ਉਨ੍ਹਾਂ ਦੇ ਘਰ ਪਹੁੰਚਣ ਅਤੇ ਇਨਸਾਫ ਦਿਵਾਉਣ ਵਿਚ ਸਹਾਇਤਾ ਕਰਨ। ਹਾਲਾਂਕਿ ਫਗਵਾੜਾ ਪੁਲਸ ਅਤੇ ਕਰਨਾਲ ਪੁਲਸ ਲਗਾਤਾਰ ਇਹੀ ਦਾਅਵਾ ਕਰ ਰਹੀ ਹੈ ਕਿ ਇਸ ਮਾਮਲੇ ਵਿਚ ਇਨਸਾਫ ਹੋਵੇਗਾ ਅਤੇ ਜੋ ਵੀ ਹੱਤਿਆਰੇ ਹੋਣਗੇ, ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।