ਵਿਜੀਲੈਂਸ ਟੀਮ ਵਲੋਂ ਸਿਹਤ ਵਿਭਾਗ ਦਾ ਸੈਨੇਟਰੀ ਇੰਸਪੈਕਟਰ ਰਿਸ਼ਵਤ ਲੈਂਦਾ ਗ੍ਰਿਫਤਾਰ

05/18/2019 1:42:29 AM

ਅੰਮ੍ਰਿਤਸਰ,(ਰਮਨ) : ਵਿਜੀਲੈਂਸ ਬਿਊਰੋ ਦੀ ਟੀਮ ਨੇ ਲੋਪੋਕੇ ਸਥਿਤ ਕਮਿਊਨਿਟੀ ਹੈਲਥ ਸੈਂਟਰ 'ਚ ਡਿਊਟੀ 'ਤੇ ਤਾਇਨਾਤ ਸੈਨੇਟਰੀ ਇੰਸਪੈਕਟਰ ਇਕਬਾਲ ਸਿੰਘ ਨੂੰ ਸ਼ੁੱਕਰਵਾਰ ਰੰਗੇ ਹੱਥੀਂ ਰਿਸ਼ਵਤ ਲੈਂਦੇ ਫੜਿਆ। ਇਕਬਾਲ ਤੋਂ ਬਰਾਮਦ ਨੋਟਾਂ ਦੇ ਸੀਰੀਅਲ ਨੰਬਰ ਚੈੱਕ ਕੀਤੇ ਗਏ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਟੀਮ ਨੂੰ ਸਿਹਤ ਵਿਭਾਗ ਦੇ ਕਰਮਚਾਰੀ ਮਨਜਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਪਿਛਲੇ 2 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ, ਜਿਸ ਕਾਰਨ ਉਕਤ ਸੈਨੇਟਰੀ ਇੰਸਪੈਕਟਰ ਇਕਬਾਲ ਸਿੰਘ ਨੇ ਤਨਖਾਹ ਰਿਲੀਜ਼ ਕਰਵਾਉਣ ਲਈ ਉਸ ਤੋਂ 10 ਹਜ਼ਾਰ ਦੀ ਰਿਸ਼ਵਤ ਮੰਗੀ ਕਿ ਉਹ ਉਸ ਦੀ ਤਨਖਾਹ ਰਿਲੀਜ਼ ਕਰਵਾ ਦੇਵੇਗਾ ਤੇ ਇਹ ਪੇਮੈਂਟ ਐੱਸ. ਐੱਮ. ਓ. ਨੂੰ ਜਾਣੀ ਹੈ। 
ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਰਿਸ਼ਵਤ ਲੈਣ ਤੇ ਦੇਣ ਦੋਵਾਂ ਖਿਲਾਫ ਹੈ, ਜਿਸ ਕਾਰਨ ਵਿਜੀਲੈਂਸ ਟੀਮ ਨੇ ਉਕਤ ਸੈਨੇਟਰੀ ਇੰਸਪੈਕਟਰ ਦਾ ਟ੍ਰੈਪ ਲਾ ਕੇ ਉਸ ਨੂੰ ਫੜ ਲਿਆ। ਟੀਮ ਨੂੰ ਦੇਖ ਕੇ ਸੈਨੇਟਰੀ ਇੰਸਪੈਕਟਰ ਕਾਫ਼ੀ ਬਹਾਨੇ ਬਣਾਉਣ ਲੱਗਾ ਪਰ ਟੀਮ ਦੇ ਸਾਹਮਣੇ ਉਸ ਦੀ ਇਕ ਨਾ ਚੱਲੀ। ਟੀਮ ਸਾਹਮਣੇ ਇਕਬਾਲ ਨੇ ਇਹ ਖੁਲਾਸਾ ਕੀਤਾ ਕਿ ਇਹ ਰਾਸ਼ੀ ਐੱਸ. ਐੱਮ. ਓ. ਨੇ ਮੰਗੀ ਸੀ, ਜਿਸ ਕਾਰਨ ਟੀਮ ਐੱਸ. ਐੱਮ. ਓ. ਤੋਂ ਵੀ ਪੁੱਛ ਗਿੱਛ ਕਰ ਸਕਦੀ ਹੈ। ਦੇਰ ਸ਼ਾਮ ਵਿਜੀਲੈਂਸ ਨੇ ਐੱਸ. ਐੱਮ. ਓ. ਡਾ. ਰੇਨੂ ਭਾਟੀਆ 'ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ। ਐੱਸ. ਐੱਸ. ਪੀ. ਵਿਜੀਲੈਂਸ ਆਰ. ਕੇ. ਬਖਸ਼ੀ ਨੇ ਦੱਸਿਆ ਕਿ ਇਕਬਾਲ ਸਿੰਘ ਨੂੰ ਟ੍ਰੈਪ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।