ਤਸ਼ੱਦਦ : ਪਲਾਸ ਨਾਲ ਨੋਚ ਦਿੱਤਾ ਸੀ ਲੱਤਾਂ ਦਾ ਮਾਸ, ਨੌਜਵਾਨ ਦੀ ਹੋਈ ਮੌਤ

11/16/2019 3:20:16 PM

ਲਹਿਰਾਗਾਗਾ,ਸੰਗਰੂਰ (ਗਰਗ,ਪੁਨੀਤ ਮਾਨ) : ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਦਲਿਤ ਨੌਜਵਾਨ ਨੂੰ ਕੁਝ ਵਿਅਕਤੀਆਂ ਵੱਲੋਂ 3 ਘੰਟੇ ਤੱਕ ਬੰਨ੍ਹ ਕੇ ਰੱਖਿਆ ਗਿਆ ਤੇ ਉਸ ਦੀ ਰਾਡ ਤੇ ਡੰਡਿਆਂ ਨਾਲ ਕੁੱਟ ਮਾਰ ਕੀਤੀ ਗਈ। ਇਹੀ ਨਹੀਂ ਉਨ੍ਹਾਂ ਨੌਜਵਾਨਾਂ ਨੇ ਪੀੜਤ ਦੀਆਂ ਲੱਤਾਂ ਦੇ ਮਾਸ ਨੂੰ ਪਲਾਸ ਨਾਲ ਨੌਚ ਦਿੱਤਾ। ਹਾਲਤ ਗੰਭੀਰ ਹੋਣ ਕਾਰਨ ਨੌਜਵਾਨ ਨੂੰ ਚੰਗੀਗੜ੍ਹ ਪੀ.ਜੀ.ਆਈ. 'ਚ ਦਾਖਲ ਕਰਾਇਆ ਗਿਆ, ਜਿੱਥੇ ਇਨਫੈਕਸ਼ਨ ਵਧਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਪਰ ਇਲਾਜ ਦੌਰਾਨ ਅੱਜ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਜਦੋਂ ਪਾਣੀ ਮੰਗਿਆ ਤਾਂ ਉਸ ਨੂੰ ਵਿਅਕਤੀਆਂ ਵੱਲੋਂ ਪਿਸ਼ਾਬ ਪਿਲਾ ਦਿੱਤਾ ਗਿਆ।

ਡੀ.ਐਸ.ਪੀ. ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੇਸ ਵਿਚ ਵਾਧਾ ਕਰਦਿਆਂ ਧਾਰਾ 302 ਨੂੰ ਵੀ ਜੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਡੀ.ਐੱਸ.ਪੀ. ਨਾਲ ਥਾਣਾ ਸਿਟੀ ਦੇ ਇੰਚਾਰਜ ਜਗਰੂਪ ਸਿੰਘ ਵੀ ਹਾਜ਼ਰ ਸਨ।

ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ, ਪਰ ਸਰਕਾਰ ਤੋਂ ਨਹੀਂ : ਰਿਸ਼ਤੇਦਾਰ
ਦੂਜੇ ਪਾਸੇ ਮ੍ਰਿਤਕ ਦੇ ਰਿਸ਼ਤੇਦਾਰ ਗੁਰਦੀਪ ਸਿੰਘ ਨੇ ਪੁਲਸ ਕਾਰਵਾਈ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੇਸ਼ੱਕ ਪੁਲਸ ਨੇ ਕਾਨੂੰਨ ਅਨੁਸਾਰ ਕਾਰਵਾਈ ਕਰ ਦਿੱਤੀ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਵਾਈ ਤੋਂ ਉਹ ਪੂਰੀ ਤਰ੍ਹਾਂ ਅਸੰਤੁਸ਼ਟ ਹਨ ਕਿਉਂਕਿ ਸਰਕਾਰ ਨੇ ਪੀੜਤ ਪਰਿਵਾਰ ਲਈ ਕੋਈ ਮੁਆਵਜ਼ਾ, ਸਰਕਾਰੀ ਨੌਕਰੀ ਦਾ ਅਜੇ ਤੱਕ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ, ਉਹ ਪੋਸਟਮਾਰਟਮ ਨਹੀਂ ਕਰਵਾਉਣਗੇ, ਜਦੋਂਕਿ ਸਰਕਾਰ ਦਲਿਤਾਂ ਦੀ ਭਲਾਈ ਦੇ ਦਾਅਵੇ ਅਤੇ ਵਾਅਦੇ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਯੋਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਉਹ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਪਰਿਵਾਰ ਲਈ ਮੁਆਵਜ਼ਾ ਅਤੇ ਮ੍ਰਿਤਕ ਦੀ ਪਤਨੀ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।

cherry

This news is Content Editor cherry