ਪ੍ਰਕਾਸ਼ ਪੁਰਬ ਦੀ ਸ਼ਰਧਾ : ਸੰਗਰੂਰ ਦੇ ਨੌਜਵਾਨ ਦੀ 550 ਕਿਲੋਮੀਟਰ ਯਾਤਰਾ ਪੂਰੀ

09/23/2019 3:23:05 PM

ਸੰਗਰੂਰ(ਬੇਦੀ) : ਪੰਜਾਬ ਦੇ ਸੰਗਰੂਰ ਜ਼ਿਲੇ ਦੇ ਨੌਜਵਾਨ ਪੰਪੋਸ਼ ਕੌਸ਼ਿਕ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ 550 ਕਿਲੋਮੀਟਰ ਦਾ ਰਸਤਾ ਸ੍ਰੀ ਮਨੀਕਰਨ ਸਾਹਿਬ ਤੋਂ 17 ਜੁਲਾਈ 2019 ਨੂੰ ਸ਼ੁਰੂ ਕੀਤਾ ਅਤੇ 29 ਅਗਸਤ ਤੱਕ ਉਸ ਨੇ ਮਿਰੂ ਉਪਸੀ ਲੱਦਾਖ ਪਹੁੰਚ ਕੇ 465 ਕਿਲੋਮੀਟਰ ਤੱਕ ਦਾ ਸਫ਼ਰ ਉੱਚੇ ਬਰਫੀਲੇ ਪਹਾੜਾਂ ਰਾਹੀਂ 8 ਦਰੇ ਸੁਰੱਖਿਅਤ ਢੰਗ ਨਾਲ ਪਾਰ ਕਰਕੇ ਪੂਰਾ ਕੀਤਾ। ਇਸ ਤੋਂ ਬਾਅਦ ਉਹ ਲੇਹ ਪਹੁੰਚਿਆ ਅਤੇ ਬਾਕੀ ਦੇ ਬਚਦੇ ਹਾਈ ਕਿਲੋਮੀਟਰ ਲਈ ਲੇਹ ਲੱਦਾਖ ਦੀ ਮਾਰਖਾ ਵੈਲੀ ਨੂੰ ਚੁਣਿਆ। ਇਸ ਦੌਰਾਨ 85 ਕਿਲੋਮੀਟਰ ਤੋਂ ਵੱਧ ਦੀ ਉਚਾਈ ਚੁਣੀ ਅਤੇ 17080 ਫੁੱਟ ਉੱਚੇ ਕੈਂਗਾਮਾਰੂ ਦਰੇ ਨੂੰ ਪਾਰ ਕਰਕੇ ਇਹ ਸਫਰ ਪੂਰਾ ਕੀਤਾ। ਇਸੇ ਤਰ੍ਹਾਂ ਉਸ ਨੇ ਆਪਣੇ ਪੂਰੇ ਸਫ਼ਰ ਦੌਰਾਨ 550 ਕਿਲੋਮੀਟਰ ਤੋਂ ਵੱਧ ਦੀ ਉਚਾਈ ਨੂੰ ਪਾਰ ਕੀਤਾ। ਇਹ ਅਭਿਆਨ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਲੇਹ ਪੁੱਜ ਕੇ 4 ਸਤੰਬਰ 2019 ਨੂੰ ਪੂਰਾ ਹੋਇਆ।

ਪੰਪੋਸ਼ ਪਿਛਲੇ 11 ਸਾਲਾਂ ਤੋਂ ਪਰਬਤਾਰੋਹੀ ਅਤੇ ਉੱਚੇ ਪਹਾੜਾਂ 'ਚ ਟਰੈਕਿੰਗ ਵਜੋਂ ਕੰਮ ਕਰ ਰਿਹਾ ਹੈ ਅਤੇ ਇਸ ਖੇਤਰ ਵਿਚ ਉਹ ਇਕ ਏ ਗ੍ਰੇਡ ਨਾਲ ਸਿਖਲਾਈ ਪ੍ਰਾਪਤ (ਬੇਸਿੱਕ ਅਤੇ ਐਡਵਾਂਸ ਕੋਰਸ) ਨੌਜਵਾਨ ਹੈ। ਇਸ ਅਭਿਆਨ ਨੂੰ ਸ਼ੁਰੂ ਕਰਨ ਦਾ ਮਕਸਦ ਗੁਰੂ ਜੀ ਦੀ ਮੂਲ ਸਿੱਖਿਆ ਇਕ ਓਂਕਾਰ 'ਚ ਪੂਰਾ ਵਿਸ਼ਵਾਸ ਹੋਣਾ ਹੈ।

ਪੰਪੋਸ਼ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਜਾਗਰੂਕ ਅਤੇ ਚੰਗੇ ਮਨੁੱਖ ਬਣਨ ਲਈ ਉਦਾਸੀਆਂ/ਯਾਤਰਾਵਾਂ ਕੀਤੀਆਂ ਅਤੇ ਆਪਣੀ ਤੀਜੀ ਉਦਾਸੀ ਦੌਰਾਨ ਉਨ੍ਹਾਂ ਨੇ ਕਸ਼ਮੀਰ, ਲੱਦਾਖ , ਸੂਮੇਰ ਪਰਵਤ, ਹਿੰਦੂ ਕੁਸ਼ ਆਦਿ ਕਈ ਦੂਰ-ਦਰਾਜ ਦੇ ਇਲਾਕਿਆਂ ਤੱਕ ਮਾਨਵਤਾ ਦਾ ਸੰਦੇਸ਼ ਲੈ ਕੇ ਗਏ। ਗੁਰੂ ਨਾਨਕ ਦੇਵ ਜੀ ਨੇ ਕਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਗਰਮੀ, ਸਰਦੀ ਉੱਚੇ ਪਹਾੜਾਂ ਵਿਚ ਮਨੁੱਖਤਾ ਨੂੰ ਚੰਗਾ ਬਣਾਉਣ ਲਈ ਕੀਤਾ। ਇਸ ਲਈ ਉਸ ਦੇ ਮਨ ਵਿਚ ਵੀ ਗੁਰੂ ਜੀ ਨੂੰ ਸਮਰਪਿਤ 550ਵੇਂ ਸਾਲ 'ਤੇ 550 ਕਿਲੋਮੀਟਰ ਦੇ ਔਖੇ ਅਤੇ ਉਚਾਈ ਵਾਲੇ ਪਹਾੜਾਂ 'ਤੇ ਚੜ੍ਹਨ ਦਾ ਮਨ ਬਣਾਇਆ ਜੋ ਉਸ ਨੇ ਗੁਰੂ ਜੀ ਦੇ ਅਸ਼ੀਰਵਾਦ ਨਾਲ ਪ੍ਰਾਪਤ ਕਰ ਲਿਆ।

cherry

This news is Content Editor cherry