ਸੰਗਰੂਰ ਪੁਲਸ ਨੇ 48 ਘੰਟੇ ’ਚ ਸੁਲਝਾਈ ਨੌਜਵਾਨ ਦੇ ਕਤਲ ਦੀ ਗੁੱਥੀ, 2 ਗ੍ਰਿਫ਼ਤਾਰ

05/13/2022 2:55:59 PM

ਸੰਗਰੂਰ (ਪ੍ਰਿੰਸ ):  ਸੰਗਰੂਰ ਪੁਲਸ ਨੇ 11 ਮਈ ਦੀ ਰਾਤ ਨੂੰ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ 48 ਘੰਟੇ ’ਚ ਸੁਲਝਾ ਲਈ ਹੈ ਅਤੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 32 ਬੋਰ ਦੀ ਪਿਸਤੌਲ ਵੀ ਬਰਾਮਦ ਹੋਈ ਹੈ। ਤੁਹਾਨੂੰ ਦੱਸ ਦਈਏ ਕਿ 11 ਮਈ ਦੀ ਰਾਤ ਸੰਗਰੂਰ ਦੀ ਘੁਮਿਆਰ ਬਸਤੀ ’ਚ ਕਮਲਦੀਪ ਕੁਮਾਰ 22 ਸਾਲਾ ਨੌਜਵਾਨ ਦੇ ਘਰ ਦੀ ਹੀ ਛੱਤ ’ਤੇ ਸਿਰ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਜਾਂਚ ਪੜਤਾਲ ਦੌਰਾਨ ਕੁਸ਼ਲ ਪਾਲ ਸਿੰਘ ਉਰਫ਼ ਗੋਲਡੀ ਅਤੇ ਮਨਿੰਦਰ ਸਿੰਘ ਉਰਫ ਮੋਨੂੰ ਦੇ ਦੋ ਹੋਰ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਲਿਆ ਸੀ। ਪੁਲਸ ਨੇ ਮਨਿੰਦਰ ਸਿੰਘ ਉਰਫ਼ ਮੋਨੂੰ ਅਤੇ ਨੌਜਵਾਨ ਦਾ ਕਤਲ ਕਰਨ ਵਾਲੇ ਮੁੱਖ ਦੋਸ਼ੀ ਹੁਸਨ ਪਾਲ ਉਰਫ਼ ਗੋਲਡੀ ਨੂੰ ਵਾਰਦਾਤ ’ਚ ਵਰਤੇ ਜਾਣ ਵਾਲੀ 32 ਬੋਰ ਦੀ ਪਿਸਤੌਲ ਨਾਲ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਬਠਿੰਡਾ ਵਿਖੇ ਮੁਫ਼ਤ ਸਫ਼ਰ ਨੂੰ ਲੈ ਕੇ ਹੰਗਾਮਾ, ਬੱਸ ਸਾਹਮਣੇ ਲੇਟੀ ਬਜ਼ੁਰਗ ਬੀਬੀ, ਜਾਣੋ ਪੂਰਾ ਮਾਮਲਾ

ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਦਾ ਦੀਵਾਲੀ ਵਾਲੇ ਦਿਨ ਕਿਲਾ ਮਾਰਕਿਟ ’ਚ ਮ੍ਰਿਤਕ ਕਮਲਦੀਪ ਕੁਮਾਰ ਨਾਲ ਝਗੜਾ ਹੋਇਆ ਸੀ ਅਤੇ ਉਸੇ ਰੰਜ਼ਿਸ਼ ਤਹਿਤ 11 ਮਈ ਦੀ ਰਾਤ ਨੂੰ ਹਮਲਾਵਰਾਂ ਨੇ ਕਮਲਦੀਪ ਦਾ ਕਤਲ ਕਰ ਦਿੱਤਾ। ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਸੀਂ ਇਕ ਦੂਸਰੇ ਮਾਮਲੇ ’ਚ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਦੋਸ਼ੀ ਜਿਸਦਾ ਨਾਲ ਬੱਬੂ ਸਿੰਘ ਹੈ, ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ 32 ਬੋਰ ਦੀ ਪਿਸਤੌਲ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਮਾਮਲਾ ਜਿਹੜਾ ਕਤਲ ਦਾ ਹੈ, ਉਸ ’ਚ ਵੀ 2 ਦੋਸ਼ੀ ਜਿਨ੍ਹਾਂ ਕੋਲੋਂ ਵੀ 32 ਬੋਰ ਦੀ ਪਿਸਤੌਲ ਬਰਾਮਦ ਹੋਈ ਹੈ। ਪੁਲਸ ਗੰਭੀਰਤਾ ਨਾਲ ਇਹ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਹਮਲਾਵਰਾਂ ਕੋਲੋਂ ਨਾਜਾਇਜ਼ ਹਥਿਆਰ ਕਿੱਥੋਂ ਆਏ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Meenakshi

This news is News Editor Meenakshi