ਸੰਗਰੂਰ ਨੈਸ਼ਨਲ ਹਾਈਵੇ 'ਤੇ ਧੂੰਦ ਦਾ ਕਹਿਰ, 2 ਦਰਜਨ ਵਾਹਨ ਆਪਸ 'ਚ ਟਕਰਾਏ (ਵੀਡੀਓ)

11/03/2019 2:21:40 PM

ਭਵਾਨੀਗੜ੍ਹ (ਕਾਂਸਲ, ਵਿਕਾਸ) : ਸਥਾਨਕ ਇਲਾਕੇ ਵਿਚ ਅੱਜ ਸਵੇਰੇ ਪਈ ਸੰਘਣੀ ਧੂੰਦ ਕਾਰਨ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਨੈਸ਼ਨਲ ਹਾਈਵੇ 'ਤੇ ਖਰਾਬ ਹਾਲਤ ਵਿਚ ਖੜੇ ਇਕ ਝੌਨੇ ਨਾਲ ਭਰੇ ਟਰੈਕਟਰ ਟਰਾਲੀ ਨੂੰ ਪਿਛੋਂ ਆ ਰਹੀ ਇਕ ਪੀ.ਆਰ.ਟੀ.ਸੀ ਦੀ ਬੱਸ ਵੱਲੋਂ ਟੱਕਰ ਮਾਰ ਦੇਣ ਕਾਰਨ ਹੋਏ ਹਾਦਸੇ ਵਿਚ ਟਰੈਕਟਰ ਚਾਲਕ ਕਿਸਾਨ ਦੀ ਮੌਤ ਹੋ ਜਾਣ ਅਤੇ ਉਸ ਦੇ ਸਾਥੀ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਹਾਦਸੇ ਤੋਂ ਬਾਅਦ ਇਥੇ ਇਕ ਦੇ ਬਾਅਦ ਇਕ ਕਰਕੇ 2 ਦਰਜਨ ਦੇ ਕਰੀਬ ਵਾਹਨ ਆਪਸ ਵਿਚ ਟਕਰਾ ਗਏ।

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਸਪਤਾਲ ਵਿਖੇ ਜੇਰੇ ਇਲਾਜ਼ ਘਟਨਾ ਵਿਚ ਜਖ਼ਮੀ ਹੋਏ ਟਰੈਕਟਰ ਸਵਾਰ ਜਤਿੰਦਰਪਾਲ ਸਿੰਘ ਵਾਸੀ ਪਿੰਡ ਬਟੂਹਾ ਨੇ ਦੱਸਿਆ ਕਿ ਅੱਜ ਉਸ ਦੇ ਪਿੰਡ ਦਾ ਇਕ ਕਿਸਾਨ ਗੁਰਪ੍ਰੀਤ ਸਿੰਘ ਜਦੋਂ ਝੋਨਾ ਵੇਚਣ ਲਈ ਟਰੈਕਟਰ ਟਰਾਲੀ 'ਤੇ ਜਾ ਰਹੇ ਸਨ ਤਾਂ ਭਵਾਨੀਗੜ੍ਹ ਤੋਂ ਪਿਛੇ ਪਿੰਡ ਹਰਕ੍ਰਿਸ਼ਨਪੁਰਾ ਨੇੜੇ ਉਨ੍ਹਾਂ ਦੇ ਟਰੈਕਟਰ ਦੀ ਡੀਜਲ ਪਾਇਪ ਫੱਟਣ ਕਾਰਨ ਟਰਕੈਟਰ ਖਰਾਬ ਹੋ ਗਿਆ, ਜਿਸ ਨੂੰ ਉਹ ਇਕ ਪਾਸੇ ਕਰਕੇ ਠੀਕ ਕਰ ਰਹੇ ਸਨ। ਇਸ ਦੌਰਾਨ ਪਿਛੋਂ ਆ ਰਹੀ ਇਕ ਪੀ.ਆਰ.ਟੀ.ਸੀ ਦੀ ਬੱਸ ਨੇ ਉਨ੍ਹਾਂ ਦੀ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਝੌਨੇ ਨਾਲ ਭਰੀ ਟਰਾਲੀ ਘੁੰਮ ਕੇ ਕਿਸਾਨ ਗੁਰਪ੍ਰੀਤ ਸਿੰਘ 'ਤੇ ਹੀ ਪਲਟ ਗਈ ਅਤੇ ਇਸ ਹਾਦਸੇ ਵਿਚ ਗੁਰਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਹ ਇਸ ਹਾਦਸੇ ਵਿਚ ਜਖ਼ਮੀ ਹੋ ਗਿਆ। ਮੌਕੇ 'ਤੇ ਪਹੁੰਚੀ ਹਾਈਵੇ ਪੁਲਸ ਅਤੇ ਹੋਰ ਪੁਲਸ ਕਾਰਮਚਾਰੀਆਂ ਨੇ ਗੁਰਪ੍ਰੀਤ ਸਿੰਘ ਨੂੰ ਕਾਫੀ ਜੱਦੋ-ਜਹਿਦ ਕਰਕੇ ਟਰਾਲੀ ਹੇਠੋਂ ਬਾਹਰ ਕੱਢਿਆ।

ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ. ਦੇ ਕਡੰਕਟਰ ਰਾਜਪਾਲ ਨੇ ਦੱਸਿਆ ਕਿ ਅੱਜ ਸਵੇਰੇ ਸੜਕ 'ਤੇ ਸੰਘਣੀ ਧੁੰਦ ਅਤੇ ਧੂੰਆਂ ਹੋਣ ਕਾਰਨ ਸੜਕ 'ਤੇ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਇਸ ਲਈ ਬੱਸ ਚਾਲਕ ਨੂੰ ਸੜਕ 'ਤੇ ਖਰਾਬ ਹਾਲਤ ਵਿਚ ਖੜ੍ਹੀ ਟਰੈਕਟਰ ਟਰਾਲੀ ਨਜ਼ਰ ਨਹੀਂ ਆਈ। ਕਡੰਕਟਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਬੱਸ ਟਰਾਲੀ ਨਾਲ ਟਕਰਾਈ ਤਾਂ ਉਨ੍ਹਾਂ ਦੇ ਪਿਛੇ ਆ ਰਹੀ ਇਕ ਹੋਰ ਪੀ.ਆਰ.ਟੀ.ਸੀ ਦੀ ਬੱਸ ਉਨ੍ਹਾਂ ਦੀ ਬੱਸ ਦੇ ਪਿਛੇ ਟਕਰਾ ਗਈ ਅਤੇ ਇਸ ਹਾਦਸੇ ਵਿਚ ਏ.ਸੀ. ਬੱਸ ਦਾ ਚਾਲਕ ਜਤਿੰਦਰ ਸਿੰਘ ਜਖ਼ਮੀ ਹੋ ਗਿਆ ਅਤੇ ਕਈ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਸੜਕ ਉਪਰ ਸੰਘਣੀ ਧੂੰਦ ਅਤੇ ਧੂੰਏ ਕਾਰਨ ਦੇਖਦੇ ਹੀ ਦੇਖਦੇ ਇਕ ਦੇ ਬਾਅਦ ਇਕ ਕਰਕੇ 2 ਦਰਜਨ ਦੇ ਕਰੀਬ ਵਾਹਨ ਆਪਸ ਵਿਚ ਟਕਰਾਉਂਦੇ ਗਏ। ਇਨ੍ਹਾਂ ਵਾਹਨਾਂ ਵਿਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਸੰਘਣੀ ਧੂੰਦ ਕੁਦਰਤੀ ਨਹੀਂ ਸਗੋਂ ਇਹ ਕਿਸਾਨਾਂ ਵੱਲੋਂ ਬੀਤੇ ਦਿਨੀ ਆਪਣੇ ਖੇਤਾਂ ਵਿਚ ਝੋਨੇ ਦੀ ਰਹਿੰਦ-ਖੁਹੰਦ ਨੂੰ ਅੱਗ ਲਗਾਈ ਗਈ ਸੀ ਅਤੇ ਇਹ ਪਰਾਲੀ ਦਾ ਧੂੰਆਂ ਹੀ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਸਾੜਣ ਤੋਂ ਰੋਕਣ ਲਈ ਪੂਰੀ ਸਖ਼ਤੀ ਤੋਂ ਕੰਮ ਲਿਆ ਜਾਵੇ।

cherry

This news is Content Editor cherry