ਸਿੱਖਿਆ ਮੰਤਰੀ ਦੀ ਕੋਠੀ ਘੇਰਨ ਜਾ ਰਹੇ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਸ ਵੱਲੋਂ ਲਾਠੀਚਾਰਜ

09/22/2019 3:09:47 PM

ਸੰਗਰੂਰ (ਬੇਦੀ, ਹਰਜਿੰਦਰ) : ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਬੇਰੋਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਅਤੇ ਪੁਲਸ ਵਿਚਾਲੇ ਝੜਪ ਹੋ ਗਈ, ਜਿਸ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਅਤੇ ਪਾਣੀਆਂ ਦੀਆਂ ਵਾਛੜਾਂ ਕਰ ਕੇ ਵਿਖਾਵਾਕਾਰੀਆਂ ਨੂੰ ਪਿੱਛੇ ਧੱਕ ਦਿੱਤਾ ਪਰ ਵਿਖਾਵਾਕਾਰੀਆਂ ਨੇ ਸਿੱਖਿਆ ਮੰਤਰੀ ਦੀ ਕੋਠੀ ਤੋਂ ਪਿੱਛੇ ਹਟ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਲਾਠੀਚਾਰਜ ਦੌਰਾਨ ਕਈ ਵਿਖਾਵਾਕਾਰੀਆਂ ਨੂੰ ਡੂੰਘੀਆਂ ਸੱਟਾਂ ਲੱਗੀਆਂ ਅਤੇ ਕਈਆਂ ਦੀਆਂ ਪੱਗਾਂ ਲੱਥ ਗਈਆਂ।

ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਬੇਰੋਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਜਥੇਬੰਦੀ ਦੇ 5 ਮੈਂਬਰ ਸੰਗਰੂਰ ਸੁਨਾਮ ਰੋਡ ਸਥਿਤ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਕੇ ਰੋਸ ਵਿਖਾਵਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਬਾਕੀ ਸਾਥੀ ਟੈਂਕੀ ਹੇਠਾਂ ਵਿਖਾਵਾ ਕਰ ਰਹੇ ਹਨ। ਦੋ-ਤਿੰਨ ਦਿਨ ਪਹਿਲਾਂ ਪੁਲਸ ਨੇ ਮਰਨ ਵਰਤ 'ਤੇ ਬੈਠੇ 2 ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਜਬਰੀ ਚੁੱਕ ਕੇ ਹਸਪਤਾਲ ਦਾਖਲ ਕਰਵਾ ਦਿੱਤਾ।

ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਬੇਰੋਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਅੱਜ ਵਿਸ਼ਾਲ ਇਕੱਠ ਕੀਤਾ ਗਿਆ। ਪੰਜਾਬ ਤੋਂ ਕਈ ਜਥੇਬੰਦੀਆਂ ਨੇ ਹਿੱਸਾ ਲਿਆ। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੁਖਦੇਵ ਸਿੰਘ, ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ, ਡੀ. ਟੀ. ਐੱਫ. ਦੇ ਜ਼ਿਲਾ ਸੰਗਰੂਰ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ, ਸਾਰੇ ਇਨਕਲਾਬੀ ਮੋਰਚਾ ਲਹਿਰ ਦੇ ਆਗੂ ਸ਼ਰਨਜੀਤ ਸਿੰਘ, ਤਰਕਸ਼ੀਲ ਸੋਸਾਇਟੀ ਪੰਜਾਬ ਜ਼ਿਲਾ ਸੰਗਰੂਰ ਦੇ ਪ੍ਰਧਾਨ ਪਰਮਵੇਦ ਆਦਿ ਤੋਂ ਇਲਾਵਾ ਪੀ. ਐੱਸ. ਟੀ. ਆਰ. ਸੀ. ਯੂ. ਜਥੇਬੰਦੀਆਂ ਵੱਲੋਂ ਹਿੱਸਾ ਲਿਆ ਗਿਆ। ਸੁਨਾਮੀ ਗੇਟ ਤੋਂ ਸਿੰਗਲਾ ਦੀ ਕੋਠੀ ਵੱਲ ਪੈਦਲ ਚੱਲ ਕੇ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਜਦੋਂ ਇਹ ਵਿਖਾਵਾਕਾਰੀ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੁੱਜੇ ਤਾਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਸੁਰੱਖਿਆ ਵਜੋਂ ਤਾਇਨਾਤ ਪੁਲਸ ਮੁਲਾਜ਼ਮਾਂ ਅਤੇ ਵਿਖਾਵਾਕਾਰੀਆਂ ਵਿਚਾਲੇ ਝੜਪ ਹੋ ਗਈ, ਜਿਸ ਤੋਂ ਬਾਅਦ ਪੁਲਸ ਨੇ ਬਲ ਦੀ ਵਰਤੋਂ ਕਰਦਿਆਂ ਵਿਖਾਵਾਕਾਰੀਆਂ 'ਤੇ ਲਾਠੀਚਾਰਜ ਕਰ ਦਿੱਤਾ ਅਤੇ ਪਾਣੀ ਦੀਆਂ ਵਾਛੜਾਂ ਨਾਲ ਇਨ੍ਹਾਂ ਵਿਖਾਵਾਕਾਰੀਆਂ ਨੂੰ ਭਜਾ ਦਿੱਤਾ। ਬਾਅਦ 'ਚ ਪ੍ਰਸ਼ਾਸਨ ਨੇ 30 ਸਤੰਬਰ ਨੂੰ ਪੈਨਲ ਮੀਟਿੰਗ ਦਾ ਭਰੋਸਾ ਦਿੱਤਾ।

ਇਸ ਮੌਕੇ ਮੌਜੂਦ ਸਾਥੀ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਰਾਜ ਕੁਮਾਰ ਮਾਨਸਾ, ਗੁਰਜੰਟ ਪਟਿਆਲਾ, ਸੁਰਿੰਦਰ ਅਬੋਹਰ, ਰਣਜੀਤ ਸੰਗਰੂਰ, ਦੀਪ ਬਨਾਰਸੀ, ਸੋਨੂੰ ਵਾਲੀਆ ਆਦਿ ਸਾਥੀ ਮੌਜੂਦ ਸਨ।

ਡੰਗਰਾਂ ਵਾਂਗ ਕੁੱਟਿਆ : ਵਿਖਾਵਾਕਾਰੀ
ਵਿਖਾਵਾਕਾਰੀਆਂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਦੇ ਹੱਕ 'ਚ ਰੋਸ ਵਿਖਾਵਾ ਕਰ ਰਹੇ ਸੀ ਪਰ ਸਾਨੂੰ ਪੁਲਸ ਨੇ ਬਿਨਾਂ ਵਜ੍ਹਾ ਡੰਗਰਾਂ ਵਾਂਗ ਕੁੱਟਿਆ ਤੇ ਮਹਿਲਾ ਵਿਖਾਵਾਕਾਰੀਆਂ ਨਾਲ ਬਦਸਲੂਕੀ ਵੀ ਕੀਤੀ ਗਈ। ਅਸੀਂ ਰੋਜ਼ਗਾਰ ਲੈਣ ਲਈ ਰੋਸ ਵਿਖਾਵਾ ਕਰ ਰਹੇ ਸੀ ਪਰ ਸਾਨੂੰ ਸਿਰਫ਼ ਡਾਂਗਾਂ ਮਿਲ ਰਹੀਆਂ ਹਨ। ਅਧਿਆਪਕਾਵਾਂ ਨੇ ਪੁਲਸ 'ਤੇ ਬਦਸਲੂਕੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਸ ਮੁਲਾਜ਼ਮਾਂ 'ਚ ਲੇਡੀ ਪੁਲਸ ਮੁਲਾਜ਼ਮਾਂ ਦੀ ਗਿਣਤੀ ਬਹੁਤ ਘੱਟ ਸੀ ਤੇ ਉਨ੍ਹਾਂ 'ਤੇ ਪੁਰਸ਼ ਪੁਲਸ ਮੁਲਾਜ਼ਮਾਂ ਨੇ ਡਾਂਗਾਂ ਮਾਰੀਆਂ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੰਗ ਰਹੇ ਸੀ ਨਾ ਕਿ ਕੋਈ ਭੀਖ।

ਇਨ੍ਹਾਂ ਦੇ ਲੱਗੀਆਂ ਸੱਟਾਂ
ਲਾਠੀਚਾਰਜ ਦੌਰਾਨ ਗੁਰਪ੍ਰੀਤ ਕੰਬੋਜ, ਸੁਖਦੇਵ ਮਨੀ ਸੰਗਰੂਰ, ਹਰਪ੍ਰੀਤ ਪਟਿਆਲਾ, ਦੇਸਰਾਜ ਜਲੰਧਰ, ਗੁਰਸਿਮਰਤ ਸੰਗਰੂਰ, ਉਮੇਸ਼ ਕੋਟਕਪੂਰਾ, ਰਾਜਵੀਰ ਕੌਰ ਮੁਕਤਸਰ, ਸੁਰਜੀਤ ਕੌਰ ਲੁਧਿਆਣਾ ਆਦਿ ਵਿਖਾਵਾਕਾਰੀਆਂ ਨੂੰ ਸੱਟਾਂ ਲੱਗੀਆਂ।

ਕੀ ਕਹਿਣੈ ਸਿੱਖਿਆ ਮੰਤਰੀ ਦਾ
ਇਸ ਸਬੰਧੀ ਸਿੱਖਿਆ ਮੰਤਰੀ ਨੇ ਕਿਹਾ ਕਿ ਜੋ ਰੋਸ ਵਿਖਾਵਾ ਚੱਲ ਰਿਹਾ ਸੀ, ਉਸ 'ਤੇ ਸਰਕਾਰ ਗੰਭੀਰ ਹੈ ਅਤੇ ਇਨ੍ਹਾਂ ਮੰਗਾਂ ਨੂੰ ਵਿਚਾਰਿਆ ਜਾ ਰਿਹਾ ਹੈ ਅਤੇ ਜਲਦ ਕੋਈ ਨਾ ਕੋਈ ਹੱਲ ਕਰ ਦਿੱਤਾ ਜਾਵੇਗਾ।



ਵੱਖ-ਵੱਖ ਜਥੇਬੰਦੀਆਂ ਵੱਲੋਂ ਨਿਖੇਧੀ
ਬੇਰੋਜ਼ਗਾਰ ਈ.ਟੀ.ਟੀ.ਟੈੱਟ ਪਾਸ ਅਧਿਆਪਕਾਂ 'ਤੇ ਪੁਲਸ ਵੱਲੋਂ ਕੀਤੇ ਲਾਠੀਚਾਰਜ ਦੀ ਵੱਖ-ਵੱਖ ਜਥੇਬੰਦੀਆਂ ਨੇ ਨਿਖੇਧੀ ਕੀਤੀ। ਬੇਰੋਜ਼ਗਾਰ ਬੀ.ਐੱਡ ਪਾਸ ਅਧਿਆਪਕ ਯੂਨੀਅਨ, ਆਈ. ਡੀ. ਪੀ. ਪੰਜਾਬ ਦੇ ਆਗੂ ਕਰਨੈਲ ਸਿੰਘ ਜਖੇਪਲ, ਫਲਜੀਤ ਸਿੰਘ, ਤਰਲੋਚਨ ਸਿੰਘ ਤੇ ਹੋਰ ਵੱਖ-ਵੱਖ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪੁਲਸ ਦੇ ਇਸ ਐਕਸ਼ਨ ਦੀ ਸਖਤ ਨਿਖੇਧੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਇਸ ਮਸਲੇ ਨੂੰ ਨਿਬੇੜ ਕੇ ਇਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ।

cherry

This news is Content Editor cherry