ਸ਼੍ਰੋਮਣੀ ਕਮੇਟੀ ’ਚ ਨਹੀਂ ਹੈ ਕੋਈ ਰਾਜਨੀਤਕ ਦਖ਼ਲ : ਭਾਈ ਗੋਬਿੰਦ ਸਿੰਘ ਲੌਂਗੋਵਾਲ

01/23/2019 9:48:24 AM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਸ਼੍ਰੋਮਣੀ ਕਮੇਟੀ ’ਚ ਕੋਈ ਰਾਜਨੀਤਕ ਦਖ਼ਲ-ਅੰਦਾਜ਼ੀ ਨਹੀਂ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਲੋਂ ਹੀ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ। ਇਹ ਸ਼ਬਦ ਸ਼ੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ’ਚ ਗੱਲਬਾਤ ਕਰਦਿਆਂ ਕਹੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਤਾਂ ਅਕਾਲੀ ਦਲ ਵਲੋਂ ਚੋਣ ਲਡ਼ਦੇ ਹਨ ਫਿਰ ਰਾਜਨੀਤਕ ਦਖ਼ਲ ਕਿਵੇਂ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਇਕ ਵਾਰ ਅਕਾਲੀ ਦਲ ਦੇ ਪ੍ਰਧਾਨ ਦਾ ਕੁਝ ਰੋਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣ ’ਚ ਹੁੰਦਾ ਹੈ ਪਰ ਉਸ ਦੇ ਬਾਅਦ ਉਹ ਕੋਈ ਦਖ਼ਲ-ਅੰਦਾਜ਼ੀ ਨਹੀਂ ਕਰਦੇ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਅਤੇ ਪ੍ਰਧਾਨ ਹੀ ਮਿਲ ਕੇ ਕਈ ਫੈਸਲੇ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਦੇ ਰਸਤੇ ’ਚ ਵਿਰਾਸਤੀ ਬਨਾਵਟ ਨੂੰ ਕਾਇਮ ਰੱਖਿਆ ਜਾਵੇਗਾ। ਸ਼੍ਰੋਮਣੀ ਕਮੇਟੀ ਇਸ ਰਸਤੇ ’ਚ ਸਾਰੇ ਪ੍ਰਬੰਧ ਕਰਨ ਨੂੰ ਤਿਆਰ ਹੈ। ਉਹ ਇਸ ਰਸਤੇ ’ਚ ਯਾਤਰੀਆਂ ਦੇ ਠਹਿਰਨ ਲਈ ਧਰਮਸ਼ਾਲਾ ਦਾ ਪ੍ਰਬੰਧ ਅਤੇ ਲੰਗਰ ਆਦਿ ਦੀ ਵਿਵਸਥਾ ਵੀ ਕਰੇਗੀ। ਸਰਕਾਰ ਇਸ ਦੇ ਲਈ ਸ਼੍ਰੋਮਣੀ ਕਮੇਟੀ ਨੂੰ ਇਜਾਜ਼ਤ ਦੇਵੇ। ਉਨ੍ਹਾਂ ਕਿਹਾ ਕਿ ਉਡ਼ੀਸਾ ’ਚ ਜਗਨਨਾਥ ਪੂਰੀ ਦੇ ਮੰਦਰ ਦੇ ਸਾਈਡ ’ਚ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਹੈ, ਉਥੋਂ ਦੀ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਇਸ ਅਸਥਾਨ ਦੀ ਦੇਖ-ਭਾਲ ਵੀ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤੀ ਜਾਵੇਗੀ। ਬਰਨਾਲਾ ’ਚ ਕੋਈ ਵੱਡਾ ਮੈਡੀਕਲ ਇੰਸਟੀਚਿਊਟ ਜਾਂ ਹੈਲਥ ਇੰਸਟੀਚਿਊਟ ਖੋਲ੍ਹਣ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸ਼੍ਰੋੋਮਣੀ ਕਮੇਟੀ ਵਲੋਂ 125 ਸਕੂਲ, ਕਾਲਜ ਚਲਾਏ ਜਾ ਰਹੇ ਹਨ ਜਦੋਂਕਿ ਸ਼੍ਰੋੋਮਣੀ ਕਮੇਟੀ ਦਾ ਬਜਟ ਸਿਰਫ 400 ਕਰੋਡ਼ ਦੇ ਕਰੀਬ ਹੈ। ਇੰਨੇ ਪੈਸੇ ਤਾਂ ਤਨਖਾਹਾਂ ’ਚ ਹੀ ਚਲੇ ਜਾਂਦੇ ਹਨ। ਜ਼ਿਲਾ ਬਰਨਾਲਾ ’ਚ ਅਸੀਂ ਦੋ ਸਿੱਖਿਆ ਇੰਸਟੀਚਿਊਟ ਖੋਲ੍ਹੇ ਸਨ। ਉਹ ਵੀ ਘਾਟੇ ’ਚ ਚੱਲ ਰਹੇ ਹਨ। ਫਿਰ ਵੀ ਅਸੀਂ ਇਸ ਸਬੰਧੀ ਵਿਚਾਰ ਕਰਾਂਗੇ। ਬਾਦਲ ਪਰਿਵਾਰ ਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ’ਚ ਆਉਣ ’ਤੇ ਉਨ੍ਹਾਂ ਕਿਹਾ ਕਿ ਇਹ ਰਾਜਨੀਤਕ ਸਟੰਟ ਹੈ। ਬਾਦਲ ਪਰਿਵਾਰਾਂ ਨੇ ਕੋਈ ਵੀ ਬੇਅਦਬੀ ਨਹੀਂ ਕੀਤੀ। ਫਿਰ ਤਾਂ ਕੈਪਟਨ ਰਾਜ ’ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਫਿਰ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਬੇਅਦਬੀ ਦੇ ਦੋਸ਼ੀ ਹਨ। ਇਸ ਮੌਕੇ ਬੀਬੀ ਸੁਰਜੀਤ ਕੌਰ ਅਤੇ ਗਗਨਜੀਤ ਬਰਨਾਲਾ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।