ਨਾਮਦੇਵ ਮਾਰਗ ’ਤੇ ਖਡ਼੍ਹਾ ਪਾਣੀ ਲੋਕਾਂ ਲਈ ਬਣਿਆ ਸਿਰਦਰਦੀ

01/23/2019 9:47:37 AM

ਸੰਗਰੂਰ (ਸ਼ਾਮ)-ਨਾਮਦੇਵ ਮਾਰਗ ’ਤੇ ਇਕ ਪਾਸੇ ਖਡ਼੍ਹੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਉਣ-ਜਾਣ ਵਾਲੇ ਵ੍ਹੀਕਲਾਂ, ਰਾਹਗੀਰਾਂ ਲਈ ਸਿਰਦਰਦੀ ਬਣ ਗਈ ਹੈ ਅਤੇ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਜਦ ਮੰਡੀ ਦਾ ਦੌਰਾ ਕਰ ਕੇ ਦੇਖਿਆ ਤਾਂ ਸਕੂਲ ਰੋਡ ’ਤੇ ਖਡ਼੍ਹੇ ਪਾਣੀ ਕਾਰਨ ਦੁਕਾਨਦਾਰ ਬਹੁਤ ਹੀ ਔਖੋ ਦਿਖਾਈ ਦੇ ਰਹੇ ਸਨ ਕਿਉਂਕਿ ਸਰਦੀ ਦੇ ਦਿਨਾਂ ਚ ਉਨ੍ਹਾਂ ਨੂੰ ਪਾਣੀ ’ਚੋਂ ਲੰਘ ਕੇ ਦੁਕਾਨ ਤਕ ਜਾਣਾ ਪੈ ਰਿਹਾ ਸੀ ਤੋਂ ਇਲਾਵਾ ਨਾਮਦੇਵ ਮਾਰਗ ਦੇ ਇਕ ਪਾਸੇ ਦੀ ਟ੍ਰੈਫਿਕ ਅਤੇ ਦੂਜੇ ਪਾਸੇ ਖਡ਼੍ਹੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਉਣ-ਜਾਣ ਵਾਲੇ ਵ੍ਹੀਕਲਾਂ, ਰਾਹਗੀਰਾਂ ਲਈ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ ਕਿਉਂਕਿ ਇਕ ਸਾਈਡ ’ਤੇ ਖਡ਼੍ਹੇ ਪਾਣੀ ਅਤੇ ਪਏ ਕੂਡ਼ੇ ਦੇ ਢੇਰਾਂ ਕਾਰਨ ਸਾਰੀ ਟ੍ਰੈਫਿਕ ਇਕ ਸਾਈਡ ਹੋਣ ਕਾਰਨ ਸਕੂਲੀ ਬੱਚਿਆਂ ਨੂੰ ਵੀ ਸਡ਼ਕ ਉਪਰੋਂ ਲੰਘਣਾ ਪੈ ਰਿਹਾ ਹੈ ਅਤੇ ਕੂਡ਼ੇ ਦੇ ਲੱਗੇ ਢੇਰਾਂ ’ਚੋਂ ਬਦਬੂ ਮਾਰ ਰਹੀ ਹੈ। ਲੋਕ ਨਿਰਮਾਣ ਵਿਭਾਗ ਨੇ ਇਸ ਮਾਰਗ ਦੀ ਇਕ ਸਾਈਡ ਲਗਭਗ ਤਿੰਨ ਮਹੀਨੇ ਪਹਿਲਾਂ 37 ਲੱਖ ਰੁਪਏ ਲਾ ਕੇ ਬਣਾ ਦਿੱਤੀ ਪਰ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਬਣਾਈ ਗਈ ਸਡ਼ਕ ਦਾ ਵੀ ਪੱਧਰ ਇਕਸਾਰ ਨਾ ਹੋਣ ਕਾਰਨ ਮੀਂਹ ਦਾ ਪਾਣੀ ਸਡ਼ਕ ’ਤੇ ਖਡ਼੍ਹਾ ਦੇਖਿਆ ਗਿਆ ਅਤੇ ਬੱਜਰੀ ਉੱਖਡ਼ ਕੇ ਬਾਹਰ ਨਿਕਲੀ ਦਿਖਾਈ ਦਿੱਤੀ, ਜੋ ਇਕ ਜਾਂਚ ਦਾ ਵਿਸ਼ਾ ਬਣੀ ਹੋਈ ਹੈ। ਹੁਣ ਸਾਰਾ ਟ੍ਰੈਫਿਕ ਵਨ ਸਾਈਡ ਹੋਣ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਦੂਸਰੀ ਸਾਈਡ ’ਤੇ 2-2 ਫੁੱਟ ਡੂੰਘੇ ਟੋਇਆਂ ’ਚ ਮੀਂਹ ਦਾ ਪਾਣੀ ਖਡ਼੍ਹਾ ਹੈ, ਕੂਡ਼ੇ ਦੇ ਢੇਰ ਪਏ ਹਨ ਅਤੇ ਸਕੂਲੀ ਬੱਚਿਆਂ ਨੂੰ ਵੀ ਸਾਈਕਲ ’ਤੇ ਸਵਾਰ ਹੋ ਕੇ ਵਨ ਸਾਈਡ ਲੰਘਣਾ ਪੈ ਰਿਹਾ ਹੈ। ਇਸ ਰੋਡ ’ਤੇ ਸਥਿਤ ਦੁਕਾਨਦਾਰਾਂ ਅਤੇ ਨਿਵਾਸੀਆਂ ਦੀ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਇਸ ਰੋਡ ਨੂੰ ਜਲਦੀ ਤੋਂ ਜਲਦੀ ਬਣਾ ਕੇ ਸਮੱਸਿਆ ਦਾ ਹੱਲ ਕੀਤਾ ਜਾਵੇ।