ਮਰਨ ਵਰਤ ''ਤੇ ਬੈਠੇ ਬੇਰੋਜ਼ਗਾਰ ਅਧਿਆਪਕ ਪੁਲਸ ਨੇ ਜਬਰੀ ਚੁੱਕੇ

09/19/2019 9:40:45 AM

ਸੰਗਰੂਰ(ਬੇਦੀ, ਹਰਜਿੰਦਰ) : ਈ. ਟੀ. ਟੀ. ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਰੋਸ ਵਿਖਾਵੇ ਦੇ 16ਵੇਂ ਦਿਨ ਪੁਲਸ ਨੇ ਭਾਰੀ ਲਾਮ-ਲਸ਼ਕਰ ਨਾਲ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਨੂੰ ਜਬਰੀ ਚੁੱਕ ਕੇ ਹਸਪਤਾਲ 'ਚ ਦਾਖਲ ਕਰਵਾਇਆ। ਇਸ ਦੌਰਾਨ ਟੈਂਕੀ 'ਤੇ ਰੋਸ ਵਿਖਾਵਾ ਕਰ ਰਹੇ ਅਧਿਆਪਕਾਂ 'ਚੋਂ ਇਕ ਨੇ ਹੇਠਾਂ ਕੁੱਦਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਸ ਦੇ ਦੂਜੇ ਸਾਥੀਆਂ ਨੇ ਰੋਕ ਲਿਆ।

ਜ਼ਿਕਰਯੋਗ ਹੈ ਕਿ ਅਧਿਆਪਕਾਂ ਦੇ 5 ਸਾਥੀ ਕਈ ਦਿਨਾਂ ਤੋਂ ਲਗਾਤਾਰ ਪਾਣੀ ਦੀ ਟੈਂਕੀ ਉਪਰ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਡਟੇ ਹੋਏ ਹਨ ਜਦਕਿ ਟੈਂਕੀ ਹੇਠਾਂ 2 ਅਧਿਆਪਕ ਸਾਥੀ 11 ਸਤੰਬਰ ਤੋਂ ਲਗਾਤਾਰ ਮਰਨ ਵਰਤ ਉਪਰ ਬੈਠੇ ਹੋਏ ਸਨ, ਜਿਨ੍ਹਾਂ ਵੱਲੋਂ ਬੀਤੇ ਦਿਨ ਸਰਕਾਰ ਅਤੇ ਸਿੱਖਿਆ ਮੰਤਰੀ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਡਿਗਰੀ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਸਨ ।

ਬੁੱਧਵਾਰ ਤੜਕੇ 2 ਵਜੇ ਦੇ ਕਰੀਬ ਜ਼ਿਲਾ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਅਧਿਆਪਕਾਂ ਦੇ ਮਾਪਿਆਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਲਈ ਕੌਂਸਲਿੰਗ ਕੀਤੀ ਗਈ ਪਰ ਅਧਿਆਪਕ ਆਪਣੀ ਜ਼ਿੱਦ 'ਤੇ ਅੜੇ ਰਹੇ ਅਤੇ ਬੁੱਧਵਾਰ ਦੁਪਹਿਰ ਐੱਸ. ਐੱਮ. ਓ. ਵੱਲੋਂ ਮਰਨਵਰਤ 'ਤੇ ਬੈਠੇ ਅਧਿਆਪਕਾਂ ਦੀ ਹਾਲਤ ਨਾਜ਼ੁਕ ਹੋਣ ਦੀ ਗੱਲ ਆਖਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਹਰਕਤ 'ਚ ਆਉਂਦਿਆਂ ਐੱਸ. ਪੀ. ਸ਼ਰਨਜੀਤ ਸਿੰਘ, ਡੀ. ਐੱਸ. ਪੀ. ਸੱਤਪਾਲ ਸ਼ਰਮਾ ਅਤੇ ਐੱਸ. ਐੱਚ. ਓ. ਰਾਕੇਸ਼ ਕੁਮਾਰ ਨੇ ਭਾਰੀ ਪੁਲਸ ਬਲ ਸਮੇਤ ਮੌਕੇ 'ਤੇ ਪਹੁੰਚ ਕੇ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਨੂੰ ਧਰਨੇ ਤੋਂ ਚੁੱਕ ਕੇ ਹਸਪਤਾਲ 'ਚ ਭਰਤੀ ਕਰਵਾਇਆ ਅਤੇ ਬਾਕੀ ਅਧਿਆਪਕ ਸਾਥੀਆਂ ਵੱਲੋਂ ਸੜਕ ਜਾਮ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ।

ਬਾਅਦ 'ਚ ਟੈਂਕੀ ਉਪਰ ਚੜ੍ਹੇ 5 ਸੰਘਰਸ਼ਸ਼ੀਲ ਅਧਿਆਪਕਾਂ ਨੂੰ ਜਬਰੀ ਹੇਠਾਂ ਉਤਾਰਨ ਲਈ ਨੇੜੇ-ਤੇੜੇ ਦੇ ਇਲਾਕੇ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਕੇ ਪੁਖਤਾ ਪ੍ਰਬੰਧ ਕਰਦੇ ਹੋਏ ਪਹਿਲਾਂ ਤਾਂ ਪ੍ਰਸ਼ਾਸਨ ਦੇ ਕੁਝ ਮੁਲਾਜ਼ਮਾਂ ਵੱਲੋਂ ਪਾਣੀ ਦੀ ਟੈਂਕੀ ਹੇਠਾਂ ਗੱਦੇ ਵਿਛਾਏ ਗਏ ਅਤੇ ਜਾਲ ਵੀ ਵਿਛਾਇਆ ਗਿਆ ਤਾਂ ਜੋ ਕੋਈ ਪ੍ਰਦਰਸ਼ਨਕਾਰੀ ਵੱਲੋਂ ਉਪਰੋਂ ਛਾਲ ਮਾਰਨ ਦੌਰਾਨ ਕੋਈ ਨੁਕਸਾਨ ਨਾ ਹੋਵੇ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਟੈਂਕੀ ਉਪਰ ਚੜ੍ਹੇ ਪ੍ਰਦਰਸ਼ਨਕਾਰੀਆਂ ਨੂੰ ਹੇਠਾਂ ਉਤਰਨ ਦੀ ਅਪੀਲ ਕੀਤੀ ਗਈ ਪਰ ਇਹ ਅਧਿਆਪਕ ਆਪਣੀ ਮੰਗ ਨੂੰ ਲੈ ਕੇ ਅੜੇ ਰਹੇ ਅਤੇ ਉਸ ਸਮੇਂ ਇਨ੍ਹਾਂ ਅਧਿਆਪਕਾਂ ਦੇ ਸਬਰ ਦਾ ਬੰਨ੍ਹ ਟੁੱਟਦਾ ਨਜ਼ਰ ਆਇਆ ਜਦ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਨ੍ਹਾਂ ਵਿਚੋਂ ਇਕ ਅਧਿਆਪਕਾ ਟੈਂਕੀ ਦੇ ਕੰਢੇ ਉਪਰ ਬੈਠ ਗਈ ਅਤੇ ਉਪਰੋਂ ਇਕ ਅੱਗ ਲਾ ਕੇ ਗੱਦਾ ਵੀ ਸੁੱਟਿਆ ਗਿਆ। ਅਧਿਆਪਕਾਂ ਦੇ ਰਵੱਈਏ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ।

ਇਸ ਦੌਰਾਨ ਜਥੇਬੰਦੀ ਦੇ ਆਗੂਆਂ ਵੱਲੋਂ ਵੀ ਟੈਂਕੀ ਉਪਰ ਡਟੇ ਪ੍ਰਦਰਸ਼ਨਕਾਰੀਆਂ ਨੂੰ ਕੋਈ ਅਣਸੁਖਾਵਾਂ ਕਦਮ ਚੁੱਕਣ ਤੋਂ ਮਨ੍ਹਾ ਕੀਤਾ ਗਿਆ ਪਰ ਸਰਕਾਰ ਖਿਲਾਫ ਰੋਹ ਵਿਚ ਆਏ ਇਕ ਅਧਿਆਪਕ ਨੇ ਖੁਦ ਦੀ ਬਾਂਹ 'ਤੇ ਤੇਲ ਪਾ ਕੇ ਅੱਗ ਲਾ ਲਈ ਅਤੇ ਇਕ ਅਧਿਆਪਕ ਉਪਰੋਂ ਛਾਲ ਮਾਰਨ ਦੀ ਕੋਸ਼ਿਸ਼ ਦੌਰਾਨ ਟੈਂਕੀ ਉਪਰ ਲਟਕ ਗਿਆ ਪਰ ਸਾਥੀ ਅਧਿਆਪਕਾਂ ਨੇ ਫੁਰਤੀ ਦਿਖਾਉਂਦੇ ਹੋਏ ਉਸ ਨੂੰ ਜੱਫਾ ਪਾਉਂਦਿਆਂ ਉਪਰ ਖਿੱਚ ਲਿਆ। ਮੌਕੇ 'ਤੇ ਸਥਿਤੀ ਨਾਜ਼ੁਕ ਸੀ ਅਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ।

ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਆਖਿਆ ਕਿ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੇ ਰੋਹ ਨੂੰ ਭਾਂਪਦਿਆਂ ਬੇਸ਼ੱਕ ਅੱਜ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਤਾਂ ਦਿੱਤਾ ਗਿਆ ਹੈ ਪਰ ਅਜਿਹੇ ਭਰੋਸੇ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਕਈ ਵਾਰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਆਖਿਆ ਕਿ 20 ਸਤੰਬਰ ਦੀ ਮੀਟਿੰਗ ਤੋਂ ਬਾਅਦ ਹੀ ਯੂਨੀਅਨ ਵੱਲੋਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ ਪਰ ਉਦੋਂ ਤੱਕ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਇਸ ਸਮੇਂ ਸਾਥੀ ਸੰਦੀਪ ਸ਼ਾਮਾ, ਦੀਪ ਬਨਾਰਸੀ, ਮਨੀ, ਪ੍ਰੈੱਸ ਸਕੱਤਰ ਸੋਨੂੰ ਵਾਲੀਆ ਆਦਿ ਮੌਜੂਦ ਸਨ। ਇਸ ਮੌਕੇ ਐੱਸ. ਡੀ. ਐੱਮ. ਅਵਿਕੇਸ਼ ਗੁਪਤਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਵੱਲੋਂ ਇਕ ਪੱਤਰ ਜਾਰੀ ਕਰ ਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਦਫਤਰ ਵਿਖੇ 20 ਸਤੰਬਰ ਨੂੰ 12 ਵਜੇ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ।

cherry

This news is Content Editor cherry