2 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ ਬੇਰੋਜ਼ਗਾਰ ਅਧਿਆਪਕ

01/30/2020 4:32:38 PM

ਸੰਗਰੂਰ (ਬੇਦੀ) : ਟੈੱਟ ਪਾਸ ਬੇਰੋਜ਼ਗਾਰ ਈ.ਟੀ.ਟੀ. ਅਤੇ ਬੀ. ਐੱਡ ਅਧਿਆਪਕ ਯੂਨੀਅਨਾਂ ਦੀ ਸਾਂਝੀ ਮੀਟਿੰਗ ਸੰਗਰੂਰ ਵਿਖੇ ਪੱਕੇ-ਮੋਰਚੇ 'ਤੇ ਹੋਈ। ਮੀਟਿੰਗ ਦੌਰਾਨ 2 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਦੀਪਕ ਕੰਬੋਜ ਅਤੇ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਈ.ਟੀ.ਟੀ. ਉਮੀਦਵਾਰਾਂ ਲਈ 500 ਅਤੇ ਬੀ. ਐੱਡ ਲਈ 2182 ਅਸਾਮੀਆਂ ਦੀ ਪ੍ਰਵਾਨਗੀ ਬੇਰੋਜ਼ਗਾਰ ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ ਕਿਉਂਕਿ ਪੰਜਾਬ 'ਚ ਕਰੀਬ 15 ਹਜ਼ਾਰ ਈ. ਟੀ. ਟੀ. ਅਤੇ 50 ਹਜ਼ਾਰ ਬੀ. ਐੱਡ ਟੈੱਟ ਪਾਸ ਉਮੀਦਵਾਰ ਹਨ ਅਤੇ ਸਰਕਾਰੀ ਸਕੂਲਾਂ 'ਚ ਹਜ਼ਾਰਾਂ ਅਸਾਮੀਆਂ ਖਾਲੀ ਹਨ। ਇਸ ਕਰਕੇ ਨਿਗੁਣੀ ਭਰਤੀ ਦਾ ਮੰਤਵ ਮਹਿਜ਼ ਖਜ਼ਾਨਾ ਭਰਨਾ ਅਤੇ ਬੇਰੋਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਠੰਡਾ ਪਾਉਣਾ ਹੈ ਪਰ ਪੰਜਾਬ ਦੇ ਬੇਰੋਜ਼ਗਾਰ ਅਧਿਆਪਕ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਮੰਗ ਕਰਦੇ ਹਨ ਕਿ ਅਸਾਮੀਆਂ ਦੀ ਗਿਣਤੀ 'ਚ ਵਾਧਾ ਕਰਦਿਆਂ ਸਰਕਾਰੀ ਸਕੂਲਾਂ 'ਚ ਖਾਲੀ ਪਈਆਂ ਕੁਲ ਅਸਾਮੀਆਂ ਭਰਨ ਲਈ ਈ.ਟੀ.ਟੀ. ਦੀਆਂ 12 ਹਜ਼ਾਰ ਅਤੇ ਬੀ. ਐੱਡ ਦੀਆਂ 15 ਹਜ਼ਾਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ, ਟੈੱਟ ਪਾਸ ਕਰਨ ਦੇ ਬਾਵਜੂਦ ਹਜ਼ਾਰਾਂ ਉਮੀਦਵਾਰ ਨੌਕਰੀ ਉਡੀਕਦਿਆਂ ਭਰਤੀ ਲਈ ਨਿਰਧਾਰਿਤ ਉਮਰ-ਸੀਮਾ ਲੰਘਾਅ ਚੁੱਕੇ ਉਮੀਦਵਾਰਾਂ ਲਈ ਉਮਰ-ਹੱਦ 37 ਤੋਂ 42 ਸਾਲ ਕੀਤੀ ਜਾਵੇ, ਬੈਕਲਾਗ ਈ. ਟੀ. ਟੀ. ਦੀਆਂ 595, 161 ਅਤੇ ਬੈਕਲਾਗ ਬੀ. ਐੱਡ ਦੀਆਂ 90 ਅਸਾਮੀਆਂ ਦਾ ਹੱਲ ਕੱਢਿਆ ਜਾਵੇ ਅਤੇ ਅਧਿਆਪਕ ਭਰਤੀ ਸਬੰਧੀ ਕੈਬਨਿਟ ਵੱਲੋਂ ਈ. ਟੀ. ਟੀ. ਉਮੀਦਵਾਰਾਂ ਲਈ ਹਟਾਈ ਗ੍ਰੈਜੂਏਸ਼ਨ ਅਤੇ ਬੀ.ਐੱਡ ਲਈ ਹਟਾਈ 55 ਫੀਸਦੀ ਅੰਕਾਂ ਦੀ ਸ਼ਰਤ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਯੂਨੀਅਨ ਨੂੰ ਦਿੱਤੀ ਜਾਵੇ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਖਾਲੀ ਪਈਆਂ ਕਰੀਬ 30 ਹਜ਼ਾਰ ਅਸਾਮੀਆਂ ਭਰੀਆਂ ਜਾਣ।

ਇਸ ਮੌਕੇ ਸੰਦੀਪ ਸ਼ਾਮਾ, ਬਲਕਾਰ ਮੰਘਾਣੀਆਂ, ਰਣਬੀਰ ਨਦਾਮਪੁਰ, ਸੰਦੀਪ ਗਿੱਲ, ਦੀਪ ਬਨਾਰਸੀ, ਸੁਰਜੀਤ ਫਿਰੋਜ਼ਪੁਰ, ਵਕੀਲ ਖੋਖਰ, ਗੋਪੀ ਪਟਿਆਲਾ, ਜਗਦੀਸ਼ ਸਿੰਘ ਨੇ ਵੀ ਸੰਬੋਧਨ ਕੀਤਾ।

cherry

This news is Content Editor cherry