ਸੰਗਰੂਰ ''ਚ ਬਣਾਏ ਗਏ 1627 ਪੋਲਿੰਗ ਬੂਥ, ਚੋਣ ਸਮੱਗਰੀ ਸਮੇਤ ਪੋਲਿੰਗ ਪਾਰਟੀਆਂ ਰਵਾਨਾ

05/18/2019 5:15:59 PM

ਸੰਗਰੂਰ (ਰਾਜੇਸ਼ ਕੋਹਲੀ,ਬੇਦੀ,ਯਾਦਵਿੰਦਰ,ਜਨੂਹਾ,ਹਰਜਿੰਦਰ) : ਲੋਕ ਸਭਾ ਹਲਕਾ ਸੰਗਰੂਰ ਵਿਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਿਵਲ ਤੇ ਪੁਲਸ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਸੰਸਦੀ ਹਲਕਾ ਸੰਗਰੂਰ ਦੇ ਕੁੱਲ 15 ਲੱਖ 21 ਹਜ਼ਾਰ 748 ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ, ਜਿਸ ਵਿਚ 8 ਲੱਖ 7 ਹਜ਼ਾਰ 292 ਮਰਦ ਵੋਟਰ ਅਤੇ 7 ਲੱਖ 14 ਹਜ਼ਾਰ 431 ਵੋਟਰਾਂ ਤੋਂ ਇਲਾਵਾ 25 ਥਰਡ ਜੈਂਡਰ ਵੋਟਰ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿਚ ਕੁੱਲ 1627 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 100 ਫੀਸਦੀ ਪੋਲਿੰਗ ਸਟੇਸ਼ਨਾਂ 'ਤੇ ਵੀ.ਵੀ.ਪੈਟ ਰਾਹੀਂ ਵੋਟਾਂ ਪੈਣਗੀਆਂ ਅਤੇ ਚੋਣ ਕਮਿਸ਼ਨ ਵੱਲੋਂ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ ਲੋਕ ਸਭਾ ਹਲਕਾ ਸੰਗਰੂਰ ਤੋਂ 25 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਜ ਸਰਕਾਰੀ ਰਣਬੀਰ ਕਾਲਜ ਸੰਗਰੂਰ, ਸੁਨਾਮ ਅਤੇ ਲਹਿਰਾਗਾਗਾ ਵਿਖੇ ਪਹੁੰਚ ਕੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਤੋਂ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪੋਲਿੰਗ ਸਟੇਸ਼ਨਾਂ ਲਈ ਚੋਣ ਸਮੱਗਰੀ ਸਮੇਤ ਰਵਾਨਾ ਹੋਣ ਵਾਲੇ ਚੋਣ ਅਮਲੇ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਸਮੂਹ ਚੋਣ ਅਮਲੇ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਦੱਸਿਆ ਕਿ ਵੋਟਿੰਗ ਤੇ ਗਿਣਤੀ ਕਾਰਜਾਂ ਨੂ ੰਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ 8 ਹਜ਼ਾਰ ਤੋਂ ਵੱਧ ਚੋਣ ਅਮਲੇ ਦੀ ਤਾਇਨਾਤੀ ਕੀਤੀ ਗਈ ਹੈ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਰਾਂ ਲਈ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ 6668 ਦਿਵਿਆਂਗ ਵੋਟਰਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕੇ ਦੇ 22 ਪੋਲਿੰਗ ਸਟੇਸ਼ਨਾਂ ਨੂੰ ਵਿੱਤੀ ਖਰਚਿਆਂ ਦੇ ਪੱਧਰ 'ਤੇ ਸੰਵੇਦਨਸ਼ੀਲਤਾ ਦੇ ਦਾਇਰੇ ਵਿਚ ਰੱਖਿਆ ਗਿਆ ਹੈ ਜਦਕਿ 359 ਵਲਨਰਏਬਲ ਅਤੇ 71 ਕ੍ਰਿਟੀਕਲ ਪੋਲਿੰਗ ਸਟੇਸ਼ਨ ਦੇ ਦਾਇਰੇ ਵਿਚ ਹਨ। ਉਨ੍ਹਾਂ ਦੱਸਿਆ ਕਿ 858 ਪੋਲਿੰਗ ਸਟੇਸ਼ਨਾਂ 'ਤੇ ਵੈਬਕਾਸਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨ ਲਈ ਪਹਿਲਾਂ ਤੋਂ ਕਾਰਜਸ਼ੀਲ ਸਟੇਟਿਕ ਸਰਵੇਲੈਂਸ ਟੀਮਾਂ ਤੇ ਫਲਾਇੰਗ ਸਰਵੇਲੈਂਸ ਟੀਮਾਂ ਨੂੰ ਵਧੇਰੇ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਦੀ ਨਿਗਰਾਨੀ ਲਈ ਜਨਰਲ ਅਬਜ਼ਰਵਰ ਸ਼੍ਰੀ ਦੇਵੇਸ਼ ਦੇਵਲ, ਪੁਲਿਸ ਅਬਜ਼ਰਵਰ ਸ਼੍ਰੀ ਜੀ. ਸਪਰਜਨ ਕੁਮਾਰ ਅਤੇ ਖਰਚਾ ਅਬਜ਼ਰਵਰ ਸ਼੍ਰੀਮਤੀ ਮਯੰਕ ਪ੍ਰਭਾ ਤੋਮਰ ਪਹਿਲਾਂ ਤੋਂ ਹੀ ਹਲਕੇ ਵਿਚ ਤਾਇਨਾਤ ਹਨ।

ਸ਼੍ਰੀ ਥੋਰੀ ਨੇ ਦੱਸਿਆ ਕਿ ਬੀਤੀ 17 ਮਈ ਦੀ ਸ਼ਾਮ ਤੋਂ ਡਰਾਈ ਡੇਅ ਘੋਸ਼ਿਤ ਹੋਣ ਦੇ ਚਲਦਿਆਂ 19 ਮਈ ਸ਼ਾਮ 6 ਵਜੇ ਤੱਕ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135 ਸੀ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਤੇ ਸ਼ਰਾਬ ਆਦਿ ਦੀ ਵਰਤੋਂ 'ਤੇ ਪੂਰਨ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਜੇ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਪੋਲਿੰਗ ਸਟੇਸ਼ਨ ਜਾਂ ਹਲਕੇ ਵਿਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣਾ ਆਉਂਦਾ ਹੈ ਤਾਂ ਉਹ ਫੌਰੀ ਸੀ-ਵਿਜਿਲ ਐਪਲੀਕੇਸ਼ਨ ਜਾਂ ਵੋਟਰ ਹੈਲਪਲਾਈਨ ਨੰਬਰ 1950 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਲਈ 488 ਮਾਈਕਰੋ ਅਬਜ਼ਰਵਰ ਅਤੇ 18 ਸਪੈਸ਼ਲ ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਵੋਟਾਂ ਅਤੇ ਗਿਣਤੀ ਸਬੰਧੀ ਚੋਣ ਕਮਿਸ਼ਨ ਦੇ ਸਮੁੱਚੇ ਦਿਸ਼ਾ ਨਿਰਦੇਸ਼ਾਂ ਬਾਰੇ ਉਮੀਦਵਾਰਾਂ ਤੇ ਚੋਣ ਏਜੰਟਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਸਮੂਹ ਸਿਆਸੀ ਪਾਰਟੀਆਂ ਤੋਂ ਚੋਣ ਪ੍ਰਕਿਰਿਆ ਸਹੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਹਿਯੋਗ ਦੀ ਅਪੀਲ ਕੀਤੀ ਗਈ ਹੈ।

ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਹਲਕੇ ਵਿਚ ਪੈਰਾ ਮਿਲਟਰੀ ਦੀਆਂ 8 ਕੰਪਨੀਆਂ ਤਾਇਨਾਤ ਕਰਨ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਪੁਲਿਸ ਦੇ ਜਵਾਨ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਨਾਕਾਬੰਦੀ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਗਿਆ ਹੈ ਅਤੇ ਹਰੇਕ ਅੰਤਰ-ਰਾਜੀ ਅਤੇ ਅੰਦਰੂਨੀ ਨਾਕਿਆਂ ਰਾਹੀਂ ਹਰੇਕ ਗਤੀਵਿਧੀ ਅਤੇ ਵਾਹਨਾਂ ਦੀ ਆਮਦ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।  ਜ਼ਿਲ੍ਹਾ ਚੋਣ ਅਫਸਰ ਸ਼੍ਰੀ ਥੋਰੀ ਅਤੇ ਐਸ.ਐਸ.ਪੀ ਡਾ. ਗਰਗ ਨੇ ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਸ਼ਾਂਤੀਪੂਰਵਕ ਨੇਪਰੇ ਚੜ੍ਹਾਉਣ ਲਈ ਸਿਵਲ ਤੇ ਪੁਲਿਸ ਅਮਲੇ ਨੂੰ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦੇਣ ਦੇ ਨਾਲ ਨਾਲ ਹਰੇਕ ਵੋਟਰ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਲਾਜ਼ਮੀ ਤੌਰ 'ਤੇ ਵਰਤੋਂ ਕਰਨ।

cherry

This news is Content Editor cherry