7 ਜਨਵਰੀ ਨੂੰ ਬਿਜਲੀ ਦੀਆਂ ਵਧੀਆਂ ਕੀਮਤਾਂ ''ਤੇ ਕੈਪਟਨ ਨੂੰ ਘੇਰੇਗੀ ''ਆਪ''

12/31/2019 3:23:46 PM

ਸੰਗਰੂਰ (ਬੇਦੀ, ਰਾਜੇਸ਼ ਕੋਹਲੀ) : ਪੰਜਾਬ 'ਚ ਬਿਜਲੀ ਦੀਆਂ ਵਧੀਆਂ ਕੀਮਤਾਂ ਕਾਰਨ ਜਿੱਥੇ ਪੰਜਾਬ ਸਰਕਾਰ ਨੂੰ ਹਰ ਪਾਸੇ ਤੋਂ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 7 ਜਨਵਰੀ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਵੀ ਸੂਬੇ ਭਰ ਵਿਚ 'ਆਪ' ਆਗੂਆਂ ਅਤੇ ਵਰਕਰਾਂ ਵੱਲੋਂ ਜ਼ਿਲਾ ਅਫਸਰਾਂ ਨੂੰ ਬਿਜਲੀ ਦੀਆਂ ਵਧੀਆਂ ਕੀਮਤਾਂ ਖਿਲਾਫ ਮੰਗ ਪੱਤਰ ਸੌਂਪੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ 'ਤੇ ਵਾਧੂ ਵਿੱਤੀ ਬੋਝ ਪਾ ਰਹੀ ਹੈ।

ਇਸ ਮੌਕੇ ਚੀਮਾ ਨੇ ਐਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ ਕਰਕੇ ਰਾਜੋਆਣਾ ਨੂੰ ਸੁਪਰੀਮ ਕੋਰਟ ਦਾ ਵਕੀਲ ਮੁਹੱਈਆ ਕਰਾਉਣ ਦੇ ਕੀਤੇ ਐਲਾਨ 'ਤੇ ਕਿਹਾ ਕਿ ਇਸ ਨਾਲ ਅਕਾਲੀ ਦਲ ਅਤੇ ਭਾਜਪਾ ਦਾ ਦੋਗਲਾ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਦੀ ਮੁਆਫੀ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਕੋਰਟ ਵਿਚ ਜਾਣ ਜੀ ਬਜਾਏ ਅਮਿਤ ਸ਼ਾਹ ਜਾਂ ਫਿਰ ਨਰਿੰਦਰ ਮੋਦੀ ਕੋਲ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਜ਼ਾ ਮੁਆਫ ਕਰਨੀ ਹੈ ਨਾ ਕਿ ਕੋਰਟ ਨੇ। ਉਨ੍ਹਾਂ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਰਾਜੋਆਣਾ ਦੀ ਸਜ਼ਾ ਮੁਆਫ ਕੀਤੀ ਜਾਏ।

ਉਥੇ ਹੀ ਰਵਨੀਤ ਬਿੱਟੂ ਵੱਲੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਖਜ਼ਾਨਾ ਭਰਨ ਦੀ ਦਿੱਤੀ ਸਲਾਹ 'ਤੇ ਚੀਮਾ ਨੇ ਕਿਹਾ ਕਿ ਬਿੱਟੂ ਨੂੰ ਇਹ ਸਲਾਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੱਲ ਰਹੇ ਸਾਰੇ ਮਾਫੀਆ ਨੂੰ ਬੰਦ ਕਰ ਦਿੱਤਾ ਜਾਏ ਤਾਂ ਪੰਜਾਬ ਦਾ ਖਜ਼ਾਨਾ 6 ਮਹੀਨਿਆਂ ਅੰਦਰ ਭਰ ਜਾਏਗਾ।

cherry

This news is Content Editor cherry