ਵਜੀਫ਼ਾ ਘਪਲੇ ਦੇ ਸਬੰਧ 'ਚ ਵਧਣਗੀਆਂ ਕੈਬਨਿਟ ਮੰਤਰੀ ਧਰਮਸੋਤ ਦੀਆਂ ਮੁਸ਼ਕਲਾਂ

10/07/2020 4:10:31 PM

ਨਾਭਾ (ਜੈਨ) : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਮੁੱਖ ਸਕੱਤਰ ਦੀ ਰਿਪੋਰਟ ਤੋਂ ਬਾਅਦ ਕੁੱਝ ਰਾਹਤ ਮਿਲੀ ਸੀ ਪਰ ਪੋਸਟ ਮੈਟ੍ਰਿਕ ਵਜ਼ੀਫ਼ਾ ਘਪਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵਲੋਂ ਦਿੱਤੀ ਗਈ ਕਲੀਨ ਚਿੱਟ ਨੂੰ ਰੱਦ ਕਰ ਦਿੱਤਾ।

ਅਨੇਕ ਦਲਿਤ ਸੰਗਠਨਾਂ ਵਲੋਂ ਪੰਜਾਬ 'ਚ 10 ਅਕਤੂਬਰ ਨੂੰ ਚੱਕਾ ਜਾਮ ਕਰਨ ਦੇ ਐਲਾਨ ਨਾਲ ਧਰਮਸੋਤ ਦੀਆਂ ਮੁਸ਼ਕਲਾਂ ਵੱਧ ਜਾਣ ਦੀ ਸੰਭਾਵਨਾ ਹੈ। ਜ਼ਬਰ-ਜ਼ੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ ਅਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਗਿਆਨ ਸਿੰਘ ਮੂੰਗੋਂ ਐਡਵੋਕੇਟ ਨੇ ਇਥੇ ਧਰਮਸੋਤ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸੰਤ ਸਮਾਜ ਦੇ ਮੁਖੀ ਸੰਤ ਸਤਵਿੰਦਰ ਹੀਰਾ ਦੀ ਅਪੀਲ ’ਤੇ ਸਾਰੇ ਦਲਿਤ ਸੰਗਠਨ ਇਕਜੁੱਟ ਹੋ ਗਏ ਹਨ। ਸੰਤ ਗੁਰਕੀਰਤ ਸਿੰਘ ਅੱਚਲ ਨੇ ਕਿਹਾ ਹੈ ਕਿ ਜੈ ਭੀਮ, ਜੈ ਭਾਰਤ ਤੇ ਜੈ ਸੰਵਿਧਾਨ ਦਾ ਨਾਅਰਾ ਮਾਰ ਕੇ ਅਸੀਂ ਦਲਿਤ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਧਰਮਸੋਤ ਨੂੰ ਕੁਰਸੀ ਤੋਂ ਵੱਖ ਕਰਕੇ ਹੀ ਦਮ ਲਵਾਂਗੇ।

ਇਥੇ ਸੰਗਠਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰਾਮਗੜ੍ਹ ਦੀ ਅਗਵਾਈ ਹੇਠ ਸ਼ਹਿਰ ਨੂੰ ਮੁਕੰਮਲ ਬੰਦ ਕਰਵਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਦਰਸ਼ਨ 'ਚ ਸਾਰੀਆਂ ਭਰਾਤਰੀ ਜੱਥੇਬੰਦੀਆਂ ਵਲੋਂ ਹਿੱਸਾ ਲੈਣ ਨਾਲ ਕੈਬਨਿਟ ਮੰਤਰੀ ਧਰਮਸੋਤ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਹਨ। ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਵੀ ਦਲਿਤ ਸੰਗਠਨਾਂ ਨੂੰ 10 ਅਕਤੂਬਰ ਦੇ ਬੰਦ ਅਤੇ ਚੱਕਾ ਜਾਮ ਅੰਦੋਲਨ 'ਚ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

Babita

This news is Content Editor Babita