ਮੋਦੀ 'ਤੇ ਵਰ੍ਹੇ ਧਰਮਸੋਤ, ਕਿਹਾ- 'ਚੌਕੀਦਾਰ' ਨੇ 5 ਸਾਲ ਲੁੱਟਿਆ

03/18/2019 3:53:01 PM

ਜਲੰਧਰ (ਸੋਨੂੰ)— ਲੋਕ ਸਭਾ ਚੋਣਾਂ ਦੇ ਨਜ਼ਦੀਕ ਆਉਂਦੇ ਮੌਜੂਦਾ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ 'ਤੇ ਵਿਰੋਧੀ ਪਾਰਟੀਆਂ ਨੇ ਸਵਾਲ ਉਠਾਉਂਦੇ ਹੋਏ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਨਰਿੰਦਰ ਮੋਦੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੀਆਂ ਚੋਣਾਂ 'ਚ ਆਪਣੇ ਆਪ ਨੂੰ ਚੌਕੀਦਾਰ ਕਹਿੰਦੇ ਰਹੇ ਹਨ, ਹੁਣ ਪੰਜ ਸਾਲ ਬਾਅਦ ਉਨ੍ਹਾਂ ਨੂੰ ਫਿਰ ਉਹੀ ਜੁਮਲਾ ਯਾਦ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਫਿਰ ਆਪਣੇ ਆਪ ਨੂੰ ਦੇਸ਼ ਦਾ 'ਚੌਕੀਦਾਰ' ਦੱਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਨੂੰ 'ਚੌਕੀਦਾਰ' ਕਹਿ ਕੇ ਦੇਸ਼ ਨੂੰ ਲੁੱਟਿਆ ਹੈ ਅਤੇ ਹੁਣ ਉਨ੍ਹਾਂ ਦੇ ਨੇਤਾਵਾਂ ਵੱਲੋਂ ਚੌਕੀਦਾਰ ਦਾ ਨਵਾਂ ਜੁਮਲਾ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਚੌਕੀਦਾਰ ਨੂੰ ਹਟਾ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਕੇਂਦਰ 'ਚ ਜਦੋਂ ਭਾਜਪਾ ਨੇ ਸਰਕਾਰ ਬਣਾਈ ਸੀ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲਾ ਧਨ ਬਾਹਰੋਂ ਲਿਆਉਣ ਦੀ ਗੱਲ ਕੀਤੀ ਸੀ ਅਤੇ ਨਾਲ ਹੀ ਗਰੀਬਾਂ ਦੇ ਖਾਤੇ 'ਚ 15-15 ਲੱਖ ਰੁਪਏ ਪਾਉਣ ਦੀ ਗੱਲ ਵੀ ਕੀਤੀ ਸੀ ਪਰ ਅੱਜ ਉਹ ਸਾਰੀਆਂ ਗੱਲਾਂ ਸਿਰਫ ਗੱਲਾਂ ਹੀ ਰਹਿ ਗਈਆਂ ਹਨ। ਧਰਮਸੋਤ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਪਿਛਲੇ 10 ਸਾਲਾਂ 'ਚ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਜਦਕਿ ਕਾਂਗਰਸ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਦੋਵੇਂ ਸਾਲਾਂ 'ਚ ਪੂਰੇ ਕਰਕੇ ਦਿਖਾ ਦਿੱਤੇ ਹਨ। 


ਕਾਂਗਰਸ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਦੋ ਸਾਲਾਂ 'ਚ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ ਕੀਤਾ ਹੈ ਜਦਕਿ ਮੋਦੀ ਨੇ ਪੂਰੇ ਦੇਸ਼ 'ਚ ਕਿਸਾਨਾਂ ਦਾ 50 ਹਜ਼ਾਰ ਰੁਪਏ ਤੋਂ ਵਧ ਕਰਜ਼ਾ ਮੁਆਫ ਨਹੀਂ ਕੀਤਾ। ਇਸ ਦੇ ਇਲਾਵਾ 46 ਕਰੋੜ ਰੁਪਇਆ ਐੱਸ. ਸੀ. ਕਾਰਪੋਰੇਸ਼ਨ ਦੇ ਗਰੀਬ ਲੋਕਾਂ ਦਾ ਕਰਜ਼ਾ ਸੀ ਜੋ ਕਾਂਗਰਸ ਸਰਕਾਰ ਨੇ ਮੁਆਫ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਦੋ ਸਾਲਾਂ 'ਚ ਜੁਮਲੇ ਅਤੇ ਗੱਲਾਂ ਨਹੀਂ ਕੀਤੀਆਂ ਹਨ ਸਗੋਂ ਕੰਮ ਕਰਕੇ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਜਲਦੀ ਹੀ ਐੱਸ.ਸੀ/ਬੀ.ਸੀ. ਦਾ 400 ਕਰੋੜ ਦਾ ਲੋਨ ਮੁਆਫ  ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਸਰਕਾਰ ਵੱਲੋਂ ਆਉਂਦੇ ਸਾਲ 'ਆਸ਼ਿਰਵਾਦ ਸਕੀਮ' ਤਹਿਤ 15 ਤੋਂ 21 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।

shivani attri

This news is Content Editor shivani attri