ਕੇਜਰੀਵਾਲ ਵਲੋਂ ਮਜੀਠੀਆ ਪਾਸੋਂ ਮੁਆਫੀ ਮੰਗਣ ਪਿੱਛੇ ਵੱਡੀ ਡੀਲ ਤੇ ਸਾਜਿਸ਼ : ਧਰਮਸੌਤ

03/19/2018 7:22:20 PM

ਨਾਭਾ (ਸੁਸ਼ੀਲ ਜੈਨ) : ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸੋਮਵਾਰ ਨੂੰ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਇਕ ਵਰ੍ਹਾ ਪੂਰਾ ਹੋਣ ਦੀ ਖੁਸ਼ੀ 'ਚ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਲੋਕਾਂ ਦੀ ਭਲਾਈ ਅਤੇ ਰਾਹਤ ਕਾਰਜਾਂ ਲਈ ਗ੍ਰਾਂਟਾਂ ਦੇ ਗੱਫੇ ਵੰਡ ਕੇ ਹਲਕਾ ਵਾਸੀਆਂ ਨੂੰ ਨਿਹਾਲ ਕਰ ਦਿੱਤਾ। ਵੱਖ-ਵੱਖ ਪਿੰਡਾਂ ਦੇ ਵਿਕਾਸ ਕੰਮਾਂ ਲਈ ਇਕ ਕਰੋੜ 50 ਲੱਖ ਰੁਪਏ ਦੇ ਚੈਕ ਵੰਡੇ ਗਏ। ਸ਼ਹਿਰ ਦੀਆਂ ਆਊਟਰ ਕਾਲੋਨੀਆਂ ਦੇ ਵਿਕਾਸ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਡੇਢ ਕਰੋੜ ਰੁਪਏ ਦਾ ਚੈਕ ਨਗਰ ਕੌਂਸਲ ਨੂੰ ਦਿੱਤਾ ਗਿਆ।
ਵਰਣਨਯੋਗ ਹੈ ਕਿ ਲੰਮੇ ਸਮੇਂ ਤੋਂ ਰੇਲਵੇ ਸਟੇਸ਼ਨ ਆਊਟਰ ਕਾਲੋਨੀਆਂ ਨਾ ਹੀ ਨਗਰ ਕੌਂਸਲ ਅਤੇ ਨਾ ਹੀ ਕਿਸੇ ਪੰਚਾਇਤ ਅਧੀਨ ਆਉਂਦੀਆਂ ਹਨ, ਜਿਸ ਕਾਰਨ ਇਨ੍ਹਾਂ ਦਾ ਵਿਕਾਸ ਨਹੀਂ ਹੋ ਸਕਿਆ। ਧਰਮਸੌਤ ਨੇ ਪਿੰਡ ਬੁੱਗਾ ਖੁਰਦ ਦੇ ਦਲਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ 78 ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟਾਂ ਦੀ ਅਲਾਟਮੈਂਟ ਦੇ ਸਰਟੀਫਿਕੇਟ ਵੰਡੇ, ਜਿਸ 'ਤੇ ਲਾਭਪਾਤਰੀਆਂ ਨੇ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਧਰਮਸੌਤ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਪੰਜਾਬ ਸਿਰ ਦੋ ਲੱਖ 8 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਛੱਡ ਗਈ ਹੈ ਅਤੇ ਸਾਨੂੰ ਇਕ ਸਾਲ ਪਹਿਲਾਂ ਖਜ਼ਾਨਾ ਖਾਲੀ ਮਿਲਿਆ ਪੰ੍ਰਤੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਸੀਂ ਵਿਕਾਸ ਕੰਮ ਕਰਵਾ ਰਹੇ ਹਾਂ।
ਲੋਕਾਂ ਤੇ ਕਿਸਾਨਾਂ ਦੇ ਪਸ਼ੂ ਧੰਨ ਕਰਜ਼ੇ ਮੁਆਫ ਕੀਤੇ  ਜਾ ਰਹੇ ਹਨ। ਉਨ੍ਹਾਂ ਇੰਕਸਾਫ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਸਿੰਘ ਮਜੀਠੀਆ ਪਾਸੋਂ ਡਰੱਗਜ਼ ਕੇਸ ਵਿਚ ਮੁਆਫੀ ਮੰਗਣ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੋਈ ਹੈ ਅਤੇ ਅਕਾਲੀ ਦਲ ਨਾਲ ਕੇਜਰੀਵਾਲ ਦੀਆਂ ਚਾਰ ਮੀਟਿੰਗਾਂ ਦੌਰਾਨ ਵੱਡੀ ਡੀਲ ਵੀ ਹੋਈ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਲੁੱਟਣਾ ਚਾਹੁੰਦੇ ਸਨ। ਪੰਜਾਬ ਵਾਸੀ ਅਕਾਲੀ ਦਲ ਭਾਜਪਾ ਗਠਜੋੜ ਅਤੇ ਕੇਜਰੀਵਾਲ ਨੂੰ ਕਿਸੇ ਵੀ ਕੀਮਤ 'ਤੇ ਕਦੇ ਵੀ ਮੁਆਫ ਨਹੀਂ ਕਰਨਗੇ।