ਹੋਸਟਲ ਸੰਚਾਲਕਾਂ ਤੋਂ ਦੁਖੀ ਲਡ਼ਕੀ ਨੇ ਰੇਲ ਗੱਡੀ ਤੋਂ ਛਾਲ ਮਾਰ ਕੇ ਕੀਤੀ ਆਤਮ-ਹੱਤਿਆ

06/20/2019 2:06:36 AM

ਅਬੋਹਰ, (ਜ. ਬ.)– ਰਾਜਸਥਾਨ ਦੇ ਜ਼ਿਲਾ ਹਨੂਮਾਨਗਡ਼੍ਹ ਦੀ ਸਬ-ਤਹਿਸੀਲ ਸਾਦੁਲਸ਼ਹਿਰ (ਮਟੀਲੀ) ਵਾਸੀ ਅਤੇ ਇਕ ਗੰਗਾਨਗਰ ਦੇ ਪ੍ਰਾਈਵੇਟ ਕਾਲਜ ਦੀ ਵਿਦਿਆਰਥਣ ਨੇ ਹੋਸਟਲ ਦੀ ਮੈਨੇਜਮੈਂਟ ਤੋਂ ਪ੍ਰਤਾਡ਼ਿਤ ਹੋ ਕੇ ਬੀਤੀ ਰਾਤ ਅਬੋਹਰ ’ਚ ਰੇਲ ਗੱਡੀ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਸੂਚਨਾ ਮਿਲਦੇ ਹੀ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਅਤੇ ਜੀ. ਆਰ. ਪੀ. ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ’ਚ ਰਖਵਾਇਆ। ਪੁਲਸ ਵੱਲੋਂ ਮ੍ਰਿਤਕ ਲਡ਼ਕੀ ਦੇ ਬੈਗ ’ਚੋਂ ਪ੍ਰਾਪਤ ਆਈ. ਡੀ. ਪਰੂਫ ਤੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਦੇਰ ਰਾਤ ਪਰਿਵਾਰ ਵਾਲਿਆਂ ਵੱਲੋਂ ਲਡ਼ਕੀ ਦੀ ਸ਼ਨਾਖਤ ਕੀਤੀ ਗਈ। ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਕਾਲਜ ਦੇ ਹੋਸਟਲ ਸਟਾਫ ਵੱਲੋਂ ਪ੍ਰਤਾਡ਼ਿਤ ਕਰਨ ਦੇ ਦੋਸ਼ ਲਾਏ ਗਏ ਹਨ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਸਾਦੁਲਸ਼ਹਿਰ ਵਾਰਡ ਨੰ. 17 ਵਾਸੀ 22 ਸਾਲਾ ਕੁਸੁਮ ਅਗਰਵਾਲ ਪੁੱਤਰੀ ਜਗਦੀਸ਼ ਅਗਰਵਾਲ ਜਿਹਡ਼ੀ ਕਿ ਗੰਗਾਨਗਰ ਦੇ ਐੱਸ. ਐੱਨ. ਕਾਲਜ ’ਚ ਨਰਸਿੰਗ ਦੀ ਪਡ਼੍ਹਾਈ ਕਰ ਰਹੀ ਸੀ ਅਤੇ ਉਥੇ ਹੋਸਟਲ ’ਚ ਰਹਿ ਰਹੀ ਸੀ। ਮ੍ਰਿਤਕ ਵਿਦਿਆਰਥਣ ਦੇ ਪਿਤਾ ਜਗਦੀਸ਼ ਨੇ ਦੱਸਿਆ ਕਿ ਰਾਜਸਥਾਨ ਸਰਕਾਰ ਦੀ ਯੋਜਨਾ ਅਨੁਸਾਰ ਉਸ ਦੀ ਲਡ਼ਕੀ ਨੂੰ ਪਡ਼੍ਹਾਈ ਅਤੇ ਹੋਸਟਲ ਦੀਆਂ ਸਾਰੀਆਂ ਸਹੂਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਸਨ। ਲਡ਼ਕੀ ਵੱਲੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਸੀ ਕਿ ਉਸ ਨੂੰ ਹੋਸਟਲ ਵੱਲੋਂ ਰਹਿਣ ਅਤੇ ਖਾਣ-ਪੀਣ ਦੀਆਂ ਸਹੂਲਤਾਂ ਪੂਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਬਾਕੀ ਵਿਦਿਆਰਥਣਾਂ ਦੇ ਨਾਲ ਮਿਲ ਕੇ ਹੋਸਟਲ ਸੰਚਾਲਕਾਂ ਦੀ ਸ਼ਿਕਾਇਤ ਉਥੋਂ ਦੇ ਐੱਮ. ਡੀ. ਨੂੰ ਦਿੱਤੀ, ਜਿਸ ’ਤੇ ਜਦ ਹੋਸਟਲ ਦੇ ਸੰਚਾਲਕਾਂ ਨੂੰ ਪਤਾ ਲਗਾ ਤਾਂ ਉਨ੍ਹਾਂ ਕੁਸੁਮ ਅਤੇ ਹੋਰ ਲਡ਼ਕੀਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। 1 ਜੂਨ ਤੋਂ ਲੈ ਕੇ 13 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਨੂੰ ਲੰਘਾ ਕੇ ਜਦ ਉਹ ਹੋਸਟਲ ’ਚ ਗਈ ਤਾਂ ਹੋਸਟਲ ਦੇ ਸੰਚਾਲਕਾਂ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਉਸ ਨੂੰ ਹੋਸਟਲ ’ਚੋਂ ਕੱਢਣ ਦ ੀਆਂ ਧਮਕੀਆਂ ਦਿੱਤੀਆਂ ਗਈਆਂ। ਪਰਿਵਾਰ ਵਾਲਿਆਂ ਨੇ ਕਿਹਾ ਕਿ ਕੁਸੁਮ ਸ਼ਨੀਵਾਰ ਨੂੰ ਉਥੋਂ ਪ੍ਰੇਸ਼ਾਨ ਹੋ ਕੇ ਚਲੀ ਗਈ ਅਤੇ ਇਸੇ ਵਿਚਾਲੇ ਉਸ ਨੇ ਬੀਤੀ ਰਾਤ ਆਪਣੀ ਮਾਤਾ ਨੂੰ ਫੋਨ ’ਤੇ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ। ਇੰਨਾ ਹੀ ਨਹੀਂ ਉਸ ਨੇ ਵਟਸਐਪ ਰਾਹੀਂ ਆਪਣੀ ਮਾਤਾ ਨੂੰ ਲਿਖਿਆ ਕਿ ਉਹ ਬਹੁਤ ਗਲਤ ਕਰਨ ਜਾ ਰਹੀ ਹੈ। ਉਹ ਹੋਸਟਲ ਦੇ ਸਟਾਫ ਤੋਂ ਬਹੁਤ ਪ੍ਰੇਸ਼ਾਨ ਹੈ। ਹੋਸਟਲ ਦੇ ਸਟਾਫ ਨੇ ਉਸ ਦੀ ਬਹੁਤ ਬੇਇੱਜ਼ਤੀ ਕੀਤੀ ਹੈ। ਮੇਰੀ ਇਸ ਗਲਤੀ ਲਈ ਮੈਨੂੰ ਮੁਆਫ ਕਰਨਾ ਅਤੇ ਇੰਨਾ ਹੀ ਨਹੀਂ ਉਸ ਨੇ ਆਪਣੀ ਚੈਟ ’ਚ ਲਿਖਿਆ ਕਿ ਇਸ ਗਲਤੀ ਲਈ ਹੋਸਟਲ ਸਟਾਫ ਖਿਲਾਫ ਸਖਤ ਕਾਰਵਾਈ ਕਰਨਾ।

ਕੀ ਲਿਖਿਆ ਹੈ ਸੁਸਾਈਡ ਨੋਟ ’ਚ

ਪੁਲਸ ਨੂੰ ਲਡ਼ਕੀ ਦੇ ਬੈਗ ’ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ’ਚ ਉਸ ਨੇ ਆਪਣੀ ਹੱਡਬੀਤੀ ਪੂਰੀ ਵਿਸਥਾਰ ਨਾਲ ਲਿਖੀ ਹੈ, ਜਿਸ ’ਚ ਮੁੱਖ ਮੁਲਜ਼ਮ ਗੌਰਵ ਸੇਠੀ, ਅਜੇ ਅਤੇ ਮਨਪ੍ਰੀਤ ਵੱਲੋਂ ਉਸ ਨੂੰ ਇਸ ਤਰ੍ਹਾਂ ਪੀਡ਼ਤ ਕਰ ਦਿੱਤਾ ਗਿਆ ਕਿ ਉਸ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ। ਉਸ ਦੇ ਫੋਨ ਤੋਂ ਇਕ ਰਿਕਾਰਡਿੰਗ ਵੀ ਮਿਲੀ ਹੈ, ਜਿਸ ’ਚ ਲਡ਼ਕੀ ਵੱਲੋਂ ਜਦ ਹੋਸਟਲ ’ਚ ਲਡ਼ਕੀਆਂ ਦੇ ਨਾਲ ਹੋ ਰਹੀ ਬਦਸਲੂਕੀ ਬਾਰੇ ਲਿਖਿਆ ਤਾਂ ਉਸ ਦੀ ਗੱਲ ਨੂੰ ਦਬਾਉਣ ਦੇ ਨਾਲ-ਨਾਲ ਉਸ ਨੂੰ ਕਾਲਜ ’ਚੋਂ ਕੱਢਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਲਡ਼ਕੀ ਦੇ ਸੁਸਾਈਡ ਨੋਟ ਦੇ ਨਾਲ ਸਟੇਟਸ ’ਚ ਵੀ ਲਡ਼ਕੀ ਨੇ ਆਪਣੀ ਮਾਂ ਤੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਿਹਾ ਹੈ। ਇਧਰ ਲਡ਼ਕੀ ਦੀ ਮਾਂ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਦੇ ਨਾਲ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸੁਸਾਈਡ ਨੋਟ ਦੇ ਆਧਾਰ ’ਤੇ ਹੋ ਰਹੀ ਹੈ ਕਾਰਵਾਈ : ਪੁਲਸ

ਇਸ ਮਾਮਲੇ ’ਚ ਜੀ. ਆਰ. ਪੀ. ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਸੁਸਾਈਡ ਨੋਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਿਹਡ਼ਾ ਵੀ ਇਨ੍ਹਾਂ ਦੇ ਪਰਿਵਾਰ ਵਾਲੇ ਬਿਆਨ ਲਿਖਵਾਉਣਗੇ, ਉਸ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਕੀ ਕਹਿੰਦਾ ਹੈ ਮੈਨੇਜਮੈਂਟ ਸੰਚਾਲਕ

ਇਸ ਬਾਰੇ ਹੋਸਟਲ ਦੇ ਅਧਿਕਾਰੀ ਗੌਰਵ ਸੇਠੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਸੁਮ ਅਗਰਵਾਲ ਦੀ ਮੌਤ ਦਾ ਉਨ੍ਹਾਂ ਨੂੰ ਵੀ ਬਹੁਤ ਦੁੱਖ ਹੈ ਪਰ ਜਿਹਡ਼ੇ ਦੋਸ਼ ਉਸ ਨੇ ਮੈਨੇਜਮੈਂਟ ’ਤੇ ਲਾਏ ਹਨ, ਉਹ ਬਿਲਕੁਲ ਗਲਤ ਹਨ। ਉਨ੍ਹਾਂ ਕਿਹਾ ਕਿ ਕੁਸੁਮ ਹੋਸਟਲ ਤੋਂ 15 ਜੂਨ ਨੂੰ ਬਿਨਾਂ ਦੱਸੇ ਆਪਣਾ ਸਾਮਾਨ ਲੈ ਕੇ ਚਲੀ ਗਈ ਸੀ। ਉਨ੍ਹਾਂ ਕਿਹਾ ਕਿ ਲਡ਼ਕੀ ਬਾਰੇ ਕੁਝ ਸ਼ਿਕਾਇਤਾਂ ਆਈਆਂ ਸੀ ਪਰ ਲਡ਼ਕੀ ਨੂੰ ਸਮਝਾਉਣ ਦੇ ਨਾਲ ਹੀ ਸਾਰੀ ਜਾਣਕਾਰੀ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਦੇ ਦਿੱਤੀ ਗਈ ਸੀ। ਜਦ ਇਸ ਬਾਰੇ ਜੀ. ਆਰ. ਪੀ. ਥਾਣਾ ਮੁਖੀ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਲਿਖ ਰਹੇ ਹਨ। ਬਿਆਨ ਲਿਖਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।

Bharat Thapa

This news is Content Editor Bharat Thapa