ਧੀ ਦੇ ਵਿਆਹ ਦੀਆਂ ਤਿਆਰੀਆਂ ''ਚ ਲੱਗਾ ਸੀ ਪੱਤਰਕਾਰ, ਅਕਾਲੀ ਕੌਂਸਲਰ ਦੇ ਕਾਰੇ ਨੇ ਘਰ ''ਚ ਪਾਇਆ ਮਾਤਮ (ਵੀਡੀਓ)

10/22/2016 11:51:57 AM

ਧੂਰੀ (ਸੰਜੀਵ ਜੈਨ, ਸ਼ਰਮਾ) : ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ''ਚ ਲੱਗੇ ਹੋਏ ਇਕ ਪੱਤਰਕਾਰ ਨੂੰ ਪੈਸੇ ਮੰਗਣ ''ਤੇ ਅਕਾਲੀ ਕੌਂਸਲਰ ਨੇ ਗੋਲੀ ਮਾਰ ਦਿੱਤੀ, ਜਿਸ ''ਚ ਪੂਰੇ ਪਰਿਵਾਰ ''ਚ ਮਾਤਮ ਛਾ ਗਿਆ। ਫਿਲਹਾਲ ਪੁਲਸ ਵਲੋਂ ਅਕਾਲੀ ਕੌਂਸਲਰ ''ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਧੂਰੀ ਦੇ ਮੁਖੀ ਹਰਜਿੰਦਰ ਸਿੰਘ ਤੋਂ ਹਾਸਲ ਜਾਣਕਾਰੀ ਮੁਤਾਬਕ ਇਹ ਮਾਮਲਾ ਮ੍ਰਿਤਕ ਕੇਵਲ ਕ੍ਰਿਸ਼ਨ ਜਿੰਦਲ ਦੇ ਪੁੱਤਰ ਨੀਰਜ ਜਿੰਦਲ ਦੇ ਬਿਆਨÎਾਂ ਦੇ ਆਧਾਰ ''ਤੇ ਦਰਜ ਕੀਤਾ ਗਿਆ ਹੈ। ਉਸ ਦੇ ਮੁਤਾਬਕ ਉਸ ਦੇ ਪਿਤਾ ਪੱਤਰਕਾਰ ਕੇਵਲ ਕ੍ਰਿਸ਼ਨ ਜਿੰਦਲ ਨੇ ਟਰੱਕ ਯੂਨੀਅਨ ਧੂਰੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਅਕਾਲੀ ਕੌਂਸਲਰ ਕਰਮਜੀਤ ਸਿੰਘ ਪੰਮੀ ਨੂੰ 10 ਲੱਖ ਰੁਪਏ ਦੀ ਰਕਮ ਉਧਾਰ ਦਿੱਤੀ ਹੋਈ ਸੀ। 
ਮ੍ਰਿਤਕ ਦੀ ਲੜਕੀ ਦਾ ਨਵੰਬਰ ਮਹੀਨੇ ਵਿਚ ਵਿਆਹ ਰੱਖਿਆ ਹੋਇਆ ਸੀ, ਜਿਸ ਕਾਰਨ ਉਸ ਵੱਲੋਂ ਕਰਮਜੀਤ ਸਿੰਘ ਤੋਂ ਆਪਣੀ ਰਕਮ ਵਾਪਿਸ ਮੰਗੀ ਜਾ ਰਹੀ ਸੀ ਪਰ ਮੁਲਜ਼ਮ ਵੱਲੋਂ ਉਕਤ ਰਕਮ ਦੇਣ ਤੋਂ ਟਾਲ-ਮਟੋਲ ਕੀਤਾ ਜਾ ਰਿਹਾ ਸੀ ਅਤੇ ਲੰਘੀ ਰਾਤ ਉਸ ਨੇ ਉਸ ਦੇ ਪਿਤਾ ਦਾ ਇਸ ਲੈਣ-ਦੇਣ ਕਾਰਨ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੂਜੇ ਪਾਸੇ ਕਰਮਜੀਤ ਸਿੰਘ ਪੰਮੀ ਨੇ ਉਕਤ ਦੋਸ਼ਾਂ ਨੂੰ ਬੇ-ਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਮ੍ਰਿਤਕ ਅਤੇ ਉਹ ਇਕ ਚੰਗੇ ਦੋਸਤ ਸਨ। ਲੰਘੀ ਰਾਤ ਉਨ੍ਹਾਂ ਦੋਵਾਂ ਨੇ ਸ਼ਰਾਬ ਪੀਤੀ। ਕਰਮਜੀਤ ਸਿੰਘ ਮੁਤਾਬਕ ਉਹ ਬਾਥਰੂਮ ਕਰਨ ਲਈ ਕਾਰ ਵਿਚੋਂ ਉਤਰਿਆ ਸੀ ਅਤੇ ਜਦੋਂ ਉਹ ਵਾਪਿਸ ਆਇਆ ਤਾਂ ਉਸ ਨੇ ਵੇਖਿਆ ਕਿ ਕੇਵਲ ਕ੍ਰਿਸ਼ਨ ਨੇ ਉਸ ਦੀ ਕਾਰ ਵਿਚ ਪਈ ਰਿਵਾਲਵਰ ਚੁੱਕੀ ਹੋਈ ਸੀ। ਜਦੋਂ ਉਸ ਨੇ ਉਕਤ ਰਿਵਾਲਵਰ ਲੋਡ ਹੋਣ ਦਾ ਹਵਾਲਾ ਦਿੰਦੇ ਹੋਏ ਉਸ ਤੋਂ ਰਿਵਾਲਵਰ ਖੋਹਣੀ ਚਾਹੀ ਤਾਂ ਇਸ ਦੌਰਾਨ ਗੋਲੀ ਚੱਲ ਗਈ ਅਤੇ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਮ੍ਰਿਤਕ ਦੇ ਪੁੱਤਰ ਦੇ ਬਿਆਨ ਦੇ ਆਧਾਰ ''ਤੇ ਕਰਮਜੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੇਵਲ ਕ੍ਰਿਸ਼ਨ ਜਿੰਦਲ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਵਿਖੇ ਕਰਮਜੀਤ ਸਿੰਘ ਹੀ ਲੈ ਕੇ ਆਇਆ ਸੀ ਅਤੇ ਉਸ ਨੇ ਖੁਦ ਹੀ ਪੁਲਸ ਅੱਗੇ ਆਪਣਾ ਪੱਖ ਰੱਖਿਆ। 

Babita Marhas

This news is News Editor Babita Marhas