ਅਕਾਲੀ-ਭਾਜਪਾ ਨੇ ਮਿਉਂਸੀਪਲ ਚੋਣਾਂ ਲਈ ਕੀਤੀ ਸਾਂਝੀ ਮੀਟਿੰਗ

12/02/2017 12:42:12 AM

ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਵੱਲੋਂ ਨਗਰ ਨਿਗਮ, ਨਗਰ ਪੰਚਾਇਤ ਤੇ ਕੌਂਸਲ ਚੋਣਾਂ ਲਈ ਸੀਟਾਂ ਦੀ ਵੰਡ ਪੁਰਾਣੇ ਫਾਰਮੂਲੇ ਅਨੁਸਾਰ ਹੀ ਕੀਤੀ ਜਾਵੇਗੀ ਅਤੇ ਜਿੱਥੇ ਵਾਰਡਾਂ ਵਿਚ ਵਾਧਾ ਹੋਇਆ ਹੈ, ਉਥੇ ਉਸ ਅਨੁਪਾਤ ਅਨੁਸਾਰ ਹੀ ਵਾਰਡਾਂ ਦੀ ਵੰਡ ਕਰ ਲਈ ਜਾਵੇਗੀ। ਇਹ ਫੈਸਲਾ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਸ਼ਾਮਲ ਹੋਏ, ਜਦਕਿ ਭਾਜਪਾ ਵੱਲੋਂ ਸੂਬਾ ਇੰਚਾਰਜ ਪ੍ਰਭਾਤ ਝਾਅ, ਕਮਲ ਸ਼ਰਮਾ, ਮਨੋਰੰਜਨ ਕਾਲੀਆ, ਰਾਜਿੰਦਰ ਭੰਡਾਰੀ, ਅਸ਼ਵਨੀ ਸ਼ਰਮਾ ਤੇ ਦਿਨੇਸ਼ ਕੁਮਾਰ ਸਮੇਤ ਸੂਬਾ ਪ੍ਰਧਾਨ ਨੇ ਇਸ ਮੀਟਿੰਗ ਵਿਚ ਸ਼ਮੂਲੀਅਤ ਕੀਤੀ।
ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਸੀਟਾਂ ਦੀ ਵੰਡ ਪੁਰਾਣੇ ਫਾਰਮੂਲੇ ਅਨੁਸਾਰ ਹੀ ਕਰੇਗਾ। ਇਸ ਵਾਸਤੇ ਕੱਲ ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂ ਚੋਣਾਂ ਵਾਲੇ ਇਲਾਕਿਆਂ ਵਿਚ ਜਾ ਕੇ ਸਥਾਨਕ ਲੀਡਰਸ਼ਿਪ ਨੂੰ ਨਾਲ ਲੈ ਕੇ ਸੀਟਾਂ ਦੀ ਵੰਡ ਕਰਨਗੇ, ਜਿਸ ਵਾਸਤੇ ਸੀਨੀਅਰ ਆਗੂਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਸੂਬਾ ਪੱਧਰ 'ਤੇ ਭਾਜਪਾ ਪ੍ਰਧਾਨ ਤੇ ਡਾ. ਦਲਜੀਤ ਸਿੰਘ ਚੀਮਾ ਦੀ ਸ਼ਮੂਲੀਅਤ ਵਾਲੀ ਕਮੇਟੀ ਤਾਲਮੇਲ ਰੱਖੇਗੀ। ਡਾ. ਚੀਮਾ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ ਗਠਜੋੜ ਸਰਕਾਰ ਸਮੇਂ ਕੀਤੇ ਗਏ ਲਾ-ਮਿਸਾਲ ਵਿਕਾਸ ਅਤੇ ਕਾਂਗਰਸ ਪਾਰਟੀ ਦੀ 9 ਮਹੀਨਿਆਂ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਨੂੰ ਮੁੱਖ ਮੁੱਦੇ ਵਜੋਂ ਉਭਾਰਿਆ ਜਾਵੇਗਾ।