ਤਲਵੰਡੀ ਸਾਬੋ ''ਚ ਸਿਆਸਤ ਦੀ ਭੇਂਟ ਚੜ੍ਹੇ ਸਟੇਡੀਅਮ

10/03/2017 10:51:27 AM

ਤਲਵੰਡੀ ਸਾਬੋ (ਮੁਨੀਸ਼ ਗਰਗ) — ਵਿਧਾਨ ਸਭਾ ਹਲਕਾ ਤਲਵੰਡੀ ਸਾਬੋ 'ਚ ਅਕਾਲੀ-ਭਾਜਪਾ ਸਰਕਾਰ ਵਲੋਂ ਇਲਾਕੇ ਦੇ ਖਿਡਾਰੀਆਂ ਲਈ ਸ਼ੁਰੂ ਕੀਤੇ ਗਏ ਦੋ ਸਟੇਡੀਅਮਾਂ ਦਾ ਕੰਮ ਵਿਚਾਲੇ ਹੀ ਲਟਕ ਗਿਆ ਹੈ। ਸਟੇਡੀਅਮ ਦਾ ਕੰਮ ਪੂਰਾ ਨਾ ਹੋਣ ਕਾਰਨ ਖੇਡ ਪ੍ਰੇਮੀਆਂ ਤੇ ਖਿਡਾਰੀਆਂ 'ਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ, ਜਿਥੇ ਖਿਡਾਰੀ ਸਰਕਾਰ ਤੋਂ ਖੇਡ ਸਟੇਡੀਅਮਾਂ ਦਾ ਕੰਮ ਪੂਰਾ ਕਰਨ ਦੀ ਮੰਗ ਕਰ ਰਹੇ ਹਨ, ਉਥੇ ਹੀ ਪਿੰਡ ਵਾਸੀ ਖੇਡ ਸਟੇਡੀਅਮਾਂ ਦਾ ਕੰਮ ਬੰਦ ਕਰਨ ਨੂੰ ਮੌਜੂਦਾ ਸਰਕਾਰ ਦੀ ਬਦਲਾਖੌਰੀ ਦੱਸ ਰਹੇ ਹਨ।
ਪੰਜਾਬ 'ਚ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਪੰਜਾਬ 'ਚ ਨਵੇਂ ਸਟੇਡੀਅਮ ਬਨਾਉਣ ਦੀ ਝੜੀ ਲਗਾ ਦਿੱਤੀ ਸੀ, ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ 'ਚ ਦੋ ਵੱਡੇ ਸਟੇਡੀਅਮ ਬਨਾਉਣ ਦਾ ਐਲਾਨ ਕੀਤਾ, ਐਲਾਨ ਨੂੰ ਅਮਲੀਜਾਮਾ ਪਹਿਨਾਉਦੇਂ ਹੋਏ ਉਸ ਸਮੇਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਟੇਡੀਅਮ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾ ਦਿੱਤਾ। ਤਲਵੰਡੀ ਸਾਬੋ ਦੇ ਖਾਲਸਾ ਸੀਨੀਅਰ ਸੈਕੇਂਡਰੀ ਸਕੂਲ ਤੇ ਰਾਮਾ ਮੰਡੀ ਦੇ ਪਿੰਡ ਰਾਮਾ 'ਚ ਦੋ ਕਰੋੜ ਰੁਪਏ ਦੀ ਲਾਗਤ ਨਾਲ ਸਟੇਡੀਅਮ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਰ ਕੰਮ ਵੱਡਾ ਹੋਣ ਕਾਰਨ ਕਾਫੀ ਸਮਾਂ ਲੱਗ ਗਿਆ, ਸੂਬੇ 'ਚ ਕਾਂਗਰਸ ਸਰਕਾਰ ਬਣਦੇ ਹੀ ਸਟੇਡੀਅਮ ਦਾ ਕੰਮ ਉਸ ਜਗ੍ਹਾ 'ਤੇ ਰੋਕ ਦਿੱਤਾ ਗਿਆ। ਸਰਕਾਰ ਬਨਣ ਤੋਂ ਬਾਅਦ ਸਟੇਡੀਅਮ 'ਚ ਇਕ ਵੀ ਇੱਟ ਨਹੀਂ ਲੱਗੀ। ਖੇਡ ਵਿਭਾਗ ਵਲੋਂ ਬਣਾਏ ਜਾ ਰਹੇ ਸਟੇਡੀਅਮ ਦਾ ਨਿਰਮਾਣ ਕੰਮ ਪੰਜਾਬ ਮੰਡੀ ਬੋਰਡ ਤੋਂ ਕਰਵਾਇਆ ਜਾ ਰਿਹਾ ਸੀ, ਜਿਨ੍ਹਾਂ ਦੇ ਮੁਤਾਬਕ ਤਲਵੰਡੀ ਸਾਬੋ ਦਾ ਸਟੇਡੀਅਮ 95% ਕੰਮ ਹੋ ਚੁੱਕਾ ਹੈ ਜਦ ਕਿ ਰਾਮਾ ਮੰਡੀ ਸਟੇਡੀਅਮ ਦਾ 45% ਕੰਮ ਅਜੇ ਬਾਕੀ ਰਹਿੰਦਾ ਹੈ। ਹੁਣ ਸਟੇਡੀਅਮ ਦਾ ਕੰਮ ਵਿਚਾਲੇ ਬੰਦ ਹੋਣ ਕਾਰਨ ਇਲਾਕੇ ਦੇ ਖਿਡਾਰੀ ਤੇ ਖੇਡ ਪ੍ਰੇਮੀ ਨਾਰਾਜ਼ ਦਿਖਾਈ ਦੇ ਰਹੇ ਹਨ। ਖਿਡਾਰੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਕਾਂਗਰਸ ਸਰਕਾਰ ਨਸ਼ਾ ਖਤਮ ਕਰਨ ਤੇ ਨੌਜਵਾਨ ਪੀੜ੍ਹੀ ਦੀ ਚੰਗੇ ਭਵਿੱਖ ਦੀਆਂ ਗੱਲਾਂ ਕਰ ਰਹੀ ਹੈ ਤੇ ਦੂਜੇ ਪਾਸੇ ਖਿਡਾਰੀਆਂ ਲਈ ਬਣਾਏ ਜਾ ਰਹੇ ਗਰਾਊਂਡ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ, ਉਨ੍ਹਾਂ ਨੇ ਸਰਕਾਰ ਤੋਂ ਕੰਮ ਜਲਦੀ ਪੂਰਾ ਕਰਵਾਉਣ ਦੀ ਮੰਗ ਕੀਤੀ ਹੈ।
ਉਧਰ ਦੂਜੇ ਪਾਸੇ ਜਦ ਇਸ ਮਾਮਲੇ ਸੰਬੰਧੀ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਨੇ ਕਿਹਾ ਕਿ ਫੰਡ ਦੀ ਘਾਟ ਕਾਰਨ ਕੰਮ ਬੰਦ ਕੀਤਾ ਜਾ ਚੁੱਕਾ ਹੈ, ਜਦ ਫੰਡ ਆ ਜਾਵੇਗਾ ਤਾਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਜਦ ਕਿ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ, ਜਿਸ ਦੇ ਤਹਿਤ ਸਟੇਡੀਅਮਾਂ ਦਾ ਕੰਮ ਰੁਕਵਾ ਦਿੱਤਾ ਗਿਆ ਹੈ , ਉਨ੍ਹਾਂ ਕਾਂਗਰਸ ਸਰਕਾਰ ਦੀ ਇਸ ਕਾਰਵਾਈ ਨੂੰ ਗਲਤ ਦੱਸਦੇ ਹੋਏ। ਇਸ ਕੰਮ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਹੈ।