ਪੰਜਾਬ ''ਚ ਅਕਾਲੀਆਂ ਦੀ ਭਰਤੀ ਸ਼ਿਖਰਾਂ ''ਤੇ

07/20/2019 6:20:20 PM

ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ ਵਿਚ ਅੱਜ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਭਰਤੀ ਕਰਨ ਵਿਚ ਮਸ਼ਰੂਫ ਦਿਖਾਈ ਦੇ ਰਹੇ ਹਨ। ਲਗਭਗ ਸਾਰੇ ਅਕਾਲੀ ਆਗੂ ਕੌਂਸਲਰ ਪੱਧਰ ਦੇ ਨੇਤਾ, ਹੋਰ ਲੀਡਰਾਂ ਕੋਲ ਭਰਤੀ ਦੀਆਂ ਕਾਪੀਆਂ ਪੁੱਜ ਚੁੱਕੀਆਂ ਹਨ। ਇਕ ਕਾਪੀ ਵਿਚ 100 ਦੇ ਲਗਭਗ ਮੈਂਬਰ ਭਰਤੀ ਹਨ ਅਤੇ ਇਕ ਮੈਂਬਰ ਦੀ ਫੀਸ 10 ਰੁਪਏ ਰੱਖੀ ਗਈ ਹੈ, ਭਾਵ ਇਕ ਕਾਪੀ 1000 ਰੁਪਏ ਦੀ ਅਕਾਲੀ ਆਗੂ ਨੂੰ ਪਵੇਗੀ ਅਤੇ ਉਸ ਤੋਂ ਬਾਅਦ ਉਹ ਇਹ ਰਕਮ ਇਕੱਠੀ ਕਰਕੇ ਜਾਂ ਆਪਣੀ ਜੇਬ ਵਿਚੋਂ ਪਾਰਟੀ ਦਫਤਰ ਵਿਚ ਜਮ੍ਹਾ ਕਰਵਾਵੇਗਾ। ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਖਤ ਹਦਾਇਤ ਕੀਤੀ ਹੈ ਕਿ ਇਸ ਵਾਰ ਨਕਲੀ ਭਰਤੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਿਹੜੀ ਭਰਤੀ ਕੀਤੀ ਜਾਵੇਗੀ, ਉਸ ਭਰਤੀ 'ਤੇ ਉਸ ਮੈਂਬਰ ਦਾ ਮੋਬਾਇਲ ਨੰਬਰ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਉਸ ਨਾਲ ਗੱਲ ਕੀਤੀ ਜਾ ਸਕੇ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਭਰਤੀ ਕਰਨ ਵਾਲੇ ਅਕਾਲੀ ਆਗੂਆਂ ਨੂੰ ਦਿੱਕਤ ਆ ਰਹੀ ਹੈ ਕਿਉਂਕਿ ਮੋਬਾਇਲ ਨੰਬਰ ਦਾ ਲਾਜ਼ਮੀ ਹੋਣਾ ਇਹ ਪੱਕੇ ਅਕਾਲੀ ਦੀ ਭਰਤੀ ਦਾ ਸਬੂਤ ਹੋਵੇਗਾ। ਜਦੋਂਕਿ ਇਸ ਤੋਂ ਪਹਿਲਾਂ ਹੁੰਦੀਆਂ ਭਰਤੀਆਂ ਵਿਚ ਇੰਝ ਨਹੀਂ ਹੁੰਦਾ ਸੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਸ ਵਾਰ ਭਰਤੀ ਪਾਰਦਰਸ਼ੀ ਢੰਗ ਨਾਲ ਹੋਵੇਗੀ ਤੇ ਉਸ ਤੋਂ ਬਾਅਦ ਭਰਤੀ ਦੇਖ ਕੇ ਆਗੂ ਨੂੰ ਉਸ ਦੀ ਭਰਤੀ ਮੁਤਾਬਕ ਸਰਕਲ, ਜ਼ਿਲੇ ਜਾਂ ਪੰਜਾਬ ਦਾ ਡੈਲੀਗੇਟ ਬਣਾਇਆ ਜਾਵੇਗਾ ਅਤੇ ਫਿਰ ਸਰਕਲ ਡੈਲੀਗੇਟ ਜ਼ਿਲਾ ਪ੍ਰਧਾਨ ਚੁਣਨਗੇ, ਜ਼ਿਲੇ ਦੇ ਡੈਲੀਗੇਟ ਅੱਗੋਂ ਪੰਜਾਬ ਪ੍ਰਧਾਨ ਚੁਣਨਗੇ। ਇਸ ਤਰੀਕੇ ਨਾਲ ਜੋ ਹਾਲਾਤ ਨਜ਼ਰ ਆ ਰਹੇ ਹਨ, ਸੁਖਬੀਰ ਬਾਦਲ ਦਾ ਇਸ ਵਾਰ ਪ੍ਰਧਾਨ ਬਣਨਾ ਲਗਭਗ ਤੈਅ ਹੈ ਕਿਉਂਕਿ ਉਸ ਦੇ ਖਿਲਾਫ ਕੋਈ ਕਾਗਜ਼ ਹੀ ਨਹੀਂ ਭਰੇ ਗਏ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਟਕਸਾਲੀ ਅਕਾਲੀ ਆਗੂ ਸੁਖਬੀਰ ਤੋਂ ਅਸਤੀਫੇ ਅਤੇ ਆਪਣੇ ਕਿਸੇ ਨੇੜਲੇ ਭਰੋਸੇਯੋਗ ਆਗੂ ਨੂੰ ਪ੍ਰਧਾਨਗੀ ਦੇਣ ਦੀ ਦੁਹਾਈ ਪਾ ਕੇ ਦੇਖ ਚੁੱਕੇ ਹਨ ਪਰ ਸੁਖਬੀਰ ਪ੍ਰਧਾਨਗੀ ਤੋਂ ਲਾਂਭੇ ਨਹੀਂ ਹੋਏ ਜਦੋਂਕਿ ਆਖਰੀ ਟਕਸਾਲੀ ਹੀ ਲਾਂਭੇ ਹੋ ਗਏ ਸਨ।

Gurminder Singh

This news is Content Editor Gurminder Singh