ਲੁਧਿਆਣੇ ਦੇ ਅਕਾਲੀ ਤੋਪਾਂ ਬੀੜਨ ਦੀ ਤਿਆਰੀ ''ਚ!

04/22/2018 1:38:30 PM

ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ 'ਚ ਬੈਠੇ ਖਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ 10 ਸਾਲ ਰਾਜ ਕਰਨ ਤੋਂ ਬਾਅਦ ਅੱਜ ਕੱਲ ਡੂੰਘੀ ਸੋਚ 'ਚ ਪਏ ਦੇਖੇ ਜਾ ਰਹੇ ਹਨ ਕਿਉਂਕਿ ਇਕ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ 'ਚ ਲੁਧਿਆਣੇ ਦੇ 6 ਹਲਕਿਆਂ 'ਚੋਂ ਗੱਠਜੋੜ ਦਾ ਸੂਪੜਾ ਸਾਫ ਹੋ ਗਿਆ ਸੀ। ਇਥੇ ਹੀ ਬੱਸ ਨਹੀਂ 6 ਹਲਕਿਆਂ 'ਚ ਤਾਂ ਅਕਾਲੀ ਦਲ ਖਾਤਾ ਵੀ ਨਹੀਂ ਖੋਲ੍ਹ ਸਕਿਆ। 
ਹੁਣ ਪਿੱਛੇ ਜਿਹੇ ਨਗਰ ਨਿਗਮ ਚੋਣਾਂ 'ਚ ਵੀ ਅਕਾਲੀ ਦਲ ਕੇਵਲ 48 'ਚੋਂ 11 ਸੀਟਾਂ ਲੈ ਸਕਿਆ, ਜਦੋਂ ਕਿ ਇਸਦੀਆਂ ਵੱਡੀਆਂ-ਵੱਡੀਆਂ ਤੋਪਾਂ ਚੋਣਾਂ ਹਾਰ ਗਈਆਂ। ਮਹਾਨਗਰ ਵਿਚ ਪਹਿਲਾਂ ਹੀ ਲੁਧਿਆਣੇ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਅਤੇ ਸਾਥੀ ਵਿਧਾਇਕਾਂ ਦੀ ਤੂਤੀ ਬੋਲਦੀ ਸੀ ਪਰ ਇਕ ਮਹੀਨਾ ਪਹਿਲਾਂ ਨਗਰ ਨਿਗਮ 'ਚ ਬਲਕਾਰ ਸਿੰਘ ਸੰਧੂ ਮੇਅਰ ਬਣਨ 'ਤੇ ਕਾਂਗਰਸੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਹੁਣ ਮਹਾਨਗਰ ਵਿਚ ਤੇਜ਼ ਤਰਾਰ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਕੈਬਨਿਟ ਦੀ ਕੁਰਸੀ ਮਿਲਣ ਨਾਲ ਕਾਂਗਰਸ ਦੇ ਹੱਥ ਜੇਕਰ ਇਹ ਆਖ ਲਿਆ ਜਾਵੇ ਕਿ ਸਿਆਸੀ ਬਟੇਰਾ ਆ ਗਿਆ ਤਾਂ ਕੋਈ ਅਥਿਕਥਨੀ ਨਹੀਂ ਹੋਵੇਗੀ। ਇਹ ਸਭ ਕੁਝ ਦੇਖ ਕੇ ਹੁਣ ਲੁਧਿਆਣੇ 'ਚ ਬੈਠੇ ਅਕਾਲੀ ਨੇਤਾ ਡੂੰਘੀ ਸੋਚ ਵਿਚ ਦੱਸੇ ਜਾ ਰਹੇ ਹਨ ਕਿ ਕਾਂਗਰਸੀਆਂ ਦਾ ਮੁਕਾਬਲਾ ਕਰਨ ਲਈ ਕਿਹੜੀ ਤੋਪ ਨੂੰ ਬੀੜਿਆ ਜਾਵੇ, ਕਿਉਂਕਿ ਲੋਕ ਸਭਾ ਚੋਣਾਂ 'ਚ ਇਕ ਸਾਲ ਬਾਕੀ ਰਹਿਣ 'ਤੇ ਅਜੇ ਤੱਕ ਅਕਾਲੀ ਦਲ ਕੋਲ ਕੋਈ ਉਮੀਦਵਾਰ ਵੀ ਨਹੀਂ ਦਿਖਾਈ ਦੇ ਰਿਹਾ। ਲੁਧਿਆਣੇ 'ਚ ਅਕਾਲੀ ਦਲ ਦੇ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਆਉਣ ਵਾਲੇ ਦਿਨਾਂ 'ਚ ਦੇਖੋ ਕੀ ਫੈਸਲਾ ਲੈਂਦਾ ਹੈ। 
ਸੂਤਰਾਂ ਨੇ ਦੱਸਿਆ ਕਿ ਜ਼ਿਲਾ ਪ੍ਰਧਾਨ ਢਿੱਲੋਂ ਨੇ 150 ਤੋਂ ਵੱਧ ਅਕਾਲੀ ਆਗੂਆਂ ਨੂੰ ਅਹੁਦੇਦਾਰੀਆਂ ਦੇਣ ਦੀ ਲੰਮੀ ਲਿਸਟ ਸੁਖਬੀਰ ਸਿੰਘ ਬਾਦਲ ਕੋਲ ਭੇਜ ਦਿੱਤੀ ਹੈ ਤਾਂ ਜੋ ਮਹਾਨਗਰ ਵਿਚ ਘਰੀਂ ਡੂੰਘੀ ਸੋਚ 'ਚ ਬੈਠੇ ਅਕਾਲੀ ਨੇਤਾ ਬਾਹਰ ਨਿਕਲ ਕੇ ਪਾਰਟੀ ਲਈ ਦਮ ਖਮ ਦਿਖਾ ਸਕਣ।