ਵੱਡੀ ਖ਼ਬਰ : ਬੇਅਦਬੀ ਮਾਮਲੇ ’ਚ ਤਿੰਨ ਡੇਰਾ ਪ੍ਰੇਮੀਆਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

07/24/2021 6:25:04 PM

ਫਰੀਦਕੋਟ : ਫਰੀਦਕੋਟ ’ਚ ਸਾਲ 2015 ਵਿਚ ਵਾਪਰੀ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਵਿਚ ਲੱਗੀ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਦੀ ਇਕ ਅਰਜ਼ੀ ਨੂੰ ਸਵੀਕਾਰ ਕਰਦਿਆਂ ਇਲਾਕਾ ਮੈਜਿਸਟਰੇਟ ਮਿਸ ਤਰਜਨੀ ਨੇ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੇ ਡੇਰਾ ਸੱਚਾ ਸੌਦਾ ਵਿਚ ਮੀਟਿੰਗ ਦੌਰਾਨ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕਰਕੇ ਗੁਰੂ ਸਾਹਿਬ ਦੇ ਪੱਤਰੇ ਗਲੀਆਂ ਵਿਚ ਖਿਲਾਰਨ ਅਤੇ ਪਿੰਡ ਬਰਗਾੜੀ ਵਿਚ ਇਤਰਾਜ਼ਯੋਗ ਪੋਸਟਰ ਲਾਉਣ ਸਬੰਧੀ ਸਾਜ਼ਿਸ਼ ਘੜੀ ਸੀ। ਵਿਸ਼ੇਸ਼ ਜਾਂਚ ਟੀਮ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿਚ ਛਾਪੇ ਮਾਰ ਰਹੀ ਹੈ।

ਇਹ ਵੀ ਪੜ੍ਹੋ : ਸਿੱਧੂ ਦੇ ਤਾਜਪੋਸ਼ੀ ਸਮਾਗਮ ’ਚ ਜਾਖੜ ਨੇ ਭਰੇ ਮੰਚ ’ਤੇ ਆਖੀਆਂ ਵੱਡੀਆਂ ਗੱਲਾਂ, ਸੁੱਖੀ ਰੰਧਾਵਾ ’ਤੇ ਦਿੱਤਾ ਇਹ ਬਿਆਨ

ਡੇਰਾ ਕਮੇਟੀ ਦੇ ਇਹ ਕੌਮੀ ਮੈਂਬਰ ਪਹਿਲਾਂ ਹੀ ਦੋ ਮੁਕੱਦਮਿਆਂ ਵਿਚ ਭਗੌੜੇ ਐਲਾਨੇ ਜਾ ਚੁੱਕੇ ਹਨ। ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਹੈ ਕਿਉਂਕਿ ਤਿੰਨੇ ਡੇਰਾ ਕਮੇਟੀ ਮੈਂਬਰ ਗੁਰਮੀਤ ਰਾਮ ਰਹੀਮ ਦੇ ਸੰਪਰਕ ਵਿਚ ਸਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਸਾਜ਼ਿਸ਼ ਵਿਚ ਡੇਰਾ ਮੁਖੀ ਵੀ ਸ਼ਾਮਲ ਹੋ ਸਕਦਾ ਹੈ। ਉਧਰ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿਚ ਦੋ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੇ ਜ਼ਮਾਨਤ ਦੀ ਮੰਗ ਕੀਤੀ ਹੈ। ਅਦਾਲਤ ਨੇ ਇਸ ਸਬੰਧੀ ਵਿਸ਼ੇਸ਼ ਜਾਂਚ ਟੀਮ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 27 ਜੁਲਾਈ ਨੂੰ ਉਨ੍ਹਾਂ ਦੀ ਅਰਜ਼ੀ ’ਤੇ ਸੁਣਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੈਪਟਨ ਵਲੋਂ ਦਿੱਤੇ ਚਾਹ ਦੇ ਸੱਦੇ ’ਚ ਪਹੁੰਚੇ ਨਵਜੋਤ ਸਿੱਧੂ, ਲੰਮੇ ਸਮੇਂ ਬਾਅਦ ਇਕੱਠਿਆਂ ਨਜ਼ਰ ਆਏ

ਨੋਟ - ਕੀ ਬੇਅਦਬੀ ਮਾਮਲੇ ਵਿਚ ਚੱਲ ਰਹੀ ਜਾਂਚ ਹੁਣ ਸਹੀ ਦਿਸ਼ਾ ਵਿਚ ਹੋ ਰਹੀ ਹੈ?

Gurminder Singh

This news is Content Editor Gurminder Singh