ਹੁਣ ਸੇਵਾ ਕੇਂਦਰਾਂ ’ਚ ਵੀ ਮਿਲਣਗੀਆਂ ਸਾਂਝ ਕੇਂਦਰਾਂ ਦੀਆਂ 14 ਸੇਵਾਵਾਂ

10/06/2020 12:58:41 AM

ਹੁਸ਼ਿਆਰਪੁਰ : ਸਰਕਾਰ ਵੱਲੋਂ ਸਾਂਝ ਕੇਂਦਰਾਂ ਦੀਆਂ 5 ਮਹੱਤਵਪੂਰਨ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਅਟੈਚ ਕਰਨ ਤੋਂ ਬਾਅਦ ਹੁਣ 14 ਹੋਰ ਸੇਵਾਵਾਂ ਨੂੰ ਵੀ ਸੇਵਾ ਕੇਂਦਰਾਂ ਨਾਲ ਆਨਲਾਈਨ ਜੋੜ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਇਹ 14 ਸੇਵਾਵਾਂ 5 ਅਕਤੂਬਰ ਤੋਂ ਸੇਵਾ ਕੇਂਦਰਾਂ ਵਿਚ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਵਿਚ ਸ਼ਿਕਾਇਤ ਦੀ ਜਾਣਕਾਰੀ, ਸ਼ਿਕਾਇਤ ’ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ, ਐਫ. ਆਈ. ਆਰ ਜਾਂ ਡੀ. ਡੀ. ਆਰ ਦੀ ਕਾਪੀ, ਸੜਕ ਦੁਰਘਟਨਾ ਦੇ ਮਾਮਲਿਆਂ ਵਿਚ ਅਨਟਰੇਸਡ ਰਿਪੋਰਟ ਦੀ ਕਾਪੀ, ਵਾਹਨ ਚੋਰੀ ਦੇ ਮਾਮਲੇ ਵਿਚ ਅਨਟਰੇਸਡ ਰਿਪੋਰਟ ਦੀ ਕਾਪੀ, ਚੋਰੀ ਦੇ ਮਾਮਲਿਆਂ ਵਿਚ ਅਨਟਰੇਸਡ ਰਿਪੋਰਟ ਦੀ ਕਾਪੀ, ਲਾਊਡ ਸਪੀਕਰ ਦੀ ਐਨ. ਓ. ਸੀ, ਮੇਲਿਆਂ-ਪ੍ਰਦਰਸ਼ਨੀਆਂ-ਖੇਡ ਸਮਾਗਮਾਂ ਲਈ ਐਨ. ਓ. ਸੀ, ਵਾਹਨਾਂ ਲਈ ਐਨ. ਓ. ਸੀ, ਵੀਜ਼ੇ ਲਈ ਪੁਲਿਸ ਕਲੀਅਰੈਂਸ, ਕਰੈਕਟਰ ਵੈਰੀਫਿਕੇਸ਼ਨ, ਕਿਰਾਏਦਾਰ ਦੀ ਵੈਰੀਫਿਕੇਸ਼ਨ, ਕਰਮਚਾਰੀ ਦੀ ਵੈਰੀਫਿਕੇਸ਼ਨ ਅਤੇ ਘਰੇਲੂ ਸਹਾਇਕ ਜਾਂ ਨੌਕਰਦੀ  ਵੈਰੀਫਿਕੇਸ਼ਨ ਸੇਵਾਵਾਂ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿਚ ਇਹ ਸੁਵਿਧਾਵਾਂ ਮਿਲਣ ਨਾਲ ਲੋਕਾਂ ਨੂੰ ਐਫ. ਆਈ. ਆਰ. ਸਮੇਤ ਪੁਲਿਸ ਸਬੰਧੀ ਜਾਣਕਾਰੀ ਲਈ ਥਾਣਿਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿਚ ਕੰਮ ਜਿਥੇ ਬਹੁਤ ਜਲਦ ਹੋ ਜਾਵੇਗਾ, ਉਥੇ ਪੁਲਿਸ ਵੈਰੀਫਿਕੇਸ਼ਨ ਜਾਂ ਰਜਿਸਟ੍ਰੇਸ਼ਨ ਦੇ ਨਾਂਅ ’ਤੇ ਹੋਣ ਵਾਲੀ ਖੱਜਲ-ਖੁਆਰੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ।

Bharat Thapa

This news is Content Editor Bharat Thapa