ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਦਿੱਤਾ ਮੰਗ-ਪੱਤਰ

02/14/2018 12:25:37 AM

ਮੋਗਾ, (ਗਰੋਵਰ, ਗੋਪੀ)- ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਮੋਗਾ ਇਕਾਈ ਵੱਲੋਂ ਜ਼ਿਲਾ ਪ੍ਰ੍ਰਧਾਨ ਸਰਬਨ ਸਿੰਘ ਤੇ ਸਟੇਟ ਕਮੇਟੀ ਮੈਂਬਰ ਗੁਰਚਰਨ ਸਿੰਘ ਗਿੱਲ ਦੀ ਅਗਵਾਈ ਹੇਠ ਜ਼ਿਲਾ ਸਿੱਖਿਆ ਅਫਸਰ (ਸੈ. ਸੀ.) ਰਾਹੀਂ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ, ਸਿੱਖਿਆ ਸਕੱਤਰ (ਸਕੂਲ ਸਿੱਖਿਆ) ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਨਾਂ ਮੰਗ-ਪੱਤਰ ਭੇਜੇ ਗਏ। 
ਇਸ ਸਮੇਂ ਜ਼ਿਲਾ ਪ੍ਰਧਾਨ ਸਰਬਨ ਸਿੰਘ ਨੇ ਦੱਸਿਆ ਕਿ ਪਿਛਲੇ 9 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕੰਮ ਕਰਦੇ, ਰਾਜ ਦੇ 14,000 ਐੱਸ. ਐੱਸ. ਏ/ਰਮਸਾ ਅਧਿਆਪਕਾਂ ਨੂੰ ਸਰਕਾਰ ਵੱਲੋਂ ਰੈਗੂਲਰ ਨਾ ਕੀਤੇ ਜਾਣ ਤੋਂ ਖਫਾ ਐੱਸ. ਐੱਸ. ਏ./ਰਮਸਾ ਅਧਿਆਪਕਾਂ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਲੜੇ ਗਏ ਮਿਸਾਲੀ ਘੋਲ ਸਦਕਾ ਅਕਾਲੀ-ਭਾਜਪਾ ਸਰਕਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਕਾਨੂੰਨ ਬਣਾਉਣਾ ਪਿਆ ਪਰ ਉਸ ਕਾਨੂੰਨ 'ਚ ਸਰਕਾਰ ਵੱਲੋਂ ਤਰੁੱਟੀਆਂ ਅਤੇ ਉਲਝਣਾ ਰੱਖੀਆਂ ਗਈਆਂ ਅਤੇ ਸਰਕਾਰ ਨੇ ਇਸ ਨੂੰ ਲਾਗੂ ਕਰਨ ਤੋਂ ਟਾਲਾ ਵੱਟੀ ਰੱਖਿਆ। 
ਪਿਛਲੇ 2 ਮਹੀਨਿਆਂ ਤੋਂ ਸਮੂਹ ਐੱਸ. ਐੱਸ. ਏ./ਰਮਸਾ ਅਧਿਆਪਕਾਂ/ਹੈੱਡਮਾਸਟਰਾਂ ਨੂੰ ਤਨਖਾਹ ਨਹੀਂ ਮਿਲੀ, ਜੋ ਕਾਂਗਰਸ ਸਰਕਾਰ ਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਪਿਛਲੇ ਲੰਮੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਸਮੂਹ ਅਧਿਆਪਕ ਆਰਥਿਕ ਅਤੇ ਮਾਨਸਿਕ ਤੰਗੀ ਦੇ ਸ਼ਿਕਾਰ ਹੋ ਰਹੇ ਹਨ ਤੇ ਉਨ੍ਹਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।  ਸਮੂਹ ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪਹਿਲ ਦੇ ਆਧਾਰ 'ਤੇ ਮੰਨੀਆਂ ਜਾਵੇ ਤੇ ਇਨ੍ਹਾਂ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਅਧਿਕਾਰੀਆਂ ਸਮੇਤ ਜਥੇਬੰਦੀ ਨਾਲ ਪੈਨਲ ਮੀਟਿੰਗ ਕੀਤੀ ਜਾਵੇ। ਇਸ ਸਮੇਂ ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ।