ਐੱਸ. ਡੀ. ਐੱਮ. ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ ਜਾਰੀ

02/17/2018 2:20:10 AM

ਮੁਕੇਰੀਆਂ, (ਨਾਗਲਾ)- ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਤੇ ਕਿਸਾਨ ਸਭਾ ਦੇ ਸਾਂਝੇ ਧਰਨੇ 'ਚ ਅੱਜ ਕਿਸਾਨ ਆਗੂ ਕਿਸ਼ਨ ਸਿੰਘ ਪਟਿਆਲ ਦੀ ਪ੍ਰਧਾਨਗੀ ਹੇਠ ਰਜਿੰਦਰ ਸਿੰਘ ਸਨਿਆਲ, ਰਘੁਵੀਰ ਸਿੰਘ ਪੰਡੋਰੀ, ਸੇਵਾ ਸਿੰਘ, ਰਾਮ ਲੁਭਾਇਆ, ਤੇਜਾ ਸਿੰਘ ਮਲਕੋਵਾਲ ਤੇ ਰੂਪ ਲਾਲ ਸਿੰਘ ਆਧਾਰਿਤ ਜਥਾ ਬੈਠਿਆ। ਧਰਨੇ 'ਚ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ।
ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਕਰਜ਼ ਮੁਆਫੀ ਦੇ ਵਾਅਦੇ ਨੂੰ ਭੁੱਲ ਕੇ ਕਿਸਾਨੀ ਮੰਗਾਂ ਪ੍ਰਤੀ ਲਾਪ੍ਰਵਾਹ ਹੋਈ ਪਈ ਹੈ। ਰੁਜ਼ਗਾਰ ਦੇ ਨਾਮ 'ਤੇ ਨੌਜਵਾਨਾਂ ਨੂੰ ਗੁਮਰਾਹ ਕੀਤਾ ਗਿਆ ਹੈ ਅਤੇ ਨੌਜਵਾਨ ਹਾਲੇ ਵੀ ਸਮਾਰਟ ਫੋਨਾਂ ਦੀ ਉਡੀਕ ਕਰ ਰਹੇ ਹਨ। ਮੰਡੀਆਂ 'ਚ ਜਾ ਕੇ ਕਰਜ਼ ਮੁਆਫੀ ਦੇ ਫਾਰਮ ਭਰਨ ਵਾਲੇ ਕਾਂਗਰਸੀ ਆਗੂ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰ ਰਹੇ ਹਨ ਅਤੇ ਪਿਛਲੀ ਸਰਕਾਰ ਵਾਂਗ ਨਾਜਾਇਜ਼ ਖਨਣ ਬੇਰੋਕ ਜਾਰੀ ਹੈ। ਨਾਜਾਇਜ਼ ਕਬਜ਼ਿਆਂ ਖਿਲਾਫ਼ ਠੋਸ ਕਾਰਵਾਈ ਦਾ ਦਾਅਵਾ ਕਰਨ ਵਾਲੇ ਸਰਕਾਰ ਦੇ ਮੰਤਰੀਆਂ ਦੀ ਨੱਕ ਹੇਠ ਨਗਰ ਕੌਂਸਲਾਂ ਦੀਆਂ ਜਾਇਦਾਦਾਂ ਤੇ ਪੰਚਾਇਤੀ ਰਕਬਿਆਂ 'ਤੇ ਰਸੂਖਦਾਰਾਂ ਦਾ ਕਬਜ਼ਾ ਬਰਕਰਾਰ ਹੈ। ਪ੍ਰਸਾਸ਼ਨ ਰਾਜਸੀ ਦਬਾਅ ਹੇਠ ਕੰਮ ਕਰ ਰਿਹਾ ਹੈ ਅਤੇ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਗੰਨਾ ਕਿਸਾਨਾਂ ਦੀ ਸੁੱਧ ਲੈਣ ਲਈ ਤਾਇਨਾਤ ਗੰਨਾ ਅਧਿਕਾਰੀ ਧਰਨਕਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਟਾਲਾ ਵੱਟ ਰਹੇ ਹਨ ਅਤੇ ਧਰਨੇ 'ਚ ਆਪਣਾ ਦੂਤ ਭੇਜ ਕੇ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਗਈ ਹੈ। ਜਦੋਂ ਕਿ ਧਰਨਕਾਰੀਆ ਵਲੋਂ ਦੱਸੀਆਂ ਮੰਗਾਂ ਨੂੰ ਹਾਲੇ ਤਕ ਪੂਰਾ ਨਹੀਂ ਕੀਤਾ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਐੱਸ. ਡੀ. ਐੱਮ. ਨੂੰ ਦਿੱਤੇ ਮੰਗ ਪੱਤਰ ਅਨੁਸਾਰ ਸਬਜ਼ੀ ਮੰਡੀ ਦੇ ਪਖਾਨੇ ਢਾਹੁਣ ਵਾਲਿਆਂ ਖਿਲਾਫ਼ ਕਾਰਵਾਈ ਕਰਕੇ ਨਵੇਂ ਪਖਾਨੇ ਬਣਾਏ ਜਾਣ, ਗੰਨਾ ਕਿਸਾਨਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ, ਕਿਸਾਨੀ ਕਰਜ਼ਾ ਮੁਆਫੀ ਦਾ ਅਮਲ ਤੇਜ ਕੀਤਾ ਜਾਵੇ ਅਤੇ ਮਜ਼ਦੂਰਾਂ ਨੂੰ ਘਰ ਬਣਾਉਣ ਲਈ ਪਲਾਟ ਤੇ ਉਸਾਰੀ ਲਈ ਗ੍ਰਾਂਟ ਦਿੱਤੀ ਜਾਵੇ। ਇਸ ਸਮੇਂ ਅਸ਼ੋਕ ਮਹਾਜਨ, ਵਿਜੇ ਸਿੰਘ ਪੋਤਾ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਤਜਿੰਦਰ ਸਿੰਘ, ਸਰਬਜੀਤ ਸਿੰਘ ਅਤੇ ਮਹਿੰਦਰ ਸਿੰਘ ਪਟਿਆਲ ਵੀ ਹਾਜ਼ਰ ਸਨ।