ਐੱਸ. ਬੀ. ਆਈ. ਬੈਂਕ ਦਾ ਸਟਰਾਂਗ ਰੂਮ ਤੋੜਨ ਦੀ ਅਸਫ਼ਲ ਕੋਸ਼ਿਸ਼

10/28/2017 5:34:46 AM

ਫਗਵਾੜਾ, (ਹਰਜੋਤ, ਜਲੋਟਾ)- ਬੀਤੀ ਰਾਤ ਹੁਸ਼ਿਆਰਪੁਰ ਰੋਡ 'ਤੇ ਸਥਿਤ ਐੱਸ. ਬੀ. ਆਈ. ਬੈਂਕ ਦੇ ਸਟਰਾਂਗ ਰੂਮ 'ਚ ਦਾਖ਼ਲ ਹੋ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੇ ਸਬੰਧ 'ਚ ਸਿਟੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 380, 457, 511 ਤਹਿਤ ਕੇਸ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਬੈਂਕ ਦੇ ਉੱਪਰ ਬਣੀ ਮੌਂਟੀ ਦੀ ਕੰਧ ਪਾੜ ਕੇ ਉਕਤ ਵਿਅਕਤੀ ਸਟਰਾਂਗ ਰੂਮ 'ਚ ਜਾ ਵੜਿਆ ਅਤੇ ਉਸ ਨੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋਣ ਕਰ ਕੇ ਉਹ ਬਾਹਰ ਆ ਗਿਆ। ਅੱਜ ਸਵੇਰੇ ਜਦੋਂ ਬੈਂਕ ਮੈਨੇਜਰ ਮੋਹਣ ਮਹਿਤਾ ਨੇ ਬੈਂਕ ਆ ਦੇਖਿਆ ਕਿ ਕੰਧ ਪਾੜੀ ਹੋਈ ਸੀ। ਉਨ੍ਹਾਂ ਪੁਲਸ ਨੂੰ ਇਸ ਸਬੰਧੀ ਸੂਚਿਤ ਕੀਤਾ। ਐੱਸ. ਪੀ. ਪਰਮਿੰਦਰ ਸਿੰਘ ਅਤੇ ਏ. ਐੱਸ. ਪੀ. ਨੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ।
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਦੇ ਕੈਮਰਿਆਂ ਦੀ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਉਕਤ ਵਿਅਕਤੀ ਇਕੱਲਾ ਹੀ ਸੀ ਅਤੇ ਉਸ ਨੇ ਮੂੰਹ ਬੰਨ੍ਹਿਆ ਹੋਇਆ ਹੈ। ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।