ਰੁਪਿੰਦਰਜੀਤ ਤੇ ਮਨਪ੍ਰੀਤ ਦੇ ਸਕੂਲ ਬੈਗ ਖੇਤ ''ਚੋਂ ਬਰਾਮਦ

07/24/2017 12:51:47 AM

ਬਲਾਚੌਰ, (ਬੈਂਸ, ਬ੍ਰਹਮਪੁਰੀ)- ਸੈਂਟੀਨਲ ਪਬਲਿਕ ਸਕੂਲ ਦੀਆਂ ਨੌਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ, ਜਿਨ੍ਹਾਂ 'ਚੋਂ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਪਿੰਡ ਮਹਿਤਪੁਰ ਨੇੜਿਓਂ ਬਿਸਤ ਦੋਆਬ ਨਹਿਰ 'ਚੋਂ ਬਰਾਮਦ ਹੋ ਗਈ ਸੀ ਤੇ ਰੁਪਿੰਦਰਜੀਤ ਕੌਰ ਉਰਫ ਰੂਪੀ ਦਾ ਤਿੰਨ ਦਿਨ ਬੀਤਣ ਤੋਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਗਾ ਸੀ, ਦੇ ਸਕੂਲੀ ਬੈਗ ਅੱਜ ਕੰਗਣਾ ਪੁਲ ਤੋਂ ਪਾਰ ਖੇਤਾਂ 'ਚੋਂ ਮੋਟਰ ਨੇੜੇ ਪਏ ਪੁਲਸ ਨੇ ਬਰਾਮਦ ਕੀਤੇ ਹਨ। ਪੁਲਸ ਨੇ ਬੈਗਜ਼ ਦੀ ਜਾਂਚ ਲਈ ਮੋਬਾਇਲ ਫੋਰੈਂਸਿਕ ਸਾਇੰਸਿੰਗ ਯੂਨਿਟ ਰੋਪੜ ਦੀ ਟੀਮ ਮੌਕੇ 'ਤੇ ਪੁੱਜੀ ਹੋਈ ਸੀ। ਖਬਰ ਲਿਖੇ ਜਾਣ ਤਕ ਪੁਲਸ ਕਿਸੇ ਵੀ ਸਿੱਟੇ 'ਤੇ ਨਹੀਂ ਪੁੱਜੀ ਸੀ।
ਮ੍ਰਿਤਕਾ ਮਨੂੰ ਦੇ ਬੂਟ-ਜੁਰਾਬਾਂ ਪੈਰਾਂ 'ਚੋਂ ਗਾਇਬ- ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ (ਸਮਾਂ 2 ਵਜੇ ਕੇ 4 ਮਿੰਟ 39 ਸੈਕੰਡ) ਅਨੁਸਾਰ ਦੋਵੇਂ ਵਿਦਿਆਰਥਣਾਂ ਸਕੂਲ ਦੀ ਪੂਰੀ ਵਰਦੀ ਪਹਿਨੀ ਦਿਖਾਈ ਦੇ ਰਹੀਆਂ ਹਨ ਪਰ ਜਦੋਂ ਅਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਨੂੰ ਨਹਿਰ 'ਚੋਂ ਬਾਹਰ ਕੱਢਿਆ ਸੀ ਤਾਂ ਉਸ ਦੇ ਪੈਰਾਂ 'ਚੋਂ ਬੂਟ-ਜੁਰਾਬਾਂ ਗਾਇਬ ਸਨ।
ਰਾਤ ਨੂੰ ਕਿਸੇ ਨੂੰ ਨਹੀਂ ਦਿਖਾਈ ਨਹੀਂ ਦਿੱਤੇ ਸਨ ਬੈਗ- ਲੋਕਾਂ ਦਾ ਕਹਿਣਾ ਹੈ ਕਿ ਜਿਸ ਮੋਟਰ 'ਤੇ ਸਕੂਲ ਬੈਗ ਮਿਲੇ, ਉਥੇ ਕਿਸੇ ਨਾ ਕਿਸੇ ਬਹਾਨੇ ਵਿਅਕਤੀ ਆਉਂਦੇ ਰਹਿੰਦੇ ਹਨ। ਕੱਲ ਪੂਰਾ ਦਿਨ ਕਿਸੇ ਵੀ ਵਿਅਕਤੀ ਨੂੰ ਇਥੇ ਬੈਗ ਦਿਖਾਈ ਨਹੀਂ ਦਿੱਤੇ ਪਰ ਅੱਜ ਤੜਕਸਾਰ ਦੋ ਬੈਗ ਮੋਟਰ ਨੇੜੇ ਖੇਤਾਂ 'ਚ ਕਿੱਥੋਂ ਆਏ, ਕਿਸੇ ਨੂੰ ਕੁਝ ਪਤਾ ਨਹੀਂ। ਲੋਕਾਂ ਨੇ ਸ਼ੰਕਾ ਪ੍ਰਗਟਾਈ ਕਿ ਸ਼ਾਇਦ ਪੁਲਸ ਨੂੰ ਗੁੰਮਰਾਹ ਕਰਨ ਲਈ ਸ਼ਾਤਿਰ ਵਿਅਕਤੀਆਂ ਨੂੰ ਬੈਗ ਰਾਤ ਦੇ ਹਨੇਰੇ 'ਚ ਇਥੇ ਰੱਖੇ ਹਨ। ਪੁਲਸ ਪੂਰੀ ਮੁਸਤੈਦੀ ਨਾਲ ਇਸ ਸਬੰਧੀ ਜਾਂਚ ਕਰ ਰਹੀ ਹੈ। ਇਸ ਬਾਰੇ ਡੀ. ਐੱਸ. ਪੀ. ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਹਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਮੀਦ ਹੈ ਕਿ ਮਾਮਲੇ ਦਾ ਹੱਲ ਜਲਦੀ ਕਰ ਲਿਆ ਜਾਵੇਗਾ।